Home >>Punjab

Rajpura News: ਵਿਦਿਆਰਥੀ ਨੇ ਆਤਮ ਹੱਤਿਆ ਕਰਨ ਦੀ ਕੀਤੀ ਕੋਸ਼ਿਸ਼, ਅਧਿਆਪਕ 'ਤੇ ਲਗਾਏ ਤੰਗ ਕਰਨ ਦੇ ਇਲਜ਼ਾਮ

Rajpura News: ਵਿਦਿਆਰਥੀਆਂ ਨੂੰ ਸਕੂਲ ਦੇ ਅਧਿਆਪਕ ਵੱਲੋਂ ਤੰਗ ਪਰੇਸ਼ਾਨ ਕੀਤਾ ਗਿਆ। ਜਿਸ ਤੋਂ ਬਾਅਦ ਵਿਦਿਆਰਥੀ ਨੇ ਜ਼ਹਿਰਲੀ ਚੀਜ਼ ਨਿਗਲ ਲਈ।  

Advertisement
Rajpura News: ਵਿਦਿਆਰਥੀ ਨੇ ਆਤਮ ਹੱਤਿਆ ਕਰਨ ਦੀ ਕੀਤੀ ਕੋਸ਼ਿਸ਼, ਅਧਿਆਪਕ 'ਤੇ ਲਗਾਏ ਤੰਗ ਕਰਨ ਦੇ ਇਲਜ਼ਾਮ
Manpreet Singh|Updated: Nov 30, 2024, 05:01 PM IST
Share

Rajpura News: ਰਾਜਪੁਰਾ 'ਚ ਪੈਂਦੇ ਪਿੰਡ ਮਾਣਕਪੁਰ ਵਿੱਚ ਸੱਤਵੀਂ ਜਮਾਤ ਦੇ ਵਿਦਿਆਰਥੀ ਨੇ ਜ਼ਹਿਰਲੀ ਚੀਜ਼ ਨਿਗਲਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਫਿਲਹਾਲ ਵਿਦਿਆਰਥੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪਰਿਵਾਰ ਮੁਤਾਬਕ ਵਿਦਿਆਰਥੀ ਨੇ  ਅਧਿਆਪਕਾਂ ਦੀਆਂ ਗੱਲਾਂ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰ ਨਿਗਲ ਲਿਆ। 

ਵਿਦਿਆਰਥੀ ਦੇ ਪਿਤਾ ਪਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਦਿਲਜੋਤ ਸਿੰਘ ਉਮਰ 12 ਸਾਲ ਜੋ ਕਿ ਮਾਣਕਪੁਰ ਦੇ ਗਾਰਡਨ ਵੈਲੀ ਸਕੂਲ ਵਿੱਚ 7ਵੀਂ ਜਮਾਤ ਦਾ ਵਿਦਿਆਰਥੀ ਹੈ। ਉਸ ਦੀ ਦੋ ਦਿਨ ਪਹਿਲਾਂ ਸਕੂਲ ਵਿੱਚ ਹੀ ਇੱਕ ਬੱਚੇ ਨਾਲ ਲੜਾਈ ਹੋ ਗਈ ਸੀ। ਜਿਸ ਤੋਂ ਬਾਅਦ ਅੱਜ ਉਸ ਨੂੰ ਸਕੂਲ ਦੀ ਪ੍ਰਿੰਸੀਪਲ ਹਰਪ੍ਰੀਤ ਕੌਰ ਅਤੇ ਸਕੂਲ ਪ੍ਰਬੰਧਕ ਗੁਰਪ੍ਰੀਤ ਸਿੰਘ ਵੱਲੋਂ ਮਾਨਸਿਕ ਤੌਰ ’ਤੇ ਤੰਗ ਪ੍ਰੇਸ਼ਾਨ ਕੀਤਾ ਗਿਆ ਅਤੇ ਕਿਹਾ ਗਿਆ ਕਿ ਤੇਰੇ ਵਰਗੇ ਬੱਚੇ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ। ਜਿਸ ਤੋਂ ਬਾਅਦ ਬੱਚੇ ਨੇ ਗੁੱਸੇ ਵਿੱਚ ਆ ਕੇ ਘਰ ਵਿੱਚ ਪਈ ਕੀਟਨਾਸ਼ਕ ਦਵਾਈ ਨਿਗਲ ਲਈ।

ਬੱਚੇ ਦੇ ਪਿਤਾ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਰਾਜਪੁਰਾ ਗਿਆ ਹੋਇਆ ਸੀ। ਜਦੋਂ ਉਹ ਘਰ ਪਰਤਿਆ ਤਾਂ ਉਸ ਦਾ ਬੱਚਾ ਘਰ ਦੇ ਬਾਹਰ ਖੜ੍ਹਾ ਉਲਟੀਆਂ ਕਰ ਰਿਹਾ ਸੀ। ਉਲਟੀ ਤੋਂ ਝੱਗ ਅਤੇ ਕੀਟਨਾਸ਼ਕ ਦੀ ਬਦਬੂ ਆ ਰਹੀ ਸੀ। ਜਦੋਂ ਬੱਚੇ ਨੂੰ ਪੁੱਛਿਆ ਗਿਆ ਕਿ ਉਸ ਨੇ ਕੀ ਖਾਧਾ ਤਾਂ ਉਸ ਨੇ ਕਿਹਾ, "ਮੈਨੂੰ ਅੱਜ ਸਕੂਲ ਵਿੱਚ ਤੰਗ ਕੀਤਾ ਗਿਆ। ਮੈਂ ਹੁਣ ਇੱਥੇ ਨਹੀਂ ਰਹਾਂਗਾ।" ਇਸ ਤੋਂ ਬਾਅਦ ਪੀੜਤ ਦੇ ਪਿਤਾ ਨੇ ਆਪਣੇ ਗੁਆਂਢੀਆਂ ਨੂੰ ਬੁਲਾ ਕੇ ਉਸ ਨੂੰ ਆਪਣੀ ਕਾਰ ਵਿਚ ਬਿਠਾ ਕੇ ਬਨੂੜ ਨੇੜੇ ਹਸਪਤਾਲ ਵਿਚ ਦਾਖਲ ਕਰਵਾਇਆ। ਉਸ ਦੀ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਜਿੱਥੇ ਬੱਚੇ ਦਾ ਇਲਾਜ ਚੱਲ ਰਿਹਾ ਹੈ।

ਥਾਣਾ ਬਨੂੜ ਦੇ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਇੱਕ ਬੱਚੇ ਨੇ ਜ਼ਹਿਰਲੀ ਚੀਜ਼ ਨਿਗਲ ਲਈ ਹੈ। ਹਸਪਤਾਲ ਦੇ ਡਾਕਟਰਾਂ ਨੇ ਬੱਚੇ ਦੀ ਹਾਲਤ ਠੀਕ ਨਾ ਦੱਸਦਿਆਂ ਕਿਹਾ ਕਿ ਉਹ ਬਿਆਨ ਨਹੀਂ ਦੇ ਸਕਦਾ। ਜਿਵੇਂ ਵੀ ਬੱਚੇ ਦੀ ਹਾਲਤ ਵਿੱਚ ਸੁਧਾਰ ਹੁੰਦਾ ਹੈ ਤਾਂ ਉਸਦੇ ਬਿਆਨਾਂ ਦਰਜ ਕਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Read More
{}{}