War Against Drugs: ਪੰਜਾਬ ਸਰਕਾਰ ਹੁਣ ਨਸ਼ਿਆਂ ਦੇ ਖ਼ਿਲਾਫ਼ ਐਕਸ਼ਨ ਮੋਡ ਵਿੱਚ ਹੈ। ਨਸ਼ਾ ਤਸਕਰਾਂ ਦੀਆਂ ਸੰਪਤੀਆਂ ’ਤੇ ਬੁਲਡੋਜ਼ਰ ਦੀ ਕਾਰਵਾਈ ਜਾਰੀ ਹੈ।ਵੀਰਵਾਰ ਨੂੰ ਨਿਗਰਾਨੀ ਲਈ 5 ਮੰਤਰੀਆਂ ਦੀ ਇੱਕ ਹਾਈ ਪਾਵਰ ਕਮੇਟੀ ਬਣਾਈ ਗਈ, ਜਿਸਦੀ ਪਹਿਲੀ ਮੀਟਿੰਗ ਅੱਜ ਚੰਡੀਗੜ੍ਹ ਵਿੱਚ ਹੋਈ।
ਇਸ ਮੀਟਿੰਗ ਵਿੱਚ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਅਤੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ। ਇਸ ਕਮੇਟੀ ਦਾ ਚੇਅਰਮੈਨ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਬਣਾਇਆ ਗਿਆ ਹੈ, ਜਦਕਿ ਹੋਰ 4 ਮੰਤਰੀਆਂ ਨੂੰ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ ਗਿਆ ਹੈ। ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਅਮਨ ਅਰੋੜਾ, ਬਲਬੀਰ ਸਿੰਘ, ਲਾਲਜੀਤ ਸਿੰਘ ਭੁੱਲਰ ਅਤੇ ਤਰਨਪ੍ਰੀਤ ਸੋਂਧ ਇਸ ਕਮੇਟੀ ਦੇ ਮੈਂਬਰ ਹਨ।
ਇਸ ਮੁਹਿੰਮ ਨੂੰ ਲੈ ਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਪੂਰੀ ਕੈਬਨਿਟ ਨੂੰ ਵੱਖ-ਵੱਖ ਸ਼ਹਿਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪਹਿਲੀ ਮੀਟਿੰਗ 'ਚ ਕੈਬਨਿਟ ਮੈਂਬਰਾਂ ਨੂੰ ਸੂਬੇ ਦੇ ਸਾਰੇ ਜ਼ਿਲ੍ਹੇ ਵੰਡੇ ਗਏ ਹਨ। ਉਨ੍ਹਾਂ ਕਿਹਾ ਕਿ ਮੇਰੇ ਕੋਲ ਪਠਾਨਕੋਟ, ਗੁਰਦਾਸਪੁਰ, ਨਵਾਂ ਸ਼ਹਿਰ, ਰੋਪੜ, ਤਰਨਤਾਰਨ ਅਤੇ ਹੁਸ਼ਿਆਰਪੁਰ ਜ਼ਿਲ੍ਹਾ ਹੈ। ਆਉਣ ਵਾਲੇ ਸਮੇਂ 'ਚ ਇਨ੍ਹਾਂ ਸ਼ਹਿਰਾਂ 'ਚ ਜਾ ਕੇ ਮੀਟਿੰਗ ਕਰਾਂਗੇ।
ਹਰਪਾਲ ਸਿੰਘ ਚੀਮਾ ਨੇ ਕਿਹਾ ਇਸੇ ਤਰ੍ਹਾਂ ਮੰਤਰੀ ਅਮਨ ਅਰੋੜਾ ਕੋਲ ਜਲੰਧਰ, ਲੁਧਿਆਣਾ, ਪਟਿਆਲਾ, ਕਪੂਰਥਲਾ, ਮੁਹਾਲੀ ਅਤੇ ਅੰਮ੍ਰਿਤਸਰ ਜ਼ਿਲ੍ਹਾ ਹੈ। ਇਸ ਤੋਂ ਇਲਾਵਾ ਤਰੁਨਪ੍ਰੀਤ ਸਿੰਘ ਸੌਂਦ ਕੋਲ ਸੰਗਰੂਰ, ਬਰਨਾਲਾ, ਬਠਿੰਡਾ, ਮੋਗਾ, ਫਤਹਿਗੜ੍ਹ ਅਤੇ ਮਲੇਰਕੋਟਲਾ ਜ਼ਿਲ੍ਹਾ ਹੈ। ਇਸੇ ਤਰ੍ਹਾਂ ਲਾਲਜੀਤ ਸਿੰਘ ਭੁੱਲਰ ਕੋਲ ਫਰੀਦਕੋਟ, ਮਾਨਸਾ, ਮੁਕਤਸਰ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਾ ਹੈ। ਮੰਤਰੀ ਡਾ.ਬਲਬੀਰ ਪੂਰੇ ਪੰਜਾਬ ਦੇ ਲੋਕਾਂ ਦੀ ਸਿਹਤ ਦੀ ਦੇਖ-ਰੇਖ ਕਰਨਗੇ ਤੇ ਕਲੀਨਿਕਾਂ ਦਾ ਵੀ ਜਾਇਜ਼ਾ ਲੈਣਗੇ ਤਾਂ ਕਿ ਕਿਸੇ ਮਰੀਜ਼ ਨੂੰ ਕੋਈ ਘਾਟ ਮਹਿਸੂਸ ਨਾ ਹੋ ਸਕੇ।
ਮੰਤਰੀ ਚੀਮਾ ਨੇ ਕਿਹਾ ਕਿ ਪੂਰੇ ਪੰਜਾਬ ਦੀਆਂ ਮਾਵਾਂ ਤੇ ਭੈਣਾਂ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਕਿਸੇ ਦਾ ਬੱਚਾ ਜਾਂ ਪਤੀ ਨਸ਼ਾ ਕਰਦਾ ਹੈ ਉਸ ਨੂੰ ਤਰੁੰਤ ਡਾਕਟਰ ਕੋਲ ਲੈ ਕੇ ਜਾਣਾ ਚਾਹੀਦਾ ਹੈ ਤਾਂ ਕਿ ਉਹ ਇਸ ਦਲਦਲ 'ਚੋਂ ਬਾਹਰ ਆਉਣ ਅਤੇ ਨਸ਼ੇ ਦੀ ਚੇਨ ਟੁੱਟ ਸਕੇ। ਸਾਨੂੰ ਸਭ ਨੂੰ ਮਿਲ ਕੇ ਨਸ਼ੇ ਵਿਰੁੱਧ ਲੜਾਈ ਲੜਣੀ ਚਾਹੀਦੀ ਹੈ। ਉਨ੍ਹਾਂ ਕਿਹਾ ਆਸ ਹੈ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਨਸ਼ਾ ਖ਼ਤਮ ਹੋਵੇਗਾ। ਇਹ ਆਮ ਆਦਮੀ ਪਾਰਟੀ ਦਾ ਨਸ਼ਿਆਂ ਵਿਰੁੱਧ ਵੱਡਾ ਹਮਲਾ ਹੈ।
ਮੀਟਿੰਗ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਸੂਬੇ ਦੀਆਂ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋ ਕੇ ਨਸ਼ਿਆਂ ਵਿਰੁੱਧ ਲੜਨ ਦਾ ਸੱਦਾ ਦਿੱਤਾ ਹੈ। ਅਮਨ ਅਰੋੜਾ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਵਿੱਚ ਸਾਰਿਆਂ ਦਾ ਸਹਿਯੋਗ ਜ਼ਰੂਰੀ ਹੈ। ਪੰਜਾਬ ਸਰਕਾਰ ਵੱਲੋਂ ਉੱਥੇ ਸਾਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸਮਾਂਬੱਧ ਨਹੀਂ ਹੈ। ਇਹ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਨਸ਼ਾ ਖਤਮ ਨਹੀਂ ਹੋ ਜਾਂਦਾ। ਇਸ ਲਈ, ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਉਹ ਜਾਂ ਤਾਂ ਆਪਣਾ ਕਾਰੋਬਾਰ ਬੰਦ ਕਰ ਦੇਣ ਜਾਂ ਰਾਜ ਛੱਡ ਦੇਣ।