Amritsar News: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਤਾਬਦੀ ਸਮਾਗਮਾਂ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੇ ਦੇਸ਼ ਭਰ ਦੇ ਵਿੱਚ ਸ਼ਤਾਬਦੀ ਸਮਾਗਮ ਮਨਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਦੇਸ਼ ਦੇ ਵੱਖ-ਵੱਖ ਥਾਵਾਂ ਤੋਂ ਵੱਡੇ ਵਿਸ਼ਾਲ ਨਗਰ ਕੀਰਤਨ ਵੀ ਕੱਢੇ ਜਾਣਗੇ।
ਇਸ ਦਰਮਿਆਨ ਬੀਤੇ ਦਿਨ ਸੀਐਮ ਪੰਜਾਬ ਭਗਵੰਤ ਸਿੰਘ ਮਾਨ ਨੇ ਇੱਕ ਵੱਡਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਸਰਕਾਰ ਆਪਣੇ ਪੱਧਰ ਉਤੇ ਸ਼ਤਾਬਦੀ ਸਮਾਗਮ ਮਨਾਏਗੀ। ਸਰਕਾਰ ਦੇ ਇਸ ਫੈਸਲੇ ਉਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਸਖਤ ਇਤਰਾਜ ਜ਼ਾਹਿਰ ਕੀਤਾ ਹੈ।
ਹੁਣ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਰਘਬੀਰ ਸਿੰਘ ਨੇ ਕਿਹਾ ਹੈ ਕਿ ਇਹ ਸ਼ਤਾਬਦੀ ਸਮਾਗਮ SGPC ਵੱਲੋਂ ਬੜੇ ਵੱਡੇ ਪੱਧਰ ਉਤੇ ਪੂਰੇ ਦੇਸ਼ ਦੇ ਵਿੱਚ ਮਨਾਏ ਜਾ ਰਹੇ ਹਨ। ਅਸਾਮ ਤੋਂ ਨਗਰ ਕੀਰਤਨ ਸ਼ੁਰੂ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਉਤੇ ਪੁੱਜੇਗਾ।
ਇਸ ਤੋਂ ਇਲਾਵਾ ਦਿੱਲੀ ਤੋਂ ਸ਼ੁਰੂ ਹੋ ਕੇ ਇਹ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉਤੇ ਪੁੱਜੇਗਾ। ਉਨ੍ਹਾਂ ਨੇ ਦੱਸਿਆ ਕਿ ਪੂਰੇ ਦੇਸ਼ ਚੋਂ ਵੱਖ-ਵੱਖ ਥਾਵਾਂ ਵਿਚੋਂ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਜਾ ਰਹੇ ਹਨ ਭਾਵ ਕਿ SGPC ਪੂਰੇ ਦੇਸ਼ ਦੇ ਵਿੱਚ ਇਹ ਸ਼ਤਾਬਦੀ ਸਮਾਗਮ ਮਨਾਉਣ ਜਾ ਰਹੀ ਹੈ। ਇਸ ਵਿੱਚ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵੱਡੇ ਪੱਧਰ ਉਤੇ ਐਸਜੀਪੀਸੀ ਦਾ ਸਹਿਯੋਗ ਕਰੇ।
ਰਘਬੀਰ ਸਿੰਘ ਨੇ ਕਿਹਾ ਕਿ ਕਿਸੇ ਵੱਡੇ ਸਮਾਗਮ ਤੋਂ ਭਾਵ ਇਹੀ ਹੁੰਦਾ ਹੈ ਕਿ ਇਹ ਸਮਾਗਮ ਆਉਂਦੀ ਰਹਿੰਦੀ ਦੁਨੀਆਂ ਤੱਕ ਯਾਦ ਰਹੇ ਤੇ ਇਸ ਦਾ ਸੁਨੇਹਾ ਮਾਨਵਤਾ ਨੂੰ ਇਕੱਠਾ ਕਰਨਾ ਹੁੰਦਾ ਹੈ ਸੋ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਡੇ ਪੱਧਰ ਉਤੇ ਸਹਿਯੋਗ ਕਰੇ ਤਾਂ ਕਿ ਆਉਣ ਵਾਲੀ ਰਹਿੰਦੀ ਦੁਨੀਆਂ ਤੱਕ ਇਸ 350 ਸਾਲਾ ਸ਼ਤਾਬਦੀ ਨੂੰ ਸੰਗਤ ਅਤੇ ਦੇਸ਼ ਦੇ ਲੋਕ ਯਾਦ ਰੱਖਣ।
ਹੈਡ ਗ੍ਰੰਥੀ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਉਤੇ ਅੰਮ੍ਰਿਤ ਸੰਚਾਰ ਵੀ ਕੀਤਾ ਜਾਵੇਗਾ। ਜਿਸ ਵਿੱਚ ਹਜ਼ਾਰਾਂ ਪ੍ਰਾਣੀ ਅੰਮ੍ਰਿਤ ਛੱਕ ਕੇ ਗੁਰੂ ਦੇ ਲੜ ਲੱਗਣਗੇ ਸੋ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਕਰੇ।