MEA Press Briefing on Pakistan Ceasefire: ਪਾਕਿਸਤਾਨ ਨੇ ਜੰਗਬੰਦੀ ਦੀ ਘੋਸ਼ਣਾ ਦੇ ਕੁਝ ਘੰਟਿਆਂ ਦੇ ਅੰਦਰ ਹੀ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਵੱਲੋਂ ਵਿਕਰਮ ਮਿਸਰੀ ਨੇ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਫੌਜ ਨੂੰ ਸਖ਼ਤ ਜਵਾਬ ਦੇਣ ਦੇ ਹੁਕਮ ਦਿੱਤੇ ਗਏ ਹਨ।
ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ, 'ਭਾਰਤ ਅਤੇ ਪਾਕਿਸਤਾਨ ਦੇ ਡੀਜੀਐਮਓਜ਼ ਵਿਚਕਾਰ ਅੱਜ ਸ਼ਾਮ ਨੂੰ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਫੌਜੀ ਕਾਰਵਾਈ ਨੂੰ ਰੋਕਣ ਲਈ ਇੱਕ ਸਮਝੌਤਾ ਹੋਇਆ।' ਹਾਲਾਂਕਿ, ਪਿਛਲੇ ਕੁਝ ਘੰਟਿਆਂ ਤੋਂ ਪਾਕਿਸਤਾਨ ਵੱਲੋਂ ਇਸ ਸਮਝੌਤੇ ਦੀ ਉਲੰਘਣਾ ਕੀਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਕਿਹਾ, 'ਭਾਰਤੀ ਫੌਜ ਸਰਹੱਦ 'ਤੇ ਇਸ ਘੁਸਪੈਠ ਦਾ ਜਵਾਬ ਦੇ ਰਹੀ ਹੈ ਅਤੇ ਇਸ ਨਾਲ ਨਜਿੱਠ ਰਹੀ ਹੈ।' ਇਹ ਘੁਸਪੈਠ ਬਹੁਤ ਹੀ ਨਿੰਦਣਯੋਗ ਹੈ ਅਤੇ ਪਾਕਿਸਤਾਨ ਇਸ ਲਈ ਜ਼ਿੰਮੇਵਾਰ ਹੈ। ਸਾਡਾ ਮੰਨਣਾ ਹੈ ਕਿ ਪਾਕਿਸਤਾਨ ਨੂੰ ਇਸ ਸਥਿਤੀ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ ਅਤੇ ਇਸ ਘੁਸਪੈਠ ਨੂੰ ਰੋਕਣ ਲਈ ਤੁਰੰਤ ਢੁਕਵੀਂ ਕਾਰਵਾਈ ਕਰਨੀ ਚਾਹੀਦੀ ਹੈ।
ਅੱਜ ਪਹਿਲਾਂ, ਪਾਕਿਸਤਾਨ ਨੇ ਫਿਰ ਸ਼੍ਰੀਨਗਰ, ਊਧਮਪੁਰ, ਆਰਐਸ ਪੁਰਾ, ਅਖਨੂਰ, ਛੰਬ, ਭਿੰਬਰ ਗਲੀ, ਸ਼ੋਪੀਆਂ, ਕੁਲਗਾਮ, ਅਨੰਤਨਾਗ ਸਮੇਤ ਕਈ ਇਲਾਕਿਆਂ ਵਿੱਚ ਡਰੋਨ ਹਮਲੇ ਕੀਤੇ। ਜਿਨ੍ਹਾਂ ਨੂੰ ਫੌਜ ਨੇ ਹਵਾ ਵਿੱਚ ਹੀ ਬਲਾਸਟ ਕਰ ਦਿੱਤਾ ਸੀ। ਨਾਲ ਹੀ, ਇਨ੍ਹਾਂ ਇਲਾਕਿਆਂ ਵਿੱਚ ਬਲੈਕਆਊਟ ਲਗਾ ਦਿੱਤਾ ਗਿਆ ਹੈ।
ਵੱਖ-ਵੱਖ ਥਾਵਾਂ 'ਤੇ ਡਰੋਨਾਂ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਸਰਹੱਦੀ ਇਲਾਕਿਆਂ ਵਿੱਚ ਬਲੈਕਆਊਟ ਲਗਾ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਮੁਕਤਸਰ ਸਾਹਿਬ, ਫਿਰੋਜ਼ਪੁਰ, ਪਠਾਨਕੋਟ, ਜੈਸਲਮੇਰ ਅਤੇ ਅੰਬਾਲਾ ਵਿੱਚ ਕਈ ਥਾਵਾਂ 'ਤੇ ਪੂਰੀ ਤਰ੍ਹਾਂ ਬਲੈਕਆਊਟ ਹੈ।