Faridkot News: ਬੀਤੇ ਕੱਲ੍ਹ ਫ਼ਰੀਦਕੋਟ ਪੁਲਿਸ ਵੱਲੋਂ ਐਨਕਾਊਂਟਰ ਤੋਂ ਬਾਅਦ ਖ਼ਤਰਨਾਕ ਗੈਂਗਸਟਰ ਸਿੰਮਾ ਬਹਿਬਲ ਦੇ ਦੋ ਗੁਰਗਿਆਂ ਨੂੰ ਕਾਬੂ ਕੀਤਾ ਗਿਆ ਸੀ, ਜਿਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਫਰੀਦਕੋਟ ਪੁਲਿਸ ਵੱਲੋਂ ਫਟਾੲਟ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ।
ਗੌਰਤਲਬ ਹੈ ਕਿ ਥਾਣਾ ਬਾਜਾਖਾਨਾ ਵਿੱਚ ਪੰਚਾਇਤੀ ਚੋਣਾਂ ਦੌਰਾਨ ਸਤੰਬਰ ਮਹੀਨੇ ਇੱਕ ਮਾਮਲਾ ਦਰਜ ਹੋਇਆ ਸੀ। ਇਸ ਤਹਿਤ ਖਤਰਨਾਕ ਗੈਂਗਸਟਰ ਸਿੰਮਾ ਬਹਿਬਲ ਅਤੇ ਉਸਦੇ ਸਾਥੀਆਂ ਵੱਲੋਂ ਪੁਲਿਸ ਪਾਰਟੀ ਉਤੇ ਹਮਲਾ ਕਰ ਸਾਰੇ ਮੁਲਜ਼ਮ ਫ਼ਰਾਰ ਹੋ ਗਏ ਸਨ ਜਿਨ੍ਹਾਂ ਵਿਚੋਂ ਤਿੰਨ ਮੁਲਜ਼ਮ ਘਟਨਾ ਤੋਂ ਕੁੱਝ ਦਿਨਾਂ ਬਾਅਦ ਹੀ ਗ੍ਰਿਫ਼ਤਾਰ ਕਰ ਲਏ ਗਏ ਸਨ ਪਰ ਬਾਕੀ ਅਜੇ ਵੀ ਫ਼ਰਾਰ ਚੱਲ ਰਹੇ ਸਨ ਪਰ ਬੀਤੇ ਕਰੀਬ ਇੱਕ ਹਫਤੇ ਪਹਿਲਾ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਸ ਤੋਂ ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਤਹਿਤ ਦੋ ਮੁਲਜ਼ਮ ਜਿਨ੍ਹਾਂ ਦੀ ਤਲਾਸ਼ ਪੁਲਿਸ ਨੂੰ ਸੀ ਜੋ ਆਸਪਾਸ ਦੇ ਇਲਾਕੇ ਵਿੱਚ ਸਰਗਰਮ ਸਨ। ਉਨ੍ਹਾਂ ਨਾਲ ਹੋਏ ਮੁਕਾਬਲੇ ਤੋਂ ਬਾਅਦ 2 ਮੁਲਜ਼ਮ ਪੁਲਿਸ ਦੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਨੂੰ ਵੀ ਗਿਰਫ਼ਤਾਰ ਕਰ ਲਿਆ ਗਿਆ। ਹੁਣ ਪੁਲਿਸ ਵੱਲੋਂ ਅੱਗੇ ਕਾਰਵਾਈ ਕਰਦੇ ਹੋਏ ਦੋ ਹੋਰ ਮੁਲਜ਼ਮ ਲਵਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਵੀ ਪੁਲਿਸ ਨੇ ਇੱਕ ਨਾਜਾਇਜ਼ ਅਸਲੇ ਨਾਲ ਕਾਬੂ ਕੀਤਾ ਹੈ।
ਹਾਲਾਂਕਿ ਇਨ੍ਹਾਂ ਦੋਹਾਂ ਦੀ ਗ੍ਰਿਫਤਾਰੀ ਨੂੰ ਲੈਕੇ ਵਿਵਾਦ ਵੀ ਬਣਿਆ ਸੀ ਜਿੱਥੇ ਲਵਪ੍ਰੀਤ ਉਰਫ ਲਵਲਾ ਦੀ ਲੜਕੀ ਦੋਸਤ ਵੱਲੋਂ ਇਨ੍ਹਾਂ ਨੂੰ 2 ਜਨਵਰੀ ਨੂੰ ਹੀ ਹਲਕਾ ਜ਼ੀਰਾ ਦੇ ਇੱਕ ਰੈਸਟੋਰੈਂਟ ਤੋਂ ਪੁਲਿਸ ਵੱਲੋਂ ਚੁੱਕੇ ਜਾਣ ਦੇ ਦੋਸ਼ ਲਗਾਏ ਸਨ ਪਰ ਐਸਐਸਪੀ ਫਰੀਦਕੋਟ ਵੱਲੋਂ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਗਿਆ ਹੈ ਅਤੇ ਇਸਨੂੰ ਝੂਠੇ ਦੋਸ਼ ਦੱਸਿਆ ਗਿਆ ਹੈ।
ਐਸਐਸਪੀ ਡਾ. ਪ੍ਰਗਿਆ ਜੈਨ ਮੁਤਾਬਿਕ ਹੁਣ ਤੱਕ ਇਸ ਮਾਮਲੇ ਵਿੱਚ ਅੱਠ ਮੁਲਜ਼ਮ ਕਾਬੂ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਕੋਲੋਂ ਚਾਰ ਪਿਸਤੌਲ, ਇੱਕ ਤਲਵਾਰ, ਇੱਕ ਰਾਈਫਲ ਅਤੇ 64 ਜਿੰਦਾ ਕਾਰਤੂਸ ਤੋਂ ਇਲਾਵਾ ਤਿੰਨ ਗੱਡੀਆਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਪਰ ਮੁੱਖ ਮੁਲਜ਼ਮ ਸਿੰਮਾ ਬਹਿਬਲ ਅਤੇ ਉਸਦੇ ਪਿਤਾ ਅਜੇ ਵੀ ਫ਼ਰਾਰ ਚੱਲ ਰਹੇ ਹਨ ਜਿਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਦਾਅਵਾ ਐਸਐਸਪੀ ਵੱਲੋਂ ਕੀਤਾ ਗੀਆ ਹੈ।