Faridkot News: ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ "ਯੁੱਧ ਨਸ਼ਿਆਂ ਵਿਰੁੱਧ ਮੁਹਿੰਮ" ਨੂੰ ਲੈ ਕੇ ਲਗਾਤਾਰ ਤਲਾਸ਼ੀ ਲਈ ਜਾ ਰਹੀ ਹੈ। ਇਸ ਤਹਿਤ ਫਰੀਦਕੋਟ ਪੁਲਿਸ ਵੱਲੋਂ ਅੱਜ ਬੱਸ ਅੱਡੇ 'ਤੇ ਸਰਚ ਆਪ੍ਰੇਸ਼ਨ ਚਲਾਇਆ ਗਿਆ। ਡੀਐਸਪੀ ਤਰਲੋਚਨ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਡਾਗ ਸੁਕਾਇਡ ਦੀ ਮਦਦ ਨਾਲ ਬੱਸ ਅੱਡੇ ਦੇ ਚੱਪੇ-ਚੱਪੇ ਦੀ ਤਲਾਸ਼ੀ ਲਈ ਨਾਲ ਹੀ ਆਉਣ-ਜਾਣ ਵਾਲੀਆਂ ਸਵਾਰੀਆਂ ਦੇ ਸਮਾਨ ਦੀ ਵੀ ਚੈਕਿੰਗ ਕੀਤੀ ਗਈ। ਪੁਲਿਸ ਨੇ ਬੱਸਾਂ ਵਿੱਚ ਜਾ ਕੇ ਹਰੇਕ ਸਵਾਰੀ ਦੇ ਬੈਗ ,ਪਰਸ ਚੈੱਕ ਕੀਤੇ। ਮਹਿਲਾ ਪੁਲਿਸ ਦੀ ਟੀਮ ਵੀ ਨਾਲ ਮੌਜੂਦ ਸੀ ਤਾਂ ਕਿ ਆਮ ਮਹਿਲਾਵਾਂ ਨੂੰ ਚੈਕਿੰਗ ਦੌਰਾਨ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੁਹਿੰਮ ਦੌਰਾਨ ਸਿਰਫ ਸਵਾਰੀਆਂ ਹੀ ਨਹੀਂ, ਸਗੋਂ ਬੱਸ ਅੱਡੇ ਦੀ ਪਾਰਕਿੰਗ ਵਿੱਚ ਖੜ੍ਹੇ ਵਹੀਕਲਾਂ ਦੀ ਵੀ ਪੂਰੀ ਜਾਂਚ ਕੀਤੀ ਗਈ।
ਡੀਐਸਪੀ ਤਰਲੋਚਨ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਕਸਰ ਪਬਲਿਕ ਟਰਾਂਸਪੋਰਟ ਹੀ ਨਸ਼ਾ ਤਸਕਰਾਂ ਦਾ ਆਉਣ ਜਾਣ ਦਾ ਜ਼ਰੀਆ ਬਣਦਾ ਹੈ ਤੇ ਇਸਦੀ ਵਰਤੋਂ ਕਰਕੇ ਨਸ਼ਾ ਤਸਕਰ ਨਸ਼ੀਲਾ ਸਮਾਨ ਲਿਜਾਉਣ ਦੀ ਕੋਸ਼ਿਸ਼ ਕਰਦੇ ਹਨ, ਜਿਸਨੂੰ ਧਿਆਨ ਵਿੱਚ ਰੱਖਦਿਆਂ ਅੱਜ ਇਹ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ ਹੈ ਅਤੇ ਇਸ ਤਹਿਤ ਅੱਜ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਸ਼ੱਕੀ ਅਨਸਰਾਂ 'ਤੇ ਕੜੀ ਨਜ਼ਰ ਰੱਖੀ ਜਾ ਸਕੇ ਅਤੇ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਜਾ ਰਹੀ "ਯੁੱਧ ਨਸ਼ਿਆਂ ਵਿਰੁੱਧ ਮੁਹਿੰਮ" ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਤੇ ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਅਤੇ ਨਸ਼ੀਲੇ ਸਮਾਨ ਦੀ ਬਰਾਮਦਗੀ ਕੀਤੀ ਜਾ ਰਹੀ ਹੈ। ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਡੀਐਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕੋਈ ਸ਼ੱਕੀ ਵਿਅਕਤੀ ਆਪਣੇ ਆਸ-ਪਾਸ ਦਿੱਖਦਾ ਹੈ ਜਾਂ ਫਿਰ ਨਸ਼ਿਆਂ ਸੰਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਸਾਡੇ ਵੱਲੋਂ ਜਾਰੀ ਹੈਲਪਲਾਈਨ ਨੰਬਰਾਂ 'ਤੇ ਸੰਪਰਕ ਕਰ ਸਕਦੇ ਹਨ। ਪੁਲਿਸ ਵੱਲੋਂ 5 ਮਿੰਟ ਦੇ ਅੰਦਰ ਰਿਸਪੌਂਸ ਦਿੱਤਾ ਜਾਵੇਗਾ ਅਤੇ ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।