Khanna News: ਸੀਐੱਮ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਵਿਧਾਨ ਸਭਾ ਹਲਕਾ ਪਾਇਲ ਨੂੰ ਵੱਡੀ ਸੌਗਾਤ ਦਿੱਤੀ ਹੈ। ਪੰਜਾਬ ਸਰਕਾਰ ਨੇ ਹਲਕਾ ਪਾਇਲ ਦੇ ਬਲਾਕ ਦੋਰਾਹਾ ਅਧੀਨ ਪੈਂਦੇ ਪਿੰਡਾਂ ਦੀਆਂ 36 ਹੋਰ ਸੜਕਾਂ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਵਿਧਾਨ ਸਭਾ ਹਲਕਾ ਪਾਇਲ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੋਰਾਹਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਇਸੇ ਤਹਿਤ ਹਲਕਾ ਪਾਇਲ ਦੀਆ ਪ੍ਰਮੁੱਖ ਸੜਕਾਂ ਜਿਨ੍ਹਾਂ ਵੱਲ ਪਿਛਲੇ 10 ਸਾਲਾਂ ਤੋਂ ਕਿਸੇ ਵੀ ਸਰਕਾਰ ਨੇ ਧਿਆਨ ਨਹੀਂ ਦਿੱਤਾ, ਜਿਨ੍ਹਾਂ ਵਿੱਚ ਬੀਜਾ ਤੋਂ ਰਾੜਾ ਸਾਹਿਬ ਜਗੇੜਾ, ਮਲੌਦ ਤੋਂ ਰਾੜਾ ਸਾਹਿਬ ਅਤੇ ਮਲੌਦ-ਪਾਇਲ ਆਦਿ ਤੋਂ ਇਲਾਵਾ ਹਲਕੇ ਦੀਆਂ ਲਿੰਕ ਸੜ੍ਹਕਾਂ ਦਾ ਵੀ ਵੱਡੇ ਪੱਧਰ ਤੇ ਨਿਰਮਾਣ ਕੀਤਾ ਗਿਆ ਹੈ।
ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਲਕਾ ਪਾਇਲ ਦੇ ਬਲਾਕ ਦੋਰਾਹਾ ਅਧੀਨ ਪੈਂਦੇ ਪਿੰਡਾਂ ਦੀਆਂ 36 ਹੋਰ ਸੜਕਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜਿਨ੍ਹਾਂ ਦਾ ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਮੈਂ ਵਿਧਾਇਕ ਬਣਿਆ ਸੀ, ਉਸ ਸਮੇਂ ਹਲਕੇ ਦੀਆਂ ਸੜਕਾਂ ਦੀ ਹਾਲਤ ਬਹੁਤ ਖ਼ਰਾਬ ਸੀ। ਲੋਕਾਂ ਨੂੰ ਆਵਾਜਾਈ ਵਿੱਚ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਪੰਜਾਬ ਵਿੱਚ ਸਾਡੀ ਸਰਕਾਰ ਦੇ ਆਉਣ ਤੋਂ ਬਾਅਦ ਜਿਵੇਂ ਹੀ ਸੂਬੇ ਦੇ ਵਿੱਚ ਵਿਕਾਸ ਦੇ ਕੰਮਾਂ ਦੀ ਯਾਤਰਾ ਆਰੰਭ ਹੋਈ, ਉਸ ਸਮੇਂ ਤੋਂ ਹੀ ਹਲਕੇ ਦੀਆਂ ਸੜਕਾਂ ਨੂੰ ਨਵੀਂ ਜ਼ਿੰਦਗੀ ਮਿਲਣੀ ਸ਼ੁਰੂ ਹੋਈ ਹੈ। ਉਹਨਾਂ ਕਿਹਾ ਕਿ ਇਹਨਾਂ ਸੜਕਾਂ ਨਾਲ ਨਾ ਸਿਰਫ਼ ਆਸ-ਪਾਸ ਦੇ ਪਿੰਡਾਂ ਨੂੰ ਭਾਰੀ ਰਾਹਤ ਮਿਲੇਗੀ ਸਗੋਂ ਇਹਨਾਂ ਸੜਕਾਂ ਦੇ ਨਿਰਮਾਣ ਨਾਲ ਆਰਥਿਕ, ਸਾਮਾਜਿਕ ਅਤੇ ਵਪਾਰਕ ਗਤੀਵਿਧੀਆਂ ਵਿੱਚ ਵੀ ਤੇਜੀ ਆਵੇਗੀ।