Samrala News (ਵਰੁਣ ਕੌਸ਼ਲ): ਸਮਰਾਲਾ ਦੇ ਨੇੜੇ ਪਿੰਡ ਮਾਨੂਪੁਰ ਵਿੱਚ ਮੀਂਹ ਕਾਰਨ ਇੱਕ ਗਰੀਬ ਪਰਿਵਾਰ ਦੀ ਛੱਤ ਡਿੱਗਣ ਨਾਲ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਾਨੂਪੁਰ ਵਿੱਚ ਰਹਿਣ ਵਾਲੇ ਇੱਕ ਗ਼ਰੀਬ ਪਰਿਵਾਰ ਦੀ ਔਰਤ ਚਰਨਜੀਤ ਕੌਰ (39) ਆਪਣੇ ਪਤੀ ਲਖਵੀਰ ਸਿੰਘ ਅਤੇ ਤਿੰਨ ਬੱਚਿਆਂ ਨਾਲ ਕਮਰੇ ਵਿੱਚ ਸੁੱਤੀ ਪਈ ਸੀ। ਪਤੀ ਬੱਚਿਆਂ ਨਾਲ ਬੈਡ 'ਤੇ ਸੁੱਤਾ ਹੋਇਆ ਸੀ ਜਦਕਿ ਔਰਤ ਚਰਨਜੀਤ ਮੰਜੇ 'ਤੇ ਸੁੱਤੀ ਪਈ ਸੀ। ਮੀਂਹ ਕਾਰਨ 30 ਤਾਰੀਖ ਦੀ ਰਾਤ 10 ਵਜੇ ਨੂੰ ਅਚਾਨਕ ਕਮਰੇ ਦੀ ਛੱਤ ਦਾ ਕੁਝ ਹਿੱਸਾ ਡਿੱਗ ਪਿਆ ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ।
ਛੱਤ ਡਿੱਗਣ ਦੀ ਆਵਾਜ਼ ਸੁਣ ਕੇ ਮ੍ਰਿਤਕ ਔਰਤ ਦਾ ਪਤੀ ਤੁਰੰਤ ਉੱਠ ਪਿਆ ਅਤੇ ਆਪਣੀ ਘਰਵਾਲੀ ਨੂੰ ਇੱਧਰ ਉਧਰ ਲੱਭਣ ਲੱਗਾ ਜਦੋਂ ਉਹ ਨਹੀਂ ਲੱਭੀ ਤਾਂ ਉਸ ਨੇ ਪਿੰਡ ਵਾਲਿਆਂ ਨੂੰ ਬੁਲਾ ਕੇ ਛੱਤ ਦੇ ਮਲਬੇ ਨੂੰ ਚੁੱਕਿਆ ਅਤੇ ਉਸ ਮਲਬੇ ਦੇ ਹੇਠਾਂ ਤੋਂ ਆਪਣੀ ਪਤਨੀ ਨੂੰ ਬਾਹਰ ਕੱਢਿਆ ਅਤੇ ਤੁਰੰਤ ਖੰਨਾ ਦੇ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰ ਵੱਲੋਂ ਔਰਤ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਜਿਸ ਕਾਰਨ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ, ਮ੍ਰਿਤਕ ਔਰਤ ਆਪਣੇ ਪਿੱਛੇ ਆਪਣੇ ਪਤੀ, ਦੋ ਧੀਆਂ ਅਤੇ ਇੱਕ ਪੁੱਤਰ ਨੂੰ ਛੱਡ ਗਈ ਹੈ।
ਲਖਬੀਰ ਸਿੰਘ ਨੇ ਦੱਸਿਆ ਕਿ ਉਹ ਦਿਹਾੜੀ ਜੋਤੇ ਦਾ ਕੰਮ ਕਰਦਾ ਹੈ ਕਿਸੇ ਦਿਨ ਦਿਹਾੜੀ ਲੱਗਦੀ ਹੈ ਅਤੇ ਕਿਸੇ ਦਿਨ ਦਿਹਾੜੀ ਨਹੀਂ ਲੱਗਦੀ। ਘਰ ਵਾਲਿਆਂ ਵੱਲੋਂ ਇੱਕੋ ਇੱਕ ਕਮਰੇ ਦੀ ਛੱਤ ਢਹਿ ਜਾਣ ਕਾਰਨ ਉਨ੍ਹਾਂ ਨੂੰ ਖੁੱਲੇ ਅਸਮਾਨ ਥੱਲੇ ਰਹਿਣਾ ਪੈ ਰਿਹਾ ਹੈ। ਮ੍ਰਿਤਕ ਔਰਤ ਦੇ ਪਤੀ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਘਰ ਦੀ ਛੱਤ ਪਵਾਈ ਜਾਵੇ ਤਾਂ ਜੋ ਬੱਚਿਆਂ ਦਾ ਸਿਰ ਛੱਤ ਥੱਲੇ ਢੱਕ ਸਕੇ ਅਤੇ ਬੱਚਿਆਂ ਨੂੰ ਪੜਾ ਸਕੇ।