Samrala News:(Varun Kaushal):ਪੰਜਾਬ ਪੁਲਿਸ ਨੇ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਲੋਕਾਂ ਨੂੰ ਸੜਕ ਹਾਦਸਿਆਂ ਤੋਂ ਬਚਾਉਣ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦਾ ਆਰੰਭ ਕੀਤਾ ਹੈ। ਇਸ ਦੌਰਾਨ ਵੱਧ ਤੋਂ ਵੱਧ ਲੋਕਾਂ ਨੂੰ ਟ੍ਰੈਫਿਕ ਕਾਨੂੰਨਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ ਪੁਲਿਸ ਵੱਲੋਂ ਕੈਂਪ ਲਗਾਏ ਜਾ ਰਹੇ ਹਨ।
ਸਮਰਾਲਾ ਵਿਖੇ SSP ਖੰਨਾ ਨੇ ਕੈਂਪ ਦੀ ਅਗਵਾਈ ਕਰਦੇ ਹੋਏ ਸੜਕ ਉੱਤੇ ਸਫ਼ਰ ਕਰ ਰਹੇ ਲੋਕਾਂ ਨੂੰ ਆਵਾਜਾਈ ਨਿਯਮਾਂ ਬਾਰੇ ਖ਼ੁਦ ਜਾਗਰੂਕ ਕੀਤਾ। ਇਸ ਮੌਕੇ ਉਨ੍ਹਾਂ ਸੀਟ ਬੈਲਟ ਲੱਗਾ ਕੇ ਸਫ਼ਰ ਕਰਨ ਸਮੇਤ ਅਤੇ ਹੋਰ ਨਿਯਮਾਂ ਦੀ ਪਾਲਣਾ ਕਰਨ ਵਾਲੇ ਨਾਗਰਿਕਾਂ ਨੂੰ ‘ਗੁਲਾਬ ਦਾ ਫੁੱਲ’ ਦਿੰਦੇ ਹੋਏ ਸਨਮਾਨਿਤ ਵੀ ਕੀਤਾ। ਬਿਨਾਂ ਹੈਲਮਟ ਦੋ ਪਹੀਆਂ ਵਾਹਨ ਚਾਲਕਾਂ ਨੂੰ ਮੁਫ਼ਤ ਵਿੱਚ ਹੈਲਮਟ ਵੀ ਵੰਡੇ ਗਏ ਅਤੇ ਰਾਤ ਸਮੇਂ ਖ਼ਾਸਕਰ ਧੁੰਦ ਵਿੱਚ ਹਾਦਸਿਆਂ ਤੋਂ ਬਚਾਓ ਲਈ ਰਿਫ਼ਲੈਕਟਰ ਸਮੇਤ ਨਾਈਟ ਸੇਫ਼ਟੀ ਜੈਕਟਾਂ ਅਤੇ ਬੈਲਟਾਂ ਦੀ ਵੰਡ ਕੀਤੀ ਗਈ।
ਇਸ ਵਿਸ਼ੇਸ਼ ਮੁਹਿੰਮ ਬਾਰੇ ਗੱਲਬਾਤ ਕਰਦਿਆਂ SSP ਅਵਨੀਤ ਕੌਂਡਲ ਨੇ ਦੱਸਿਆ ਕਿ ਪੁਲਸ ਜ਼ਿਲ੍ਹਾ ਖੰਨਾ ਵਿੱਚ ਪਿਛਲੇ ਸਾਲ ਹੀ ਇਸ ਸਪੈਸ਼ਲ ਡਰਾਈਵ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਵੱਖ-ਵੱਖ ਪ੍ਰੋਗਰਾਮਾਂ ਰਾਹੀ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਂਜ ਤਾਂ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਦੇ ਚਲਾਨ ਕੱਟੇ ਜਾਂਦੇ ਹਨ, ਪਰ ਇਸ ਵਿਸ਼ੇਸ਼ ਮੁਹਿੰਮ ਦੇ ਚੱਲ ਦੇ ਲੋਕਾਂ ਨੂੰ ਚਲਾਨ ਕੱਟਣ ਦੀ ਬਜਾਏ ਸਮਝਾਇਆ ਜਾ ਰਿਹਾ ਹੈ, ਕਿ ਉਹ ਖ਼ੁਦ ਦੀ ਹਿਫ਼ਾਜ਼ਤ ਲਈ ਸੜਕ ਨਿਯਮਾਂ ਦੀ ਪਾਲਣਾ ਕਰਨ।
ਇਹ ਵੀ ਪੜ੍ਹੋ: Samrala News: ਸਮਰਾਲਾ ਦਾ ਸਬ-ਡਿਵੀਜ਼ਨ ਹਸਪਤਾਲ 'ਕਾਇਆ ਕਲਪ' ਰਾਊਂਡ ਵਿੱਚੋਂ ਪਹਿਲੇ ਸਥਾਨ ਉੱਤੇ
SSP ਕੌਂਡਲ ਨੇ ਕਿਹਾ ਕਿ ਬਾਕੀ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਹਾਦਸਿਆਂ ਦੀ ਗਿਣਤੀ ਵਧਣ ਦਾ ਮੁੱਖ ਕਾਰਨ ਇੱਥੋਂ ਦੇ ਲੋਕਾਂ ਵਿੱਚ ਸੜਕ ਨਿਯਮਾਂ ਪ੍ਰਤੀ ਜਾਗਰੂਕਤਾ ਦੀ ਘਾਟ ਹੋਣਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਮੇਂ-ਸਮੇਂ ਸਿਰ ਲੋਕਾਂ ਨੂੰ ਨਿਯਮਾਂ ਦੀ ਜਾਣਕਾਰੀ ਦੇਣ ਲਈ ਜਾਗਰੂਕਤਾ ਕੈਂਪ ਵੀ ਲਗਾਏ ਜਾਂਦੇ ਹਨ। ਪਰ ਫਿਰ ਵੀ ਲੋਕ ਪੂਰੀ ਤਰਾਂ ਨਾਲ ਨਿਯਮਾਂ ਦੀ ਪਾਲਣਾ ਲਈ ਗੰਭੀਰਤਾ ਨਹੀਂ ਵਿਖਾਉਂਦੇ। ਉਨ੍ਹਾਂ ਕਿਹਾ ਕਿ ਸੜਕ ਹਾਦਸਿਆਂ ਵਿੱਚ ਅਜਾਈਂ ਜਾ ਰਹੀਆਂ ਕੀਮਤੀ ਜਾਨਾਂ ਜਾਣ ਦੇ ਅੰਕੜੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਲਈ ਦੁਰਘਟਨਾਵਾਂ ਨੂੰ ਘੱਟ ਕਰਨ ਲਈ ਸੜਕ ਨਿਯਮਾਂ ਦੀ ਪਾਲਣਾ ਲਈ ਲੋਕਾਂ ਨੂੰ ਪੁਲਸ ਦੀ ਸਖ਼ਤੀ ਨਾਲੋਂ ਖ਼ੁਦ ਹੋਰ ਵਧੇਰੇ ਜਾਗਰੂਕ ਹੋਣ ਦੀ ਲੋੜ ਹੈ।
ਇਹ ਵੀ ਪੜ੍ਹੋ: Amritpal News: ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਇੱਕ ਸਾਥੀ ਨੂੰ ਮਿਲੀ 6 ਦਿਨਾਂ ਦੀ ਪੈਰੋਲ