Kisan Andolan: ਪੰਜਾਬ ਅਤੇ ਹਰਿਆਣਾ ਦੀਆਂ 26 ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀਆਂ ਹਨ। ਕਿਸਾਨਾਂ ਦਾ ਅੰਦੋਲਨ ਅੱਜ ਸੱਤਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਪੰਜਾਬ ਹਰਿਆਣਾ ਸਰਹੱਦ ਉਪਰ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਡੇਰੇ ਲਗਾਏ ਹੋਏ ਹਨ ਇਥੇ ਹਾਲਾਤ ਕਾਫੀ ਤਣਾਅਪੂਰਨ ਬਣੇ ਹੋਏ ਹਨ।
ਦਰਅਸਲ ਪਿਛਲੇ ਕੁਝ ਦਿਨਾਂ ਤੋਂ ਐਮਐਸਪੀ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਸਰਕਾਰ ਨਾਲ ਅਤੇ ਮੰਤਰੀਆਂ ਨਾਲ ਪਹਿਲਾਂ 4 ਮੀਟਿੰਗਾਂ ਹੋ ਚੁੱਕੀਆਂ ਹਨ ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ ਹੈ। ਆਓ ਇੱਕ- ਇੱਕ ਕਰਕੇ ਦੱਸਦੇ ਹਨ ਕਿ ਹੁਣ ਤੱਕ ਦੀਆਂ ਮੀਟਿੰਗਾਂ ਵਿੱਚ ਕੀ ਕੁਝ ਹੋਇਆ ਅਤੇ ਕਿਸ ਗੱਲ ਉੱਤੇ ਵਿਚਾਰ ਚਰਚਾ ਚੱਲ ਰਹੀ ਹੈ---
ਇਸ ਤੋਂ ਪਹਿਲਾਂ 8, 12 ਅਤੇ 15 ਫਰਵਰੀ ਨੂੰ ਕੇਂਦਰੀ ਮੰਤਰੀਆਂ ਅਤੇ ਕਿਸਾਨ ਆਗੂਆਂ ਦੀ ਮੀਟਿੰਗ ਹੋਈ ਸੀ ਪਰ ਗੱਲਬਾਤ ਬੇਸਿੱਟਾ ਰਹੀ। ਇਹ ਮੀਟਿੰਗ ਉਸ ਸਮੇਂ ਹੋ ਰਹੀ ਹੈ ਜਦੋਂ ਹਜ਼ਾਰਾਂ ਕਿਸਾਨ ਪੰਜਾਬ-ਹਰਿਆਣਾ ਸਰਹੱਦ ਦੇ ਸ਼ੰਭੂ ਅਤੇ ਖਨੌਰੀ ਪੁਆਇੰਟਾਂ 'ਤੇ ਬੈਰੀਕੇਡਾਂ ਦੀਆਂ ਪਰਤਾਂ ਨਾਲ ਡੇਰੇ ਲਾਏ ਹੋਏ ਹਨ ਅਤੇ ਵੱਡੀ ਗਿਣਤੀ ਵਿਚ ਸੁਰੱਖਿਆ ਕਰਮਚਾਰੀ ਰਾਸ਼ਟਰੀ ਰਾਜਧਾਨੀ ਵੱਲ ਉਨ੍ਹਾਂ ਦੇ ਮਾਰਚ ਨੂੰ ਰੋਕ ਰਹੇ ਹਨ।
ਪਹਿਲਾਂ ਗੇੜ ਦੀ ਮੀਟਿੰਗ
ਕੇਂਦਰ ਅਤੇ ਕਿਸਾਨ ਆਗੂਆਂ ਵਿਚਾਲੇ 8 ਫਰਵਰੀ ਨੂੰ ਮੀਟਿੰਗ ਹੋਈ ਸੀ ਜਿਸ ’ਚ ਕਰੀਬ ਪੰਜ ਮੰਗਾਂ ’ਤੇ ਸਹਿਮਤੀ ਬਣੀ ਸੀ। ਇਸ ਮੀਟਿੰਗ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਚਾਲ ਹੋਈ ਸੀ ਪਰ ਅਗਲੀ ਮੀਟਿੰਗ ਵਿੱਚ ਮੁੱਖ ਮੰਤਰੀ ਆਪਣੇ ਪਰਿਵਾਰ ਸਮੇਤ ਅਯੁੱਧਿਆ ਰਾਮ ਮੰਦਿਰ ਦੇ ਦਰਸ਼ਨਾਂ ਲਈ ਗਏ ਹੋਏ ਸਨ ਜਿਸ ਕਰਕੇ ਉਨ੍ਹਾਂ ਨੇ ਮੀਟਿੰਗ ਵਿੱਚ ਸ਼ਮੂਲੀਅਤ ਨਹੀਂ ਕੀਤੀ।
ਦੂਜੇ ਗੇੜ ਦੀ ਮੀਟਿੰਗ
ਚੰਡੀਗੜ੍ਹ ਵਿੱਚ ਕੇਂਦਰੀ ਮੰਤਰੀਆਂ ਅਤੇ ਕਿਸਾਨ ਆਗੂਆਂ ਵਿਚਾਲੇ ਦੂਜੇ ਗੇੜ ਦੀ ਮੀਟਿੰਗ ਬੇਸਿੱਟਾ ਰਹੀ ਹੈ। ਇਹ ਮੀਟਿੰਗ ਚੰਡੀਗੜ੍ਹ ਦੇ ਸੈਕਟਰ-26 ਵਿੱਚ ਸਥਿਤ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਦੀ ਸੈਮੀਨਾਰ ਰੂਮ ਵਿੱਚ ਹੋਈ। ਮੀਟਿੰਗ ਵਿੱਚ ਕੇਂਦਰੀ ਮੰਤਰੀ ਅਰਜੁਨ ਮੁੰਡਾ, ਪੀਯੂਸ਼ ਗੋਇਲ ਅਤੇ ਨਿਤਿਆਨੰਦ ਰਾਏ ਸਮੇਤ ਪੰਜਾਬ ਦੇ ਮੰਤਰੀ ਕੁਲਦੀਪ ਧਾਲੀਵਾਲ ਵੀ ਹਾਜ਼ਰ ਰਹੇ। ਕਿਸਾਨਾਂ ਦੀਆਂ ਪ੍ਰਮੁੱਖ ਮੰਗਾਂ ਤਿੰਨ ਸਨ, ਜਿਨ੍ਹਾਂ ਨੂੰ ਲੈ ਕੇ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਸਹਿਮਤੀ ਨਹੀਂ ਬਣੀ ਜਿਸ ਤੋਂ ਬਾਅਦ ਕਿਸਾਨਾਂ ਨੇ 13 ਫਰਵਰੀ ਨੂੰ 10 ਵਜੇ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਸੀ।
ਇਹ ਵੀ ਪੜ੍ਹੋ: Chandigarh Farmer Meeting: ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਦੂਜੀ ਮੀਟਿੰਗ ਰਹੀ ਬੇਸਿੱਟਾ, ਕਿਸਾਨ ਕਰਨਗੇ ਦਿੱਲੀ ਕੂਚ
ਤੀਜੇ ਗੇੜ ਦੀ ਮੀਟਿੰਗ
ਚੰਡੀਗੜ੍ਹ ਦੇ ਸੈਕਟਰ 26 ਵਿਚਲੇ ਮਹਾਤਮਾ ਗਾਂਧੀ ਇੰਸਟੀਚਿਊਟ ਵਿੱਚ 6 ਘੰਟਿਆਂ ਤੋਂ ਵੱਧ ਸਮਾਂ ਚੱਲੀ ਇਸ ਗੱਲਬਾਤ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰੀ ਖੇਤੀ ਮੰਤਰੀ ਅਰਜੁਨ ਮੁੰਡਾ ਨੇ ਸਾਰਥਕ ਗੱਲਬਾਤ ਦੱਸਿਆ ਹੈ। ਐੱਮਐੱਸਪੀ, ਸਵਾਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਿਸ਼ਾਂ ਤੇ ਕਿਸਾਨਾਂ ਦੇ ਕਰਜ਼ੇ ਸਣੇ ਸਾਰੀਆਂ ਮੰਗਾਂ ਉੱਤੇ ਚਰਚਾ ਹੋਈ ਹੈ। ਭਗਵੰਤ ਮਾਨ ਨੇ ਕਿਹਾ, ‘‘ਲੰਬੀ ਚੌੜੀ ਗੱਲਬਾਤ ਹੋਈ ਹੈ, ਇਸ ਤੀਜੀ ਬੈਠਕ ਦੌਰਾਨ, ਮੈਂ ਪੰਜਾਬ ਦੇ ਮੁਖੀ ਹੋਣ ਦੇ ਨਾਤੇ ਆਪਣੇ ਲੋਕਾਂ ਦੇ ਹੱਕ ਵਿੱਚ ਆਇਆ ਹਾਂ।
ਚੌਥੇ ਗੇੜ ਦੀ ਮੀਟਿੰਗ
ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਨੂੰ ਲੈ ਕੇ 18 ਫਰਵਰੀ ਨੂੰ ਚੰਡੀਗੜ੍ਹ ਵਿੱਚ ਕਿਸਾਨ ਆਗੂਆਂ ਅਤੇ ਤਿੰਨ ਕੇਂਦਰੀ ਮੰਤਰੀਆਂ ਵਿਚਾਲੇ ਚੌਥੇ ਦੌਰ ਦੀ ਮੀਟਿੰਗ ਹੋਈ। ਇਸ ਵਿਚ ਕੇਂਦਰ ਸਰਕਾਰ ਤਿੰਨ ਹੋਰ ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਲਈ ਤਿਆਰ ਹੋ ਗਈ ਹੈ। ਕੇਂਦਰ ਦੇ ਇਸ ਪ੍ਰਸਤਾਵ 'ਤੇ ਮੀਟਿੰਗ 'ਚ ਮੌਜੂਦ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਸਾਰੀਆਂ ਜਥੇਬੰਦੀਆਂ ਨਾਲ ਗੱਲ ਕਰਕੇ ਅੱਜ ਹੀ ਇਸ 'ਤੇ ਅੰਤਿਮ ਫੈਸਲਾ ਦੇਣਗੇ।
ਇਹ ਵੀ ਪੜ੍ਹੋ: Punjab Kisan Andolan: ਕੀ ਕਿਸਾਨ ਦਿੱਲੀ ਵੱਲ ਪਾਉਣਗੇ ਚਾਲੇ? ਸੁਣੋ ਕਿਸਾਨਾਂ ਦੀ ਪੂਰੀ ਅਗਲੀ ਰਣਨੀਤੀ