Kotkapura News: ਕੋਟਕਪੂਰਾ ਬਠਿੰਡਾ ਨੈਸ਼ਨਲ ਹਾਈਵੇ 54 ਤੇ ਬਰਗਾੜੀ ਨੇੜੇ ਬਣੇ ਇਕ ਨਿੱਜੀ ਹੋਟਲ ਦੇ ਬਾਹਰ ਇਕੱਠੇ ਹੋ ਲੋਕਾਂ ਅਤੇ BKU ਫਤਿਹ ਦੇ ਕਾਰਕੁੰਨਾਂ ਵੱਲੋਂ ਹੋਟਲ ਦਾ ਘਿਰਾਓ ਕੀਤਾ ਗਿਆ ਅਤੇ ਮੌਕੇ ਪਹੁੰਚੀ ਪੁਲਿਸ ਵੱਲੋਂ ਹੋਟਲ ਅੰਦਰ ਰੇਡ ਕਰ ਕਈ ਜੋੜਿਆਂ ਨੂੰ ਡਿਟੇਨ ਕੀਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ SHO ਥਾਣਾ ਜੈਤੋ ਸੰਜੀਵ ਕੁਮਾਰ ਨੇ ਦੱਸਿਆ ਕਿ ਕਿਸਾਨ ਨੇਤਾ ਹਰਜਿੰਦਰ ਸਿੰਘ ਵੱਲੋਂ ਬਰਗਾੜੀ ਚੌਂਕੀ ਨੂੰ ਇਕ ਸ਼ਿਕਾਇਤ ਦਿੱਤੀ ਗਈ ਸੀ ਕਿ ਇਸ ਹੋਟਲ ਵਿਚ ਗੈਰ ਸਮਾਜਿਕ ਕਾਰੋਬਾਰ ਹੁੰਦਾ ਹੈ ਜਿਸ ਤੇ ਅੱਜ ਉਹ ਪੁਲਿਸ ਪਾਰਟੀ ਸਮੇਤ ਇਥੇ ਪਹੁੰਚੇ ਹਨ ਅਤੇ ਹਰਜਿੰਦਰ ਸਿੰਘ ਦੇ ਬਿਆਨਾਂ ਉਤੇ ਹੋਟਲ ਪ੍ਰਬੰਧਕਾਂ ਖਿਲਾਫ ਇਮੋਰਲ ਐਕਟ ਤਹਿਤ ਮੁਕੱਦਮਾਂ ਦਰਜ ਕੀਤਾ ਗਿਆ ਹੈ ਅਤੇ ਚੈਕਿੰਗ ਕੀਤੀ ਜਾ ਰਹੀ ਹੈ ਕਿ ਵਾਕਿਆ ਹੀ ਇਥੇ ਕੋਈ ਗੈਰ ਕਾਨੂੰਨੀ ਗਤੀਵਿਧੀਆਂ ਤਾਂ ਨਹੀਂ ਚੱਲ ਰਹੀਆਂ।
ਇਸ ਮੌਕੇ ਗੱਲਬਾਤ ਕਰਦਿਆਂ ਸ਼ਿਕਾਇਤਕਰਤਾ ਹਰਜਿੰਦਰ ਸਿੰਘ ਅਤੇ ਸਤਨਾਮ ਸਿੰਘ ਨੇ ਕਿਹਾ ਕਿ ਇਸ ਹੋਟਲ ਵਿਚ ਕਥਿਤ ਦੇਹ ਵਪਾਰ ਦਾ ਕੰਮ ਚਲਦਾ ਹੈ। ਇਥੇ ਮੁੰਡੇ ਕੁੜੀਆਂ ਸ਼ਰੇਆਮ ਕਮਰੇ ਲੈ ਕੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਸਾਡੇ ਦੇਸ਼ ਦਾ ਕਾਨੂੰਨ 18 ਸਾਲ ਤੋਂ ਉਪਰ ਦੀ ਉਮਰ ਦੇ ਲੜਕੇ ਲੜਕੀਆਂ ਨੂੰ ਖੁੱਲ੍ਹ ਦਿੰਦਾ ਹੈ ਪਰ ਸਾਡਾ ਵਿਰਸਾ, ਸਾਡਾ ਸੱਭਿਆਚਾਰ ਇਸ ਦੀ ਇਜਾਜ਼ਤ ਨਹੀਂ ਦਿੰਦਾ ਅਤੇ ਅਸੀਂ ਆਪਣੇ ਇਲਾਕੇ ਵਿਚ ਅਜਿਹਾ ਧੰਦਾ ਕਦੀ ਵੀ ਚੱਲਣ ਨਹੀ ਦੇਵਾਂਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਪੁਲਿਸ ਨੇ ਕੋਈ ਕਾਰਵਾਈ ਕੀਤੀ ਤਾਂ ਠੀਕ ਨਹੀਂ ਤਾਂ ਉਹ ਇਥੇ ਹੀ ਬੈਠ ਕੇ ਪ੍ਰਦਰਸ਼ਨ ਕਰਨਗੇ।
ਕਾਬਿਲੇਗੌਰ ਹੈ ਕਿ ਬਰਨਾਲਾ ਵਿੱਚ ਵੀ ਦੇਹ ਵਪਾਰ ਦਾ ਧੰਦਾ ਪੈਰ ਪਸਾਰ ਰਿਹਾ ਹੈ। ਸਥਾਨਕ ਲੋਕਾਂ ਨੇ ਚਿੰਤਾ ਪ੍ਰਗਟਾਈ ਕਿ ਕਿਵੇਂ ਸ਼ਹਿਰ ਵਿਚ ਬਿਨਾਂ ਕਿਸੇ ਵੱਡੀ ਉਦਯੋਗਿਕ ਜਾਂ ਵਪਾਰਕ ਲੋੜ ਦੇ ਹੋਟਲ ‘ਅਮਰਬੇਲ’ ਵਾਂਗ ਉੱਗ ਰਹੇ ਹਨ ਅਤੇ ਇਨ੍ਹਾਂ ’ਚੋਂ ਕਈਆਂ ’ਚ ਕਥਿਤ ਤੌਰ 'ਤੇ ਦੇਹ ਵਪਾਰ ਵਰਗੀਆਂ ਗਲਤ ਸਰਗਰਮੀਆਂ ਚੱਲ ਰਹੀਆਂ ਸਨ।
ਜ਼ਿਕਰਯੋਗ ਹੈ ਕਿ ਹਾਲ ਹੀ ’ਚ ਲੋਕਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਬਰਨਾਲਾ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਸਾਂਝੇ ਤੌਰ 'ਤੇ ਛਾਪੇਮਾਰੀ ਕੀਤੀ ਸੀ, ਜਿਸ ’ਚ 11 ਹੋਟਲਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਇਹ ਹੋਟਲ ਜ਼ਰੂਰੀ ਸ਼ਰਤਾਂ ਪੂਰੀਆਂ ਨਹੀਂ ਕਰ ਰਹੇ ਸਨ ਅਤੇ ਕਈਆਂ 'ਤੇ ਗੰਭੀਰ ਦੋਸ਼ ਲੱਗੇ ਸਨ ਕਿ ਇਨ੍ਹਾਂ ਦੀ ਵਰਤੋਂ ਦੇਹ ਵਪਾਰ ਵਰਗੇ ਅਪਰਾਧਾਂ ’ਚ ਹੋ ਰਹੀ ਸੀ।