Farmers Protest: ਸ਼ੰਭੂ ਬਾਰਡਰ ਉਤੇ ਪੁਲਿਸ ਥਾਣੇ ਦੇ ਘਿਰਾਓ ਦੇ ਐਲਾਨ ਮਗਰੋਂ ਚੱਪੇ-ਚੱਪੇ ਉਤੇ ਪੁਲਿਸ ਤਾਇਨਾਤ ਕੀਤੀ ਹੈ। ਦੂਜੇ ਪਾਸੇ ਪੰਜਾਬ ਭਰ ਵਿੱਚ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ ਤੇ ਕਿਸਾਨਾਂ ਦੀ ਫੜ੍ਹੋ-ਫੜੀ ਜਾ ਰਹੀ।
ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਅਤੇ ਕਿਸਾਨ-ਮਜ਼ਦੂਰ ਮੋਰਚੇ ਵੱਲੋਂ ਪੰਜਾਬ ਦੇ ਸੰਭੂ ਅਤੇ ਖਨੌਰੀ ਬਾਰਡਰਾਂ ਉਤੇ ਮੁੜ ਧਰਨੇ ਦੇ ਐਲਾਨ ਨੂੰ ਵੇਖਦਿਆ ਸਰਕਾਰ ਇਨ੍ਹਾਂ ਬਾਰਡਰਾਂ ਉਤੇ ਫਿਰ ਤੋਂ ਪਹਿਲਾ ਵਾਲੀ ਸਥਿਤੀ ਨੂੰ ਬਣਨ ਤੋਂ ਰੋਕਣ ਲਈ ਸਖ਼ਤ ਵਿਖਾਈ ਦੇ ਰਹੀ ਹੈ। ਸਮਰਾਲਾ ਪੁਲਿਸ ਨੇ ਇਲਾਕੇ ਦੇ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ। ਹਿਰਾਸਤ ਵਿਚ ਲਏ ਕਿਸਾਨ ਆਗੂਆਂ ਵਿਚ ਬੀ.ਕੇ.ਯੂ. ਏਕਤਾ (ਸਿੱਧੂਪੁਰ) ਦੇ ਬਲਾਕ ਪ੍ਰਧਾਨ ਸਵਰਨਜੀਤ ਸਿੰਘ ਘੁਲਾਲ, ਕਿਸਾਨ ਆਗੂ ਜਸਵੰਤ ਸਿੰਘ ਗਿੱਲ ਅਤੇ ਬਲਵੀਰ ਸਿੰਘ ਖੀਰਨੀਆਂ ਸ਼ਾਮਲ ਹਨ।
ਕਿਸਾਨਾਂ ਵੱਲੋਂ ਸੂਬੇ ਦੇ ਇਹ ਦੋਵੇਂ ਬਾਰਡਰਾਂ ਦੇ ਘਿਰਾਓ ਲਈ ਕੂਚ ਕੀਤਾ ਜਾਂਦਾ, ਇਸ ਤੋਂ ਪਹਿਲਾ ਹੀ ਪੁਲਸ ਨੇ ਹਨੇਰੇ ਵਿੱਚ ਕਿਸਾਨ ਆਗੂਆਂ ਦੇ ਘਰਾਂ ਨੂੰ ਘੇਰਦੇ ਹੋਏ ਕੁਝ ਨੂੰ ਗ੍ਰਿਫਤਾਰ ਕਰ ਲਿਆ ਅਤੇ ਕਈਆਂ ਨੂੰ ਉਨ੍ਹਾਂ ਦੇ ਘਰਾਂ ਅੰਦਰ ਹੀ ਨਜ਼ਰਬੰਦ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਗ੍ਰਿਫਤਾਰ ਕੀਤੇ ਕਿਸਾਨ ਆਗੂ ਸਵਰਨਜੀਤ ਸਿੰਘ ਘਲਾਲ ਦੇ ਬੇਟੇ ਨੇ ਸੁਖਜੀਤ ਸਿੰਘ ਘੁਲਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਸ਼ੰਭੂ ਮੋਰਚੇ ਉੱਪਰ ਧਰਨਾ ਲਗਾ ਕੇ ਆਪਣੇ ਹੱਕਾਂ ਦੀ ਗੱਲ ਕਰਨ ਜਾ ਰਹੇ ਸੀ ਉਸ ਤੋਂ ਪਹਿਲਾਂ ਹੀ ਸਰਕਾਰ ਨੇ ਦੀ ਧੱਕੇਸ਼ਾਹੀ ਦੇਖਣ ਨੂੰ ਮਿਲੀ ਅਤੇ ਉਹਨਾਂ ਦੇ ਪਿਤਾ ਨੂੰ ਪੁਲਿਸ ਸਵੇਰੇ ਘਰ ਤੋਂ ਚੁੱਕ ਕੇ ਲੈ ਗਈ। ਉਨ੍ਹਾਂ ਨੇ ਕਿਹਾ ਸਮਰਾਲਾ ਪੁਲਿਸ ਵੱਲੋਂ ਜ਼ਿਲ੍ਹਾ ਪ੍ਰਧਾਨ ਸੁਪਿੰਦਰ ਸਿੰਘ ਬੱਗਾ ਸਮੇਤ ਕਈ ਹੋਰ ਆਗੂਆਂ ਨੂੰ ਘਰਾਂ ਵਿਚ ਹੀ ਨਜ਼ਰਬੰਦ ਕੀਤਾ ਗਿਆ ਹੈ। ਉਨ੍ਹਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਅੱਜ ਦੇ ਸਮੇਂ ਵਿੱਚ ਪੰਜਾਬ ਵਿੱਚ ਕੋਈ ਵੀ ਆਪਣੇ ਹੱਕ ਮੰਗਣ ਦੀ ਗੱਲ ਨਹੀਂ ਕਰ ਸਕਦਾ।
ਸ਼ੰਭੂ ਥਾਣੇ ਦੇ ਘਿਰਾਓ ਦੇ ਐਲਾਨ ਮਗਰੋਂ ਬਨੂੜ ਬੈਰੀਅਰ ਉਤੇ ਪੁਲਿਸ ਬਲ ਤਾਇਨਾਤ
ਕਿਸਾਨ ਜਥੇਬੰਦੀਆਂ ਵੱਲੋਂ ਸ਼ੰਭੂ ਥਾਣੇ ਦੇ ਘਿਰਾਓ ਨੂੰ ਲੈ ਕੇ ਪੁਲਿਸ ਵੱਲੋਂ ਬਨੂੜ ਬੈਰੀਅਰ ਉਤੇ ਚੌਕਸੀ ਵਰਤੀ ਜਾ ਰਹੀ ਹੈ। ਮੋਹਾਲੀ-ਖਰੜ-ਰਾਜਪੁਰਾ ਸਾਈਡ ਤੋਂ ਆਉਣ ਵਾਲੇ ਸ਼ੱਕੀ ਵਾਹਨਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਗੈਰ ਰਾਜਨੀਤਿਕ ਅਤੇ ਕੇਐਮਐਮ ਵੱਲੋਂ 19-20 ਮਾਰਚ ਨੂੰ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਸਰਕਾਰ ਵੱਲੋਂ ਚੁੱਕੇ ਗਏ ਕਿਸਾਨ ਧਰਨਿਆਂ ਦੇ ਵਿਰੋਧ ਵਿੱਚ ਅੱਜ ਸ਼ੰਭੂ ਥਾਣੇ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਸੀ। ਚੌਕਸੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਵੱਡੀ ਪੱਧਰ ਉਤੇ ਪੁਲਿਸ ਅਧਿਕਾਰੀਆਂ ਦੀ ਅਗਵਾਈ ਵਿੱਚ ਸ਼ੰਭੂ ਦੇ ਐਂਟਰੀ ਪੁਆਇੰਟ ਬਨੂੜ ਬੈਰੀਅਰ ਚੌਂਕ ਉਤੇ ਸੁਰੱਖਿਆ ਵਿਵਸਥਾ ਵਧਾਈ ਗਈ ਹੈ।