PUNBUS PRTC Strike: ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਅਤੇ ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਲੁਧਿਆਣਾ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਸਰਕਾਰ ਨੂੰ ਸੱਤਾ ਵਿੱਚ ਆਈ ਨੂੰ ਲਗਭਗ 3 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ। ਸਰਕਾਰ ਅਤੇ ਮੈਨੇਜਮੈਂਟ ਨਾਲ ਵੀ ਕਾਫੀ ਮੀਟਿੰਗ ਹੋ ਚੁੱਕੀਆਂ ਹਨ ਤੇ ਸਰਕਾਰ ਵੱਲੋਂ ਲਿਖਤੀ ਭਰੋਸੇ ਵੀ ਦਿੱਤੇ ਗਏ ਹਨ।
ਇੱਥੇ ਤੱਕ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਇਕ ਕਮੇਟੀ ਵੀ ਗਠਿਤ ਕੀਤੀ ਸੀ। ਜਿਸ ਕਮੇਟੀ ਨੇ ਇੱਕ ਮਹੀਨੇ ਦੇ ਵਿੱਚ ਕੰਟਰੈਕਟ ਵਰਕਰਜ਼ ਨੂੰ ਰੈਗੂਲਰ ਕਰਨ, ਆਊਟ ਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ ਉਤੇ ਕਰਨ, ਤਨਖਾਹਾਂ ਵਿਚ ਇਕਸਾਰਤਾ,ਮਾਰੂ ਕੰਡੀਸ਼ਨਾਂ ਖਤਮ ਕਰਕੇ ਸਰਵਿਸ ਰੂਲ ਲਾਗੂ ਕਰਨਾ ਅਤੇ ਵਿਭਾਗਾ ਵਿੱਚ ਨਵੀਆਂ ਬੱਸਾਂ ਪਾਉਣ ਅਤੇ ਵਿਭਾਗ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਪਾਲਿਸੀ ਬਣਾ ਕੇ ਹੱਲ ਕਰਨ ਲਈ ਕਿਹਾ ਸੀ। ਪ੍ਰੰਤੂ ਦਿੱਤੇ ਸਮੇਂ ਅਨੁਸਾਰ ਮੰਗਾਂ ਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ ਸਿਰਫ ਲਾਰੇ ਉਤੇ ਲਾਰਾ ਲਾ ਕੇ ਸਮਾਂ ਟਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ 28 ਜੁਲਾਈ ਨੂੰ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਣਮਿੱਥੇ ਸਮੇਂ ਲਈ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ।
ਮੁੱਖ ਮੰਤਰੀ ਪੰਜਾਬ ਵੱਲੋਂ ਬਣੀ ਕਮੇਟੀ ਦੀ ਕਰਵਾਈ ਨੂੰ ਵੀ ਅਧੂਰਾ ਛੱਡਿਆ ਜਾ ਰਿਹਾ ਹੈ। ਸਿਰਫ ਗੱਲਬਾਤ ਵਿੱਚ ਮੰਗਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਪਿਛਲੇ ਸਮੇਂ ਵੀ ਜਥੇਬੰਦੀ ਵੱਲੋਂ 09/10/11 ਜੁਲਾਈ ਦੇ ਸੰਘਰਸ਼ ਦੇ ਐਲਾਨ ਕੀਤਾ ਗਿਆ ਸੀ ਜਿਸ ਸੰਘਰਸ਼ ਦੇ ਸਦਕਾ 09 ਜੁਲਾਈ ਨੂੰ ਟਰਾਂਸਪੋਰਟ ਮੰਤਰੀ ਪੰਜਾਬ ਅਤੇ ਵਿੱਤ ਮੰਤਰੀ ਪੰਜਾਬ ਦੇ ਨਾਲ ਮੀਟਿੰਗ ਹੋਈ। ਮੀਟਿੰਗ ਵਿੱਚ ਮੰਗਾਂ ਦਾ ਹੱਲ ਕਰਨ ਦੀ ਪੂਰੀ ਸਹਿਮਤੀ ਜਤਾਈ ਗਈ ਸੀ। ਟਰਾਂਸਪੋਰਟ ਮੰਤਰੀ ਪੰਜਾਬ ਵੱਲੋਂ ਪ੍ਰੈਸ ਮੀਡੀਆ ਵਿੱਚ ਬਿਆਨ ਵੀ ਦਿੱਤਾ ਗਿਆ ਸੀ ਕਿ 16 ਜੁਲਾਈ ਨੂੰ ਮੀਟਿੰਗ ਕੀਤੀ ਜਾਵੇਗੀ ਤੇ ਕੁਝ ਮੰਗਾਂ ਦਾ ਹੱਲ ਕਰ ਦਿੱਤਾ ਜਾਵੇਗਾ।
.ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਪਾਲਿਸੀ ਉਤੇ 2 ਮੀਟਿੰਗਾਂ ਕਰਕੇ 28 ਜੁਲਾਈ ਨੂੰ ਪੂਰਨ ਤੌਰ ਉਤੇ ਮੰਗਾਂ ਦਾ ਹੱਲ ਕਰ ਦਿੱਤਾ ਜਾਵੇਗਾ ਪ੍ਰੰਤੂ ਮੰਤਰੀ ਵੱਲੋਂ ਕਿਸੇ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ ਉਲਟਾ 16 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਵੀ ਨਹੀਂ ਕੀਤੀ ਗਈ 21 ਜੁਲਾਈ ਨੂੰ ਸਟੇਟ ਟਰਾਂਸਪੋਰਟ ਸਕੱਤਰ ਵੱਲੋਂ ਮੀਟਿੰਗ ਕੀਤੀ ਗਈ। ਉਸ ਵਿੱਚ ਵੀ ਕੋਈ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ। ਗੱਲਬਾਤ ਟਾਲ-ਮਟੋਲ ਕਰਕੇ ਸਮਾਂ ਟਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਜਿਸ ਕਰਕੇ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਕਿਉਂਕਿ ਲੰਬੇ ਸਮੇਂ ਤੋਂ ਠੇਕੇਦਾਰਾਂ ਰਾਹੀਂ ਵਰਕਰਾਂ ਦਾ ਸ਼ੋਸ਼ਣ ਹੋ ਰਿਹਾ ਹੈ ਤੇ ਮਾਰੂ ਕੰਡੀਸ਼ਨਾਂ ਲਾ ਕੇ ਨੌਕਰੀਆਂ ਤੋਂ ਕੱਢਿਆ ਜਾ ਰਿਹਾ ਹੈ ਅਤੇ ਠੇਕੇਦਾਰਾਂ ਰਾਹੀਂ ਮੋਟੀ ਰਿਸ਼ਵਤ ਲੈਕੇ ਭਰਤੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਸਬੰਧੀ ਜਥੇਬੰਦੀ ਵੱਲੋਂ ਸਰਕਾਰ ਅਤੇ ਮੈਨੇਜਮੈਂਟ ਨੂੰ ਲਿਖਤੀ ਅਤੇ ਆਡੀਓ ਵੀਡੀਓ ਵੀ ਦੇ ਚੁੱਕੇ ਹਾਂ ਜਿਸ ਉਤੇ ਕਾਰਵਾਈ ਨਾ ਕਰਕੇ ਅਤੇ ਠੇਕੇਦਾਰਾਂ ਕੋਲੋਂ ਐਗਰੀਮੈਂਟ ਅਨੁਸਾਰ ਮੁਲਾਜ਼ਮਾਂ ਨੂੰ ਬਣਦੇ ਲਾਭ ਨਾ ਦੇ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ 30/06/2023 ਦੀਆਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਬਹਾਲ ਨਾ ਕਰਕੇ ਰਿਸ਼ਵਤਖੋਰੀ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ।
ਗੁਰਪ੍ਰੀਤ ਬੜੈਚ ਹਰਸ਼ਰਨ ਸਿੰਘ ਨੇ ਪ੍ਰੈੱਸ ਨੂੰ ਬੋਲਦਿਆਂ ਕਿਹਾ ਕਿ ਸਰਕਾਰ ਮੰਗਾਂ ਦਾ ਹੱਲ ਕਰਨ ਦੀ ਬਜਾਏ ਵਿਭਾਗਾਂ ਨੂੰ ਨਿੱਜੀਕਰਨ ਦੇ ਵੱਲ ਨੂੰ ਲਿਜਾਇਆ ਜਾ ਰਿਹਾ ਹੈ। ਵਿਭਾਗਾਂ ਵਿੱਚ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਉਣ ਦੀ ਪਾਲਿਸੀ ਲੈ ਕੇ ਆ ਰਹੀ ਹੈ। ਕਾਰਪੋਰੇਟ ਘਰਾਣਿਆਂ ਨੂੰ ਵਿਭਾਗਾਂ ਦੀ ਪੂਰਨ ਤੌਰ ਉਤੇ ਲੁੱਟ ਕਰਵਾਉਣ ਦੀ ਮਨਸ਼ਾ ਦੇ ਨਾਲ ਕਿਲੋਮੀਟਰ ਸਕੀਮ ਬੱਸਾਂ ਪਾਈਆ ਜਾ ਰਹੀਆਂ ਹਨ ਜਿਸ ਦਾ ਟੈਂਡਰ ਸਰਕਾਰ ਵੱਲੋਂ 4 ਅਗਸਤ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ 32 ਤੋਂ 35 ਲੱਖ ਰੁਪਏ ਦੀ ਬੱਸ ਪਾਕੇ ਕਰੋੜਾਂ ਰੁਪਏ ਵਿਭਾਗਾਂ ਦਾ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜੇਕਰ ਸਰਕਾਰ ਅਤੇ ਮੈਨੇਜਮੈਂਟ ਨੇ ਟੈਂਡਰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਯੂਨੀਅਨ ਵੱਲੋਂ ਤੁਰੰਤ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਜੇਕਰ ਸਰਕਾਰ ਅਤੇ ਮੈਨੇਜਮੈਂਟ ਨੇ 28 ਜੁਲਾਈ ਨੂੰ ਮੰਗਾਂ ਦਾ ਹੱਲ ਨਾ ਕੀਤਾ ਤਾਂ ਤੁਰੰਤ ਬੰਦ ਕਰਕੇ ਅਣਮਿੱਥੇ ਸਮੇਂ ਦੀ ਹੜਤਾਲ ਸਮੇਤ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਉਤੇ ਧਰਨੇ ਸਮੇਤ ਤਿੱਖੇ ਸੰਘਰਸ਼ ਕੀਤੇ ਜਾਣਗੇ।