Giani Harpreet Singh: ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪੁਨਰ ਸੁਰਜੀਤ ਤਹਿਤ ਪ੍ਰਧਾਨ ਦੇ ਅਹੁਦੇ ਲਈ ਨਾਮ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਹ ਜਥੇਬੰਦੀ ਅਕਾਲ ਤਖ਼ਤ ਵੱਲੋਂ ਦੋ ਦਸੰਬਰ ਨੂੰ ਬਣਾਈ ਗਈ ਭਰਤੀ ਕਮੇਟੀ ਵੱਲੋਂ ਕਾਇਮ ਕੀਤੀ ਜਾਵੇਗੀ। ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਵਾਸਤੇ ਡੈਲੀਗੇਟ ਇਜਲਾਸ ਇੱਥੇ ਹਰਿਮੰਦਰ ਸਾਹਿਬ ਤੋਂ ਲਗਭਗ ਅੱਧਾ ਕਿਲੋਮੀਟਰ ਦੂਰ ਨਿਹੰਗ ਜਥੇਬੰਦੀ ਬੁੱਢਾ ਦਲ ਦੀ ਛਾਉਣੀ ਸਥਿਤ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਕੀਤਾ ਜਾ ਰਿਹਾ ਹੈ।
ਇਜਲਾਸ ਸਵੇਰੇ ਲਗਭਗ 11 ਵਜੇ ਸ਼ੁਰੂ ਹੋਵੇਗਾ ਜਿਸ ’ਚ 500 ਤੋਂ ਵੱਧ ਡੈਲੀਗੇਟ ਹਿੱਸਾ ਲੈਣਗੇ। ਡੈਲੀਗੇਟਾਂ ਵੱਲੋਂ ਪ੍ਰਧਾਨ ਦੀ ਚੋਣ ਵਾਸਤੇ ਕਿਸੇ ਇੱਕ ਉਮੀਦਵਾਰ ਦਾ ਨਾਂ ਪੇਸ਼ ਕੀਤਾ ਜਾਵੇਗਾ ਅਤੇ ਉਸ ਦੀ ਤਾਈਦ ਤੇ ਮਜੀਦ ਹੋਵੇਗੀ। ਪ੍ਰਧਾਨ ਅਹੁਦੇ ਦੀ ਦੌੜ ਵਿੱਚ ਸੁਰਜੀਤ ਸਿੰਘ ਰੱਖੜਾ, ਬੀਬੀ ਸਤਵੰਤ ਕੌਰ ਤੇ ਗਿਆਨੀ ਹਰਪ੍ਰੀਤ ਸਿੰਘ ਮੁੱਖ ਚਿਹਰੇ ਹਨ। ਸੀਨੀਅਰ ਲੀਡਰਸ਼ਿਪ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਉਤੇ ਸਹਿਮਤੀ ਬਣ ਗਈ ਹੈ। ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਵੇਂ ਪ੍ਰਧਾਨਗੀ ਦੇ ਅਹੁਦੇ ਵਾਸਤੇ ਸਪੱਸ਼ਟ ਇਨਕਾਰ ਕਰ ਦਿੱਤਾ ਸੀ ਪਰ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਮਨਾ ਲਿਆ ਗਿਆ ਹੈ।
ਇਹ ਵੀ ਪੜ੍ਹੋ : Pritpal Singh Cremation: ਕੁਲਗਾਮ ਵਿੱਚ ਸ਼ਹੀਦ ਹੋਏ ਪ੍ਰਿਤਪਾਲ ਸਿੰਘ ਦਾ ਗਮਗੀਨ ਮਾਹੌਲ ਵਿੱਚ ਕੀਤਾ ਅੰਤਿਮ ਸੰਸਕਾਰ
ਪੰਜ ਮੈਂਬਰੀ ਕਮੇਟੀ ਨਾਲ ਮੀਟਿੰਗ
ਮੀਟਿੰਗ ਤੋਂ ਬਾਅਦ ਸੀਨੀਅਰ ਆਗੂਆਂ ਨੇ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਨਵੀਂ ਪਾਰਟੀ ਦੇ ਗਠਨ ਤੋਂ ਬਾਅਦ ਪੰਥਕ ਤਾਲਮੇਲ ਕਮੇਟੀ ਬਣਾਉਣ 'ਤੇ ਵੀ ਚਰਚਾ ਹੋਈ, ਤਾਂ ਜੋ ਸਮਾਨ ਸੋਚ ਵਾਲੀਆਂ ਪਾਰਟੀਆਂ ਨਾਲ ਗਠਜੋੜ ਦਾ ਰਾਹ ਖੋਲ੍ਹਿਆ ਜਾ ਸਕੇ। ਜੇਕਰ ਕੱਲ੍ਹ ਦੀ ਮੀਟਿੰਗ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਨੂੰ ਪ੍ਰਵਾਨਗੀ ਮਿਲ ਜਾਂਦੀ ਹੈ, ਤਾਂ ਉਹ ਅਧਿਕਾਰਤ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ (ਬਾਗੀ ਧੜੇ) ਦੇ ਪ੍ਰਧਾਨ ਬਣ ਜਾਣਗੇ। ਇਹ ਫੈਸਲਾ ਪਾਰਟੀ ਦੀ ਭਵਿੱਖ ਦੀ ਰਣਨੀਤੀ ਅਤੇ ਸੰਗਠਨਾਤਮਕ ਢਾਂਚੇ ਵਿੱਚ ਵੱਡਾ ਬਦਲਾਅ ਲਿਆ ਸਕਦਾ ਹੈ।