Ludhiana News: ਲੁਧਿਆਣਾ ਦੇ ਮਾਹੌਰ ਸਿੰਘ ਨਗਰ 'ਚ ਦੁਪਹਿਰ ਦੇ ਵੇਲੇ ਇਕ ਥਾਰ ਚਾਲਕ ਵੱਲੋਂ ਗੁੱਸੇ 'ਚ ਆ ਕੇ ਲੋਕਾਂ ਨੂੰ ਗੱਡੀ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਗਈ। ਘਟਨਾ 'ਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਜਿਸ ਦੀ ਪਛਾਣ ਜਸਵਿੰਦਰ ਸਿੰਘ (ਉਮਰ 48) ਵਜੋਂ ਹੋਈ ਹੈ, ਜੋ ਕਿ ਸੈਕਟਰ-39 ਦੇ ਰਹਿਣ ਵਾਲੇ ਹਨ ਅਤੇ ਪ੍ਰੌਪਰਟੀ ਡੀਲਰ ਹਨ। ਉਨ੍ਹਾਂ ਦਾ ਦਫ਼ਤਰ ਮਾਹੌਰ ਸਿੰਘ ਨਗਰ ਦੀ ਗਲੀ ਨੰਬਰ 8 'ਚ ਸਥਿਤ ਹੈ।
ਜਸਵਿੰਦਰ ਸਿੰਘ ਨੇ ਦੱਸਿਆ ਕਿ ਐਤਵਾਰ ਦੁਪਹਿਰ ਉਹ ਆਪਣੇ ਦਫ਼ਤਰ ਦੇ ਬਾਹਰ ਖੜੇ ਸਨ, ਜਦੋਂ ਇੱਕ ਥਾਰ ਗੱਡੀ ਬੇਹੱਦ ਤੇਜ਼ ਰਫ਼ਤਾਰ ਨਾਲ ਉਥੋਂ ਗੁਜ਼ਰੀ। ਥੋੜ੍ਹੀ ਦੇਰ ਬਾਅਦ ਜਦੋਂ ਓਹੀ ਥਾਰ ਵਾਪਸ ਆਈ ਤਾਂ ਉਨ੍ਹਾਂ ਨੇ ਚਾਲਕ ਨੂੰ ਹਾਥ ਦੇ ਇਸ਼ਾਰੇ ਨਾਲ ਰੁਕਣ ਨੂੰ ਕਿਹਾ ਅਤੇ ਰਫ਼ਤਾਰ ਘੱਟ ਰੱਖਣ ਦੀ ਸਲਾਹ ਦਿੱਤੀ।
ਇਹ ਗੱਲ ਥਾਰ ਚਾਲਕ ਨੂੰ ਚੰਗੀ ਨਾ ਲਗੀ ਅਤੇ ਉਹ ਉਥੋਂ ਚਲਾ ਗਿਆ। ਪਰ ਲਗਭਗ 15 ਮਿੰਟ ਬਾਅਦ ਉਹ ਆਪਣੇ ਕੁਝ ਸਾਥੀਆਂ ਸਮੇਤ ਵਾਪਸ ਆ ਗਿਆ ਅਤੇ ਹਥਿਆਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਜਸਵਿੰਦਰ ਸਿੰਘ ਨੂੰ ਆਪਣੀ ਜਾਨ ਬਚਾਉਣ ਲਈ ਦਫ਼ਤਰ ਦੇ ਅੰਦਰ ਲੁਕਾ ਪਿਆ। ਕੁਝ ਸਮੇਂ ਬਾਅਦ ਥਾਰ ਚਾਲਕ ਮੁੜ ਆਇਆ ਅਤੇ ਗੱਡੀ ਚੜਾ ਕੇ ਜਸਵਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਖੁਸ਼ਨੀਤ ਸਿੰਘ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ।
ਇਸ ਹਮਲੇ ਦੌਰਾਨ ਜਸਵਿੰਦਰ ਸਿੰਘ ਜਖ਼ਮੀ ਹੋ ਗਏ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਦੀ ਕੋਸ਼ਿਸ਼ ਜਾਰੀ ਹੈ।