Dinanagar News: ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਦੇ ਪਿੰਡ ਪਨਿਆੜ ਵਿਖੇ 95 ਸਾਲਾਂ ਬਜ਼ੁਰਗ ਦੀ ਚਿਤਾ ਵਿਚੋਂ ਸੜੇ ਹੋਏ ਨੋਟ ਡਿੱਗਦੇ ਦੇਖ ਉਥੇ ਪੁੱਜੇ ਸਾਰੇ ਲੋਕ ਹੈਰਾਨ ਰਹਿ ਗਏ। ਦੀਨਾਨਗਰ ਦੇ ਪਿੰਡ ਪਨਿਆੜ ਵਿੱਚ ਵੱਖਰੀ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ।
ਇੱਥੇ ਇੱਕ 95 ਸਾਲਾਂ ਬਜ਼ੁਰਗ ਦੇ ਅੰਤਿਮ ਸਸਕਾਰ ਦੌਰਾਨ ਉਸਦੇ ਨਾਲ ਸਾੜੇ ਗਏ ਬਿਸਤਰੇ ਵਿੱਚ 3 ਲੱਖ ਰੁਪਏ ਸੜ ਕੇ ਸੁਆਹ ਹੋ ਗਏ, ਜਿਸ ਨੂੰ ਇਸ ਬਜ਼ੁਰਗ ਨੇ ਲੁਕੋ ਕੇ ਰੱਖਿਆ ਹੋਇਆ ਸੀ। ਇਸਦਾ ਖੁਲਾਸਾ ਉਦੋਂ ਹੋਇਆ ਜਦੋਂ ਪੰਜ ਸੌ ਰੁਪਏ ਵਾਲਾ 50 ਹਜ਼ਾਰ ਰੁਪਏ ਦਾ ਸੜਦਾ ਹੋਇਆ ਬੰਡਲ ਚਿਤਾ ਤੋਂ ਬਾਹਰ ਡਿੱਗ ਪਿਆ। ਕਈ ਨੋਟ ਪਹਿਲਾਂ ਹੀ ਸੜ ਚੁੱਕੇ ਸਨ ਹਾਲਾਂਕਿ, ਪਰਿਵਾਰ ਵਾਲੇ ਇਸ ਬਾਰੇ ਜ਼ਿਆਦਾ ਖੁੱਲ੍ਹ ਕੇ ਕੁਝ ਕਹਿਣ ਲਈ ਤਿਆਰ ਨਹੀਂ ਹਨ।
ਇਸ ਸਬੰਧੀ ਭਰੋਸੇਯੋਗ ਸੂਤਰਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦੀਨਾਨਗਰ ਦੇ ਪਿੰਡ ਪਨਿਆੜ ਦੇ ਰਹਿਣ ਵਾਲੇ ਇਕ ਬਜ਼ੁਰਗ ਦੀ ਮੌਤ ਹੋ ਗਈ ਸੀ ਉਹ ਇੱਕ ਕਿਸਾਨ ਸੀ ਅਤੇ ਉਸਦਾ ਪੁੱਤਰ ਸਰਕਾਰੀ ਨੌਕਰੀ ਕਰਦਾ ਹੈ। ਪਿਤਾ ਦੇ ਖਾਤੇ ਵਿੱਚ ਚੰਗੀ ਰਕਮ ਜਮ੍ਹਾ ਸੀ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਬਜ਼ੁਰਗ ਨੇ ਇਸ ਵਿੱਚੋਂ 3 ਲੱਖ ਰੁਪਏ ਕੱਢਵਾ ਕੇ ਆਪਣੇ ਕੋਲ ਰੱਖ ਲਏ ਸਨ। ਉਸਦੀ ਮੌਤ ਤੋਂ ਬਾਅਦ ਬਜ਼ੁਰਗ ਵਿਅਕਤੀ ਦਾ ਉਸਦੇ ਪਰਿਵਾਰ ਦੁਆਰਾ ਅੰਤਿਮ ਸਸਕਾਰ ਕੀਤਾ ਗਿਆ ਅਤੇ ਉਸਦੇ ਕੱਪੜੇ ਅਤੇ ਬਿਸਤਰੇ ਨੂੰ ਵੀ ਉਸਦੇ ਨਾਲ ਸਾੜ ਦਿੱਤਾ ਗਿਆ।
ਇਸ ਦੌਰਾਨ ਇੱਕ ਪਰਿਵਾਰਕ ਮੈਂਬਰ ਨੇ ਦੇਖਿਆ ਕਿ ਸੜਦੇ ਬਿਸਤਰੇ ਦੇ ਸਿਰਹਾਣੇ ਵਿਚੋਂ 50 ਹਜ਼ਾਰ ਰੁਪਏ (ਪੰਜ ਸੌ ਰੁਪਏ ਦੇ ਨੋਟ) ਦਾ ਇੱਕ ਬੰਡਲ ਬਾਹਰ ਡਿੱਗ ਪਿਆ ਜੋ ਕਿ ਕਾਫ਼ੀ ਸੜ ਗਿਆ ਸੀ। ਉਨ੍ਹਾਂ ਹੋਰ ਜਾਂਚ ਕਰਨੀ ਚਾਹੀ ਪਰ ਸਿਰਹਾਣੇ ਵਿੱਚ ਪਏ ਬਾਕੀ ਪੈਸੇ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ ਸਨ।
ਪੈਸੇ ਮਿਲਣ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰਾਂ ਨੇ ਬਜ਼ੁਰਗ ਦੇ ਬੈਂਕ ਖਾਤੇ ਦੀ ਕਾਪੀ ਚੈੱਕ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਕੋਲ 3 ਲੱਖ ਰੁਪਏ ਸਨ ਜੋ ਉਸਦੀ ਚਿਤਾ ਦੇ ਨਾਲ ਹੀ ਸੜ ਕੇ ਸੁਆਹ ਹੋ ਗਏ। ਆਪਣੀ ਕਿਸਮ ਦੀ ਇਸ ਅਨੋਖੀ ਘਟਨਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ।