Republic Day: 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ 'ਚ ਹੋਣ ਵਾਲੀ ਪਰੇਡ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਇਸ ਵਾਰ 26 ਜਨਵਰੀ ਨੂੰ ਦਿੱਲੀ ਵਿੱਚ ਹੋਣ ਵਾਲੀ ਪਰੇਡ ਵਿੱਚ ਪੰਜਾਬ ਦੀ ਝਾਕੀ ਦੇਖਣ ਨੂੰ ਮਿਲੇਗੀ। ਜਾਣਕਾਰੀ ਅਨੁਸਾਰ ਪਰੇਡ ਵਿੱਚ ਪੰਜਾਬ ਦੀ ਝਾਕੀ ਨੂੰ ਕੇਂਦਰ ਸਰਕਾਰ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ। ਝਾਕੀ ਵਿੱਚ ਪੰਜਾਬ ਦੇ ਸੱਭਿਆਚਾਰ ਦੇ ਰੰਗ ਵਿਖਾਏ ਜਾਣਗੇ।
ਦੱਸ ਦੇਈਏ ਕਿ ਪਿਛਲੀ ਵਾਰ ਕੇਂਦਰ ਵੱਲੋਂ ਪੰਜਾਬ ਦੀ ਝਾਕੀ ਦੀ ਚੋਣ ਨਹੀਂ ਕੀਤੀ ਗਈ ਸੀ। ਇਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਇਸ ਵਾਰ ਹਰਿਆਣਾ ਅਤੇ ਚੰਡੀਗੜ੍ਹ ਦੀ ਝਾਕੀ ਵੀ ਚੁਣੀ ਗਈ ਹੈ ਪਰ ਦਿੱਲੀ ਦੀ ਝਾਕੀ ਨੂੰ ਰੱਦ ਕਰ ਦਿੱਤਾ ਗਿਆ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ਝਾਕੀ ਨੂੰ ਰੱਦ ਕਰਨ 'ਤੇ ਸਵਾਲ ਖੜ੍ਹੇ ਕੀਤੇ ਹਨ।
ਗਣਤੰਤਰ ਦਿਵਸ ਪਰੇਡ ਦੀ ਝਾਕੀ ਦੀ ਚੋਣ ਕਰਨ ਵਾਲੀ ਮਾਹਿਰ ਕਮੇਟੀ ਨੇ ਦਿੱਲੀ ਦੀ ਤਰਫੋਂ ਦਿੱਤੀ ਗਈ ਥੀਮ ਨੂੰ ਖ਼ਾਰਜ ਕਰ ਦਿੱਤਾ ਹੈ। ਇਸ ਵਾਰ ਵੀ ਪਰੇਡ ਵਿਚ ਜਿੱਥੇ ਦਿੱਲੀ ਦੀ ਝਾਕੀ ਨੂੰ ਮਨਜ਼ੂਰੀ ਨਹੀਂ ਮਿਲੀ, ਉਥੇ ਚਾਰ ਸੂਬਿਆਂ ਨੇ ਖ਼ੁਦ ਹੀ ਅਸਮਰਥਾ ਜ਼ਾਹਰ ਕਰਦੇ ਹੋਏ ਇਸ ਵਾਰ ਆਪਣੀ ਵਾਰੀ ਛੱਡ ਦਿੱਤੀ ਹੈ। ਇਨ੍ਹਾਂ ਸਾਰਿਆਂ ਦੀ ਥਾਂ ਉਤੇ ਉੱਤਰ ਪ੍ਰਦੇਸ਼ ਤੇ ਗੁਜਰਾਤ ਸਮੇਤ ਹੋਰਨਾਂ ਸੂਬਿਆਂ ਨੂੰ ਆਪਣੀ ਝਾਕੀ ਦਿਖਾਉਣ ਦਾ ਮੌਕਾ ਦਿੱਤਾ ਗਿਆ ਹੈ।
ਰਾਜਧਾਨੀ ਦਿੱਲੀ ਵਿਚ ਫਰਵਰੀ ਮਹੀਨੇ ਦੌਰਾਨ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਜਿਹੇ ਵਿਚ ਗਣਤੰਤਰ ਦਿਵਸ ਦੀ ਝਾਕੀ ਨੂੰ ਅਪ੍ਰਵਾਨ ਕੀਤੇ ਜਾਣ ਨੂੰ ਸੱਤਾਧਾਰੀ ਆਮ ਆਦਮੀ ਪਾਰਟੀ ਇਕ ਵਾਰ ਫਿਰ ਸਿਆਸੀ ਮੁੱਦਾ ਬਣਾਉਣ ਤੋਂ ਸ਼ਾਇਦ ਗੁਰੇਜ਼ ਕਰੇਗੀ।
ਗ਼ੌਰਤਲਬ ਹੈ ਕਿ 2024 ਦੀ ਗਣਤੰਤਰ ਦਿਵਸ ਪਰੇਡ ਵਿਚ ਵੀ ਪੰਜਾਬ ਦੇ ਨਾਲ ਦਿੱਲੀ ਦੀ ਝਾਕੀ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ਇਸ ਉਤੇ ਖ਼ੂਬ ਸਿਆਸੀ ਵਿਵਾਦ ਹੋਇਆ ਸੀ। ਇਸ ਦੇ ਮੱਦੇਨਜ਼ਰ ਰੱਖਿਆ ਮੰਤਰਾਲਾ ਨੇ ਇਸੇ ਸਾਲ ਇਹ ਨਿਯਮ ਬਣਾ ਦਿੱਤਾ ਕਿ ਤਿੰਨ ਸਾਲਾਂ ਵਿਚ ਘੱਟੋ-ਘੱਟ ਇਕ ਵਾਰ ਹਰ ਸੂਬੇ ਨੂੰ ਝਾਕੀ ਦਿਖਾਉਣ ਦਾ ਮੌਕਾ ਮਿਲੇਗਾ।
ਇਹ ਵੀ ਪੜ੍ਹੋ : Punjab Breaking Live Updates: ਸੋਹਾਣਾ 'ਚ ਡਿੱਗੀ ਵੱਡੀ ਬਹੁਮੰਜ਼ਿਲਾ ਇਮਾਰਤ, 2 ਦੀ ਮੌਤ: 3 ਲੋਕ ਅਜੇ ਵੀ ਮਲਬੇ ਹੇਠ ਦੱਬੇ; ਰੈਸਕਿਊ ਆਪ੍ਰੇਸ਼ਨ ਖ਼ਤਮ