ਚੰਡੀਗੜ੍ਹ (ਕਮਲਦੀਪ ਸਿੰਘ ) : ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਬੀਤੇ ਸ਼ਨੀਵਾਰ ਪਾਰਟੀ ਦੇ ਪ੍ਰਮੁੱਖ ਆਗੂਆਂ ਦੀ ਇੱਕ ਅਹਿਮ ਮੀਟਿੰਗ ਹੋਈ ਸੀ। ਜਿਸ ਵਿਚ ਸਰਵਸੰਮਤੀ ਨਾਲ ਮੌਜੂਦਾ ਸਿਆਸੀ ਹਾਲਾਤ ਨੂੰ ਮੁੱਖ ਰੱਖਦੇ ਹੋਏ ਪਾਰਟੀ ਦੀ ਅਗਲੀ ਰਣਨੀਤੀ ਉਲੀਕਣ ਲਈ ਪਾਰਟੀ ਵਰਕਰਾਂ ਨਾਲ ਗੱਲਬਾਤ ਕਰ
ਉਨ੍ਹਾਂ ਦੀ ਰਾਏ ਲੈਣ ਲਈ ਇਕ ਕਮੇਟੀ ਗਠਿਤ ਕਰਨ ਦੇ ਪੂਰਨ ਅਧਿਕਾਰ ਪਾਰਟੀ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਨੂੰ ਦਿੱਤੇ ਗਏ ਸਨ। ਜਿਸ ਦੇ ਬਾਅਦ ਇਸ ਸਬੰਧ ਵਿੱਚ ਅੱਜ ਸਖਦੇਵ ਢੀਂਡਸਾ ਵੱਲੋ ਪਾਰਟੀ ਦੇ ਸੀਨੀਅਰ ਆਗੂਆਂ ਦੀ ਪੰਜ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ।
ਇਸ ਕਮੇਟੀ ਵਿੱਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਜਸਟਿਸ ਨਿਰਮਲ ਸਿੰਘ (ਸੇਵਾ ਮੁਕਤ) ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੈਂਬਰਾਂ ਵਜੋਂ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਔਲਖ, ਜਰਨਲ ਸਕੱਤਰ ਮਨਜੀਤ ਸਿੰਘ ਦਸੂਹਾ, ਜਨਰਲ ਸਕੱਤਰ ਸੁਖਵੰਤ ਸਿੰਘ ਸਰਾਓ ਅਤੇ ਅਗਜੈਕਟਿਵ ਮੈਂਬਰ (ਐਸ ਜੀ ਪੀ ਸੀ) ਜਸਵੰਤ ਸਿੰਘ ਪੜੈਣ,ਦਾ ਨਾਮ ਸ਼ਾਮਿਲ ਹੈ।
ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਇਹ ਕਮੇਟੀ 15 ਦਿਨਾਂ ਦੇ ਅੰਦਰ ਪੰਜਾਬ ਦੇ ਹਰੇਕ ਜ਼ਿਲ੍ਹੇ ਵਿਚ ਪਾਰਟੀ ਵਰਕਰਾਂ ਨਾਲ ਗੱਲਬਾਤ ਕਰਕੇ ਇਕ ਰਿਪੋਰਟ ਉਨ੍ਹਾਂ ਨੂੰ ਸੌਂਪੇਗੀ। ਜਿਸ ਦੇ ਬਾਅਦ ਸੀਨੀਅਰ ਆਗੂਆਂ ਦੀ ਮੀਟਿੰਗ ਸੱਦ ਕੇ ਇਸ ਰਿਪੋਰਟ ਉਤੇ ਫੈਸਲਾ ਲਿਆ ਜਾਵੇਗਾ ਅਤੇ ਅਗਲੀ ਰਣਨੀਤੀ ਉਲੀਕੀ ਜਾਵੇਗੀ।
ਇਹ ਵੀ ਪੜ੍ਹੋ:
ਦੱਸ ਦਈਏ ਕੀ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਦੀ ਸਰਕਾਰ ਵਿੱਚ ਹੋਈਆਂ ਬੇਅਦਬੀਆਂ ਅਤੇ ਗੋਲੀਕਾਂਡ ਦਾ ਇਨਸਾਫ਼ ਦਿੱਤੇ ਜਾਣ ਨੂੰ ਲੈਕੇ ਅਕਾਲ ਤਖ਼ਤ ਸਾਹਿਬ ਉਤੇ 103ਵੇਂ ਸਥਾਪਨਾ ਦਿਵਸ ਮੌਕੇ ਮੁਆਫ਼ੀ ਮੰਗੀ ਗਈ ਸੀ। ਇਸ ਮੌਕੇ ਪ੍ਰਧਾਨ ਸੁਖਬੀਰ ਬਾਦਲ ਨੇ ਨਾਰਾਜ਼ ਅਕਾਲੀ ਆਗੂਆਂ ਨੂੰ ਪਾਰਟੀ ਵਿੱਚ ਵਾਪਸ ਆਉਣ ਦੀ ਅਪੀਲ ਕੀਤੀ ਸੀ।
ਇਸ ਤੋਂ ਬਾਅਦ ਸੁਖਦੇਵ ਢੀਂਡਸਾ ਨੇ ਇਸ਼ਾਰਾ ਕੀਤਾ ਹੈ ਕਿ ਉਹ ਫਿਰ ਤੋਂ ਵਾਪਸੀ ਕਰ ਸਕਦੇ ਹਨ ਪਰ ਸਪੱਸ਼ਟ ਕਿਹਾ ਕਿ ਪਾਰਟੀ ਮੈਂਬਰਾਂ ਦੀ ਸਹਿਮਤੀ ਤੋਂ ਬਿਨਾਂ ਅਜਿਹਾ ਸੰਭਵ ਨਹੀਂ ਹੈ। ਸੁਖਦੇਵ ਸਿੰਘ ਢੀਂਡਸਾ ਨੇ ਸੁਖਬੀਰ ਬਾਦਲ ਵੱਲੋਂ ਮੰਗੀ ਇਸ ਮੁਆਫ਼ੀ ਦਾ ਸੁਆਗਤ ਕੀਤਾ ਸੀ।
ਇਹ ਵੀ ਪੜ੍ਹੋ: