Farmer Protest: ਖਨੌਰੀ ਬਾਰਡਰ ‘ਤੇ ਕਿਸਾਨਾਂ ਵੱਲੋਂ ਲਗਾਏ ਗਏ ਟੈਂਟ ਪੁਲਿਸ ਵੱਲੋਂ ਹਟਾ ਦਿੱਤੇ ਗਏ ਹਨ। ਪੰਜਾਬ ਪੁਲਿਸ ਵੱਲੋਂ ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ਤੋਂ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ। ਇਸ ਦੇ ਨਾਲ ਹੀ ਟੈਂਟਾਂ ਵਿੱਚ ਲਗਾਏ ਗਏ ਬੈਨਰ, ਪੋਸਟਰ, ਪੱਖੇ, ਸਟੇਜ ਅਤੇ ਬਿਜਲੀ ਦੇ ਕੁਨੈਕਸ਼ਨ ਵੀ ਹਟਾ ਦਿੱਤੇ ਗਏ ਹਨ। ਖਨੌਰੀ ਬਾਰਡਰ ’ਤੇ ਜੇਸੀਬੀ ਮਸ਼ੀਨਾਂ ਨਾਲ ਕਿਸਾਨਾਂ ਦੇ ਟੈਂਟ ਹਟਾ ਦਿੱਤੇ ਗਏ ਹਨ। ਪੰਜਾਬ ਪੁਲਿਸ ਵੱਲੋਂ ਹਿਰਾਸਤ ‘ਚ ਲਏ ਗਏ ਸਾਰੇ ਕਿਸਾਨ ਆਗੂਆਂ ਨੂੰ ਬਹਾਦਰਗੜ੍ਹ ਕਮਾਂਡੋ ਸੈਂਟਰ ਵਿੱਚ ਰੱਖਿਆ ਗਿਆ ਹੈ। ਪੁਲਿਸ ਨੇ ਇਹ ਕਾਰਵਾਈ ਪੰਜਾਬ-ਹਰਿਆਣਾ ਸ਼ੰਭੂ ਸਰਹੱਦ ਨੂੰ ਖਾਲੀ ਕਰਵਾਉਣ ਲਈ ਕੀਤੀ ਹੈ।
ਦੱਸ ਦਈਏ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਭੁੱਖ ਹੜਤਾਲ ‘ਤੇ ਬੈਠੇ ਸਨ। ਪਰ ਬੁੱਧਵਾਰ ਨੂੰ ਪੰਜਾਬ ਪੁਲਿਸ ਨੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਪੰਜਾਬ-ਹਰਿਆਣਾ ਸ਼ੰਭੂ ਸਰਹੱਦ ’ਤੇ ਕਿਸਾਨਾਂ ਵੱਲੋਂ ਬਣਾਈ ਗਈ ਸਟੇਜ਼ ਨੂੰ ਹਟਾ ਦਿੱਤਾ ਗਿਆ।
ਪ੍ਰਸ਼ਾਸਨ ਵੱਲੋਂ ਸ਼ੰਭੂ ਅਤੇ ਖਨੌਰੀ ਸਰਹੱਦ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਇਸ ਮੌਕੇ ਪੁਲਿਸ ਨੇ ਖਨੌਰੀ ਬਾਰਡਰ ਖਾਲੀ ਕਰਵਾ ਲਿਆ ਹੈ। ਪੁਲਿਸ ਨੇ ਕਿਸਾਨਾਂ ਵੱਲੋਂ ਬਾਰਡਰ ਉਤੇ ਲਗਾਏ ਹੋਰਡਿੰਗ ਉਤਾਰ ਦਿੱਤੇ ਹਨ ਅਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਉਥੋਂ ਹੱਟਾ ਦਿੱਤਾ ਗਿਆ ਹੈ। ਪੰਜਾਬ ਪੁਲਿਸ ਵੱਲੋਂ ਦੋਵੇਂ ਬਾਰਡਰਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਕਲੀਅਰ ਕਰ ਦਿੱਤਾ ਗਿਆ। ਕਿਸਾਨਾਂ ਦੇ ਟਰੈਕਟਰ ਟਰਾਲੀਆਂ ਨੂੰ ਨੇੜੇ ਬਣਾਏ ਗਏ ਇੱਕ ਯਾਰਡ ਵਿੱਚ ਰੱਖਿਆ ਗਿਆ ਹੈ।