Amritsar News: 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੇ ਪਤਨੀ ਡਾ. ਨਵਜੋਤ ਕੌਰ ਸਿੱਧੂ ਰਾਜਨੀਤੀ ਵਿਚ ਮੁੜ ਤੋਂ ਸਰਗਰਮ ਹੋ ਰਹੇ ਹਨ। ਉਨ੍ਹਾਂ ਵੱਲੋਂ ਮੀਡੀਆ ਦੀ ਅਟੈਂਸ਼ਨ ਲੈ ਕੇ ਆਪਣੇ ਰਾਜਨੀਤੀ ਵਿਚ ਆਉਣ ਦੀ ਸਰਗਰਮੀਆ ਬਾਰੇ ਵਾਰ-ਵਾਰ ਜਾਣਕਾਰੀ ਦਿੱਤੀ ਜਾ ਰਹੀ ਹੈ ਜੋ ਕਿ ਪਹਿਲਾਂ ਨਵਜੋਤ ਕੌਰ ਸਿੱਧੂ ਦਾ ਮੀਡੀਆ ਵਿਚ ਬਿਆਨ ਆਇਆ ਸੀ ਕਿ ਉਹ ਬਿਮਾਰੀ ਤੋਂ ਤੰਦਰੁਸਤ ਹੋ ਦੁਬਾਰਾ ਰਾਜਨੀਤੀ ਵਿਚ ਆਉਣਗੇ ਅਤੇ ਹੁਣ ਨਵਜੋਤ ਸਿੰਘ ਸਿੱਧੂ ਨੇ ਵੀ ਸਪੱਸ਼ਟ ਸ਼ਬਦਾਂ ਵਿਚ ਆਪਣੀ ਵਾਪਸੀ ਦੀ ਗੱਲ ਆਖੀ ਹੈ।
ਇਸ ਸਬੰਧੀ ਉਨ੍ਹਾਂ ਨੇ ਦੱਸਿਆ ਕਿ ਰਾਜਨੀਤੀ ਮੇਰਾ ਮਿਸ਼ਨ ਅਤੇ ਪੰਜਾਬ ਮੇਰਾ ਇਸ਼ਕ ਹੈ ਅਤੇ ਪੰਜਾਬ ਨਾਲ ਇਸ਼ਕ ਕਰਦਿਆ ਲੋਕ ਭਲਾਈ ਲਈ ਜੇਕਰ ਮੈਨੂੰ ਵਾਪਿਸ ਰਾਜਨੀਤੀ ਵਿਚ ਆਉਣਾ ਪਿਆ ਤਾਂ ਮੈਂ ਤਿਆਰ ਭਰ ਤਿਆਰ ਖੜ੍ਹਾ ਹਾਂ ਕਿਉਂਕਿ ਪੰਜਾਬ ਨੂੰ ਮਾਫੀਆ ਚਲਾ ਰਿਹਾ। ਸਰਕਾਰਾਂ ਕੋਲ ਪੰਜਾਬ ਲਈ ਕੋਈ ਵਿਜ਼ਨ ਨਹੀਂ ਹੈ। ਇਸ ਲਈ ਮੇਰਾ ਮਕਸਦ ਲੋਕਾਂ ਦੀ ਸੇਵਾ ਕਰਨਾ ਉਹ ਮੈਂ ਕਰਦਾ ਰਹਾਂਗਾ।
ਨਵਜੋਤ ਸਿੰਘ ਸਿੱਧੂ ਨੇ ਅੱਗੇ ਕਿਹਾ, "ਜੇਕਰ ਪਿਛਲੇ 15 ਸਾਲਾਂ ਦੀ ਰਾਜਨੀਤੀ ਵਿੱਚ ਮੇਰੇ 'ਤੇ ਕੋਈ ਦੋਸ਼ ਹੈ, ਤਾਂ ਮੈਨੂੰ ਦੱਸੋ। ਮੈਂ ਆਪਣੀ ਜ਼ਮੀਰ ਤੇ ਚਰਿੱਤਰ ਨੂੰ ਡਿੱਗਣ ਨਹੀਂ ਦਿੱਤਾ। ਪੰਜਾਬ ਵਿੱਚ ਬਦਲਾਅ ਲਈ ਕੋਈ ਨੀਤੀ ਨਹੀਂ ਲਿਆਂਦੀ ਗਈ, ਨਾ ਹੀ ਕੋਈ ਪ੍ਰੋਗਰਾਮ ਐਲਾਨਿਆ ਗਿਆ। ਕਈ ਸਾਲਾਂ ਤੋਂ ਸਰਕਾਰਾਂ ਕਰਜ਼ਾ ਲੈ ਕੇ ਪੰਜਾਬ ਚਲਾ ਰਹੀਆਂ ਹਨ। ਇਸ ਦੇ ਉਲਟ, ਉਹ ਮੇਰੇ 'ਤੇ ਉੱਚੀ ਆਵਾਜ਼ ਵਿੱਚ ਬੋਲਣ ਦਾ ਦੋਸ਼ ਲਗਾਉਂਦੇ ਹਨ।"
ਇਸ ਤੋਂ ਪਹਿਲਾਂ, ਕਾਂਗਰਸ ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਉਪ ਚੋਣ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਸੀ, ਜਿਸ ਵਿੱਚ ਪੰਜਾਬ ਕਾਂਗਰਸ ਦੇ ਵੱਡੇ ਚਿਹਰੇ ਸ਼ਾਮਲ ਸਨ, ਪਰ ਨਵਜੋਤ ਸਿੰਘ ਸਿੱਧੂ ਦਾ ਨਾਮ ਨਹੀਂ ਸੀ।
ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ 2016 ਵਿੱਚ ਭਾਜਪਾ ਤੋਂ ਅਸਤੀਫਾ ਦੇਣ ਤੋਂ ਬਾਅਦ 2017 ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ। ਪਾਰਟੀ ਨੇ ਉਨ੍ਹਾਂ ਨੂੰ ਪੰਜਾਬ ਦਾ ਸੂਬਾ ਪ੍ਰਧਾਨ ਵੀ ਬਣਾਇਆ, ਪਰ ਸਿੱਧੂ ਨੇ ਦੋ ਮਹੀਨਿਆਂ ਬਾਅਦ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਹਾਲਾਂਕਿ, ਨਵਜੋਤ ਸਿੰਘ ਸਿੱਧੂ ਦੀ ਅਜੇ ਵੀ ਪ੍ਰਿਯੰਕਾ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਚੰਗੀ ‘ਯਾਰੀ’ ਹੈ ਅਤੇ ਉਹ ਕਈ ਵਾਰ ਉਨ੍ਹਾਂ ਨੂੰ ਮਿਲ ਵੀ ਚੁੱਕੇ ਹਨ, ਪਰ ਹੁਣ ਤੱਕ ਉਨ੍ਹਾਂ ਦਾ ਰਵੱਈਆ ਉਲਝਣ ਵਾਲਾ ਹੈ।