Home >>Punjab

ਪੰਜਾਬ ਮੰਡੀ ਬੋਰਡ ਦੇ ਸਕੱਤਰ ਵੱਲੋਂ ਸੰਗਰੂਰ ਦੀਆਂ ਵੱਖ-ਵੱਖ ਅਨਾਜ ਮੰਡੀਆਂ ਦਾ ਅਚਨਚੇਤ ਦੌਰਾ

Sangrur News:  ਸਕੱਤਰ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ 24 ਘੰਟੇ ਮੰਡੀਆਂ ਵਿੱਚ ਮੁਸਤੈਦ ਰਹਿਣ ਅਤੇ ਮੰਡੀਆਂ ਵਿੱਚ ਆਉਣ ਵਾਲੇ ਕਿਸਾਨਾਂ ਲਈ ਹਰ ਸੁਵਿਧਾ ਨੂੰ ਯਕੀਨੀ ਬਣਾਉਣ।

Advertisement
ਪੰਜਾਬ ਮੰਡੀ ਬੋਰਡ ਦੇ ਸਕੱਤਰ ਵੱਲੋਂ ਸੰਗਰੂਰ ਦੀਆਂ ਵੱਖ-ਵੱਖ ਅਨਾਜ ਮੰਡੀਆਂ ਦਾ ਅਚਨਚੇਤ ਦੌਰਾ
Manpreet Singh|Updated: Apr 19, 2025, 08:33 PM IST
Share

Sangrur News: ਪੰਜਾਬ ਮੰਡੀ ਬੋਰਡ ਦੇ ਸਕੱਤਰ ਰਾਮਵੀਰ ਵੱਲੋਂ ਜ਼ਿਲ੍ਹਾ ਸੰਗਰੂਰ ਦੀਆਂ ਅਨਾਜ ਮੰਡੀਆਂ ਦਾ ਅਚਨਚੇਤ ਦੌਰਾ ਕੀਤਾ ਗਿਆ। ਧੂਰੀ ਅਤੇ ਸੰਗਰੂਰ ਅਨਾਜ ਮੰਡੀਆਂ ਵਿੱਚ ਉਨ੍ਹਾਂ ਨੇ ਆਪਣੇ ਦੌਰੇ ਦੌਰਾਨ ਕਿਸਾਨਾਂ ਦੁਆਰਾ ਅਨਾਜ ਮੰਡੀਆਂ ਵਿੱਚ ਲਿਆਂਦੀ ਗਈ ਕਣਕ ਦੀਆਂ ਢੇਰੀਆਂ ਵਿੱਚ ਨਮੀ ਦਾ ਨਿਰੀਖਣ ਵੀ ਕੀਤਾ। 

ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨੀਂ ਆਏ ਭਾਰੀ ਤੂਫ਼ਾਨ ਤੇ ਮੀਂਹ ਕਾਰਨ ਮੰਡੀਆਂ ਵਿਚ ਨੀਵੀਆਂ ਥਾਵਾਂ ਉੱਤੇ ਲੱਗੀਆਂ ਕਣਕ ਦੀਆਂ ਕੁਝ ਢੇਰੀਆਂ ਨੂੰ ਪਾਣੀ ਜ਼ਰੂਰ ਲੱਗਿਆ ਸੀ ਪਰ ਮੰਡੀਆਂ ਵਿੱਚ ਮੌਜੂਦ ਮੰਡੀ ਬੋਰਡ ਦੇ ਮੁਲਾਜ਼ਮਾਂ ਤੇ ਆੜ੍ਹਤੀਆਂ ਨੇ ਮੁਸਤੈਦੀ ਵਰਤਦੇ ਹੋਏ ਪੱਖੇ ਲਗਾ ਕੇ ਕਣਕ ਨੂੰ ਸੁਕਾਉਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਹੋਈ ਹੈ। 

ਉਨ੍ਹਾਂ ਦੱਸਿਆ ਕਿ ਜਿਹੜੀਆਂ ਮੰਡੀਆਂ ਵਿੱਚ ਪਾਣੀ ਖੜਿਆ ਸੀ ਉਨ੍ਹਾਂ ਵਿਚੋਂ ਦੋ ਘੰਟਿਆਂ ਦੇ ਅੰਦਰ ਪਾਣੀ ਦਾ ਨਿਕਾਸ ਕਰਵਾ ਦਿੱਤਾ ਗਿਆ। ਸਕੱਤਰ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ 24 ਘੰਟੇ ਮੰਡੀਆਂ ਵਿੱਚ ਮੁਸਤੈਦ ਰਹਿਣ ਅਤੇ ਮੰਡੀਆਂ ਵਿੱਚ ਆਉਣ ਵਾਲੇ ਕਿਸਾਨਾਂ ਲਈ ਹਰ ਸੁਵਿਧਾ ਨੂੰ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਖਰੀਦੀ ਜਾਣ ਵਾਲੀ ਫਸਲ ਦੀ 72 ਘੰਟਿਆਂ ਵਿੱਚ ਲਿਫਟਿੰਗ ਨਾ ਹੋਣ ਦੀ ਸੂਰਤ ਵਿੱਚ ਸਬੰਧਤ ਖਰੀਦ ਏਜੰਸੀਆਂ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ।

ਪੰਜਾਬ ਮੰਡੀ ਬੋਰਡ ਦੇ ਸਕੱਤਰ  ਰਾਮਵੀਰ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੂੰ ਸੰਜਮ ਰੱਖਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹਰ ਵੇਲੇ ਕਿਸਾਨਾਂ ਦੇ ਨਾਲ ਖੜੀ ਹੈ। 

ਇਸ ਮੌਕੇ ਮੁੱਖ ਮੰਤਰੀ ਫੀਲਡ ਅਫਸਰ ਕਰਮਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਣਕ ਦੇ ਸਮੁੱਚੇ ਸੀਜ਼ਨ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਦੇ ਆਦੇਸ਼ ਦਿੱਤੇ ਗਏ ਹਨ । ਉਨ੍ਹਾਂ ਦੱਸਿਆ ਕਿ  ਅਧਿਕਾਰੀਆਂ ਨੂੰ ਕਿਸਾਨਾਂ ਦੁਆਰਾ ਅਨਾਜ ਮੰਡੀਆਂ ਵਿੱਚ ਲਿਆਂਦੀ ਸੁੱਕੀ ਫਸਲ ਦੀ ਸਰਕਾਰੀ ਬੋਲੀ 24 ਘੰਟਿਆਂ ਅੰਦਰ ਕਰਵਾਉਣ, ਸਰਕਾਰੀ ਏਜੰਸੀਆਂ ਵੱਲੋਂ ਖਰੀਦੀ ਜਿਨਸ ਦੀ ਅਦਾਇਗੀ 48 ਘੰਟਿਆਂ ਅੰਦਰ ਕਰਨ ਅਤੇ ਖਰੀਦੀ ਫ਼ਸਲ ਦੀ ਲਿਫਟਿੰਗ 72 ਘੰਟਿਆਂ ਅੰਦਰ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ।

ਇਸ ਮੌਕੇ ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੇ ਪੰਜਾਬ ਸਰਕਾਰ ਦੀ ਤਰਫੋਂ ਵਿਸ਼ਵਾਸ ਦਿਵਾਇਆ ਕਿ ਅਨਾਜ ਮੰਡੀਆਂ ਵਿੱਚ ਲਿਆਂਦੀ ਗਈ ਜਿਨਸ ਦੇ ਹਰ ਇੱਕ ਦਾਣੇ ਦੀ ਖਰੀਦ ਕਰਨ ਲਈ ਸਰਕਾਰ ਵਚਨਬੱਧ ਹੈ।

Read More
{}{}