BJP Protest: ਭਾਜਪਾ ਮਹਿਲਾ ਮੋਰਚੇ ਵੱਲੋਂ ਚੰਡੀਗੜ੍ਹ ਦੇ ਸੈਕਟਰ 37 ਬੀਜੇਪੀ ਆਫਿਸ ਤੋਂ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਤੱਕ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਮਹਿਲਾਵਾਂ ਨੂੰ ਬੀਜੇਪੀ ਆਫਿਸ ਦੇ ਬਾਹਰ ਕੁਝ ਹੀ ਕਦਮਾਂ ਦੀ ਦੂਰੀ ਉਤੇ ਰੋਕ ਲਿਆ ਗਿਆ। ਬੀਜੇਪੀ ਮਹਿਲਾ ਵਿੰਗ ਦੀ ਪ੍ਰਧਾਨ ਜੈ ਇੰਦਰ ਕੌਰ ਦੀ ਅਗਵਾਈ ਵਿੱਚ ਇਹ ਪ੍ਰਦਰਸ਼ਨ ਪੰਜਾਬ ਦੇ ਲਾਅ ਐਂਡ ਆਰਡਰ ਦੀ ਵਿਗੜ ਰਹੀ ਸਥਿਤੀ ਦੇ ਰੋਸ ਵਜੋਂ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਅੰਦਰ ਕਾਨੂੰਨ ਵਿਵਸਥਾ ਦੇ ਮਾੜੇ ਹਾਲਾਤ ਕਾਰਨ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਲਈ ਚੱਲੇ ਹਨ। ਪੁਲਿਸ ਬਲ ਵੱਲੋਂ ਉਨ੍ਹਾਂ ਨੂੰ ਥੋੜ੍ਹੀ ਦੂਰੀ ਉਤੇ ਹੀ ਰੋਕ ਲਿਆ ਗਿਆ, ਜਿਸ ਜਗ੍ਹਾ ਉਤੇ ਔਰਤਾਂ ਨੂੰ ਰੋਕਿਆ ਗਿਆ ਮਹਿਲਾਵਾਂ ਉਸੇ ਜਗ੍ਹਾ ਉਤੇ ਬੈਠ ਗਈਆਂ ਅਤੇ ਲਗਾਤਾਰ ਨਾਅਰੇਬਾਜ਼ੀ ਕਰਦੀਆਂ ਰਹੀਆਂ।
ਹਾਲਾਂਕਿ ਔਰਤਾਂ ਦੀ ਗਿਣਤੀ ਜ਼ਿਆਦਾ ਨਹੀਂ ਸੀ ਅਤੇ ਕਿਹਾ ਗਿਆ ਕਿ ਸਿਰਫ਼ ਐਗਜੈਕਟਿਵ ਮੈਂਬਰ ਵੱਲੋਂ ਹੀ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ। ਨਾਲ ਹੀ ਕੁਝ ਸਮੇਂ ਬਾਅਦ ਚੰਡੀਗੜ੍ਹ ਦੇ ਐਸਡੀਐਮ ਵੱਲੋਂ ਇਹ ਮੰਗ ਪੱਤਰ ਪ੍ਰਾਪਤ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਮੰਗ ਪੱਤਰ ਮੁੱਖ ਮੰਤਰੀ ਤੱਕ ਪਹੁੰਚਾ ਦਿੱਤਾ ਜਾਏਗਾ। ਬੀਜੇਪੀ ਵੱਲੋਂ ਪ੍ਰਦਰਸ਼ਨ ਦੇ ਜ਼ਰੀਏ ਮੁੱਖ ਮੰਤਰੀ ਦੇ ਘਰ ਤੱਕ ਪਹੁੰਚਣ ਦੀ ਕੋਸ਼ਿਸ਼ ਸੀ ਪਰ ਉਨ੍ਹਾਂ ਨੂੰ ਨਹੀਂ ਪਹੁੰਚਣ ਦਿੱਤਾ ਗਿਆ ਅਤੇ ਮੰਗ ਪੱਤਰ ਦੇਣ ਤੋਂ ਬਾਅਦ ਮਹਿਲਾਵਾਂ ਵੱਲੋਂ ਮੋਰਚੇ ਤੋਂ ਵਾਪਸੀ ਕਰ ਲਈ ਗਈ।
ਇਕੱਠ ਨੂੰ ਸੰਬੋਧਨ ਕਰਦਿਆਂ ਜੈ ਇੰਦਰ ਕੌਰ ਨੇ ਕਤਲਾਂ, ਦਿਨ ਦਿਹਾੜੇ ਹਮਲਿਆਂ ਅਤੇ ਔਰਤਾਂ ਵਿਰੁੱਧ ਹੋ ਰਹੇ ਅਪਰਾਧਾਂ ਉਤੇ ਚਾਨਣਾ ਪਾਇਆ, ਜਿਸ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਸਰਕਾਰ ਦੀ ਯੋਗਤਾ ਉਤੇ ਲੋਕਾਂ ਦਾ ਭਰੋਸਾ ਤੋੜ ਦਿੱਤਾ ਹੈ। ਉਨ੍ਹਾਂ ਨੇ ਸਰਕਾਰ ਦੀ ਅਯੋਗਤਾ ਦੀ ਆਲੋਚਨਾ ਕੀਤੀ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਬਹਾਲ ਕਰਨ ਲਈ ਕਿਰਿਆਸ਼ੀਲ ਉਪਾਵਾਂ ਦੀ ਮੰਗ ਕੀਤੀ।
ਅੰਮ੍ਰਿਤਸਰ ਵਿੱਚ ਹਾਲ ਹੀ ਵਿੱਚ ਹੋਏ ਇੱਕ ਬੇਰਹਿਮੀ ਨਾਲ ਹੋਏ ਹਮਲੇ ਤੋਂ ਇਹ ਵਿਰੋਧ ਸ਼ੁਰੂ ਹੋਇਆ ਸੀ, ਜਿੱਥੇ ਇੱਕ ਐਨਆਰਆਈ ਨੂੰ ਉਸਦੇ ਘਰ ਵਿੱਚ ਵੜਕੇ ਕਈ ਵਾਰ ਗੋਲੀਆਂ ਮਾਰ ਦਿੱਤੀ ਗਈ ਸੀ। ਜੈ ਇੰਦਰ ਕੌਰ ਨੇ ਸਰਕਾਰ ਦੀਆਂ ਤਰਜੀਹਾਂ 'ਤੇ ਸਵਾਲ ਉਠਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਧ ਰਹੇ ਅਪਰਾਧਾਂ ਦੇ ਹੱਲ ਲਈ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ।
ਉਨ੍ਹਾਂ ਨੇ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਨਜ਼ਰਅੰਦਾਜ਼ ਕਰਦੇ ਹੋਏ ਹਰਿਆਣਾ ਵਿੱਚ ਫਰਜ਼ੀ ਇਸ਼ਤਿਹਾਰਾਂ ਤੇ ਚੋਣ ਮੁਹਿੰਮਾਂ ਉਤੇ ਵਸੀਲੇ ਖ਼ਰਚਣ ਲਈ ਪੰਜਾਬ ਸਰਕਾਰ ਦੀ ਵੀ ਨਿੰਦਾ ਕੀਤੀ।