PRTC Punbus Strike: ਪੰਜਾਬ ਵਿੱਚ ਸਰਕਾਰੀ ਬੱਸਾਂ ਵਿੱਚ ਰੋਜ਼ਾਨਾ ਸਫਰ ਕਰਨ ਵਾਲੇ ਲੋਕਾਂ ਲਈ ਅਹਿਮ ਖ਼ਬਰ ਹੈ। ਪਨਬੱਸ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਤਿੰਨ ਦੀ ਹੜਤਾਲ ਦਾ ਐਲਾਨ ਕੀਤਾ ਹੋਇਆ ਹੈ। ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਕੱਚੇ ਕਰਮਚਾਰੀ ਅੱਜ (ਬੁੱਧਵਾਰ) ਤੋਂ ਹੜਤਾਲ 'ਤੇ ਚਲੇ ਜਾਣਗੇ। ਇਸ ਦੌਰਾਨ ਉਹ ਬੱਸਾਂ ਦਾ ਪੂਰੀ ਤਰ੍ਹਾਂ ਚੱਕਾ ਜਾਮ ਕਰਨਗੇ। ਹਾਲਾਂਕਿ ਪੀਆਰਟੀਸੀ ਦੇ ਪੱਕੇ ਕਰਮਚਾਰੀਆਂ ਨੇ ਬੱਸਾਂ ਆਮ ਵਾਂਗ ਚਲਾਉਣ ਦਾ ਭਰੋਸਾ ਦਿੱਤਾ ਹੈ ਪਰ ਕੱਚੇ ਕਰਮਚਾਰੀਆਂ ਵੱਲੋਂ ਸੰਭਾਵਿਤ ਕਿਸੇ ਕਿਸਮ ਦੇ ਹੰਗਾਮੇ ਨੂੰ ਰੋਕਣ ਲਈ ਡਿਪੂ ਦੇ ਅਧਿਕਾਰੀਆਂ ਵੱਲੋਂ ਪੁਲਿਸ ਦੀ ਮਦਦ ਵੀ ਲਈ ਜਾਵੇਗੀ।
ਕੱਚੇ ਕਰਮਚਾਰੀ ਪੱਕੀਆਂ ਨੌਕਰੀਆਂ ਦੀ ਮੰਗ ਨੂੰ ਲੈ ਕੇ ਹੜਤਾਲ ਕਰ ਰਹੇ ਹਨ। 9 ਤੋਂ 11 ਜੁਲਾਈ ਨੂੰ ਤਿੰਨ ਦਿਨ ਸਰਕਾਰੀ ਬੱਸਾਂ ਬੰਦ ਰਹਿਣਗੀਆਂ। ਜੇ ਅਸੀਂ ਬਠਿੰਡਾ ਦੇ ਪੀਆਰਟੀਸੀ ਡਿਪੂ ਦੀ ਗੱਲ ਕਰੀਏ ਤਾਂ ਇੱਥੇ 204 ਬੱਸਾਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕੱਚੇ ਮੁਲਾਜ਼ਮ ਚਲਾਉਂਦੇ ਹਨ। ਇਸ ਵੇਲੇ ਬਠਿੰਡਾ ਡਿਪੂ ਵਿਚ 305 ਕੰਡਕਟਰ ਤੇ 251 ਡਰਾਈਵਰ ਹਨ। ਜਿਨ੍ਹਾਂ ਵਿੱਚੋਂ ਸਿਰਫ਼ 18 ਡਰਾਈਵਰ ਅਤੇ 13 ਕੰਡਕਟਰ ਹੀ ਪੱਕੇ ਤੌਰ ਉਤੇ ਕੰਮ ਕਰ ਰਹੇ ਹਨ ਪਰ ਹੁਣ ਠੇਕੇਦਾਰ ਅਧੀਨ ਕੰਮ ਕਰਨ ਵਾਲੇ ਸਾਰੇ ਮੁਲਾਜ਼ਮਾਂ ਨੇ ਹੜਤਾਲ ਉਤੇ ਜਾਣ ਦੀ ਚਿਤਾਵਨੀ ਦਿੱਤੀ ਹੈ।
ਮੁਲਾਜ਼ਮਾਂ ਨੇ ਗੇਟ ਰੈਲੀ ਕੀਤੀ ਤੇ ਹੜਤਾਲ ਦਾ ਕੀਤਾ ਐਲਾਨ
ਰੋਡਵੇਜ਼ ਕਰਮਚਾਰੀਆਂ ਵੱਲੋਂ 9 ਤੋਂ 11 ਜੁਲਾਈ ਤਕ ਕੀਤੀ ਜਾਣ ਵਾਲੀ ਹੜਤਾਲ ਤੋਂ ਪਹਿਲਾਂ ਬਠਿੰਡਾ ਪੀਆਰਟੀਸੀ ਡਿਪੂ ਵਿੱਚ ਗੇਟ ਰੈਲੀ ਕੀਤੀ ਗਈ। ਜਿਸ ਦੌਰਾਨ ਸੂਬਾ ਆਗੂ ਕੁਲਵੰਤ ਸਿੰਘ ਮਨੇਸ ਨੇ ਕਿਹਾ ਕਿ ਤਿੰਨ ਸਾਲ ਬੀਤ ਜਾਣ ਉਤੇ ਵੀ ''ਆਪ'' ਸਰਕਾਰ ਨੇ ਠੇਕੇਦਾਰੀ ਪ੍ਰਣਾਲੀ ਖਤਮ ਕਰਕੇ ਇਕ ਵੀ ਕਰਮਚਾਰੀ ਨੂੰ ਰੈਗੂਲਰ ਨਹੀਂ ਕੀਤਾ ਹੈ।
ਜਦੋਂ ਕਿ ਪਿਛਲੇ ਸਾਲ ਮੁੱਖ ਮੰਤਰੀ ਨੇ 1 ਜੁਲਾਈ ਨੂੰ ਹੋਈ ਮੀਟਿੰਗ ਵਿਚ ਕਮੇਟੀ ਬਣਾਉਣ ਅਤੇ 1 ਮਹੀਨੇ ਦੇ ਅੰਦਰ ਮੰਗਾਂ ਦਾ ਹੱਲ ਕਰਨ ਦਾ ਵਾਅਦਾ ਕੀਤਾ ਸੀ ਪਰ ਕਮੇਟੀ ਬਣੇ ਨੂੰ 1 ਸਾਲ ਹੋ ਗਿਆ ਹੈ ਪਰ ਅਜੇ ਤਕ ਕੋਈ ਸਮੱਸਿਆ ਹੱਲ ਨਹੀਂ ਹੋਇਆ। ਉਨ੍ਹਾਂ ਦੋਸ਼ ਲਗਾਇਆ ਕਿ ਪਹਿਲਾ ਠੇਕੇਦਾਰ 12-13 ਕਰੋੜ ਰੁਪਏ ਦੀ ਸੁਰੱਖਿਆ, ਈਪੀਐਫ, ਈਐਸਆਈ ਲੁੱਟ ਕੇ ਸਿੱਧਾ ਭੱਜ ਗਿਆ। ਫਿਰ ਦੂਜਾ ਠੇਕੇਦਾਰ ਵੀ ਇਸੇ ਤਰ੍ਹਾਂ ਲੁੱਟ ਕਰਕੇ ਭੱਜ ਗਿਆ।