Sangrur News: ਜਿੱਥੇ ਪੂਰੇ ਦੇਸ਼ ਵਿੱਚ ਰੱਖੜੀ ਦਾ ਪਵਿੱਤਰ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਹੀ ਪੰਜਾਬ ਸਰਕਾਰ ਵੱਲੋਂ ਜ਼ੇਲ੍ਹਾਂ ਵਿੱਚ ਬੰਦੀ ਭਰਾਵਾਂ ਲਈ ਖਾਸ ਛੂਟ ਦੇ ਕੇ ਇਸ ਤਿਉਹਾਰ ਨੂੰ ਮਨਾਉਣ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਇਸ ਤਹਿਤ ਸੰਗਰੂਰ ਦੀ ਜ਼ਿਲ੍ਹਾ ਜੇਲ ਵਿੱਚ ਕੈਦ ਭਰਾਵਾਂ ਦੀਆਂ ਭੈਣਾਂ ਨੇ ਰੱਖੜੀ ਬੰਨ ਕੇ ਆਪਣੇ ਭਰਾਵਾਂ ਲਈ ਪਿਆਰ ਤੇ ਸਨੇਹ ਪ੍ਰਗਟਾਇਆ।
ਰੱਖੜੀ ਬੰਨਣ ਦੇ ਦੌਰਾਨ ਕੁਝ ਭੈਣਾਂ ਭਾਵੁਕ ਹੋ ਗਈਆਂ ਅਤੇ ਉਹਨਾਂ ਦੀਆਂ ਅੱਖਾਂ ਤੋਂ ਹੰਜੂ ਝਲਕ ਪਏ। ਇਸ ਮੌਕੇ ਭੈਣਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜੋ ਉਹਨਾਂ ਨੂੰ ਆਪਣੇ ਭਰਾਵਾਂ ਨੂੰ ਮਿਲਣ ਅਤੇ ਤਿਉਹਾਰ ਮਨਾਉਣ ਦਾ ਮੌਕਾ ਮਿਲਿਆ।
ਜੇਲ ਸੁਪਰਿੰਟੈਂਡੈਂਟ ਰਮਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਇਹ ਛੂਟ ਭੈਣ-ਭਰਾ ਦੇ ਰਿਸ਼ਤੇ ਦੀ ਮਿੱਠਾਸ ਨੂੰ ਕਾਇਮ ਰੱਖਣ ਲਈ ਇਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਦੱਸਿਆ ਕਿ ਭੈਣਾਂ ਨੂੰ ਪਹਿਲਾਂ ਅੰਦਰ ਬੁਲਾਇਆ ਜਾਂਦਾ ਹੈ, ਜਦਕਿ ਬਾਹਰ ਇੰਤਜ਼ਾਰ ਕਰ ਰਹੀਆਂ ਭੈਣਾਂ ਲਈ ਟੈਂਟ ਤੇ ਪਾਣੀ ਦੀ ਸੁਵਿਧਾ ਕੀਤੀ ਗਈ ਹੈ। ਰੱਖੜੀ ਬੰਨਣ ਤੋਂ ਬਾਅਦ ਭੈਣਾਂ ਨੂੰ ਆਪਣੇ ਭਰਾਵਾਂ ਨਾਲ ਗੱਲਬਾਤ ਕਰਨ ਲਈ ਵੀ ਸਮਾਂ ਦਿੱਤਾ ਜਾਂਦਾ ਹੈ।
ਇਸ ਮੌਕੇ ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਕਿਹਾ ਕਿ ਕੈਦੀਆਂ ਦੀ ਸਜ਼ਾ ਉਹ ਇਕੱਲੇ ਨਹੀਂ, ਸਗੋਂ ਉਹਨਾਂ ਦੇ ਪਰਿਵਾਰ ਵੀ ਵਿਛੋੜੇ ਦੀ ਪੀੜ ਭੋਗਦੇ ਹਨ। ਰੱਖੜੀ ਜਿਵੇਂ ਤਿਉਹਾਰ ਤੇ ਹਰ ਭੈਣ ਦੀ ਇੱਛਾ ਹੁੰਦੀ ਹੈ ਕਿ ਉਹ ਆਪਣੇ ਭਰਾ ਦੇ ਕਲਾਈ ’ਤੇ ਰੱਖੜੀ ਬੰਨੇ, ਅਤੇ ਇਸ ਉਪਰਾਲੇ ਨਾਲ ਉਹ ਖ਼ਾਹਿਸ਼ ਪੂਰੀ ਹੋ ਰਹੀ ਹੈ।
ਕਈ ਬੰਦੀ ਭਰਾਵਾਂ ਨੇ ਵੀ ਜੇਲ ਪ੍ਰਸ਼ਾਸਨ ਅਤੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਯਤਨ ਕਰ ਰਹੇ ਹਨ ਕਿ ਰਿਹਾਈ ਤੋਂ ਬਾਅਦ ਸੁਧਰੇ ਹੋਏ ਜੀਵਨ ਨਾਲ ਪਰਿਵਾਰ ਵਿਚ ਰਹਿੰਦੇ ਹੋਏ ਅਗਲੇ ਤਿਉਹਾਰ ਆਪਣੇ ਘਰ ਮਨਾਉਣ।