Samrala News: ਸੂਬੇ ਅੰਦਰ ਨਸ਼ਿਆਂ ਖਿਲਾਫ਼ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ ‘ਯੁੱਧ’ ਹਾਲੇ ਵੀ ਜਾਰੀ ਹੈ। ਸਮਰਾਲਾ ਪੁਲਿਸ ਵੱਲੋਂ ਸਰਹਿੰਦ ਨਹਿਰ ਦੇ ਨੀਲੋਂ ਪੁਲ ਨੇੜੇ ਇਕ ਕਾਰ ਨੂੰ ਰੋਕਿਆ ਗਿਆ ਤਾਂ ਉਸ ਵਿਚੋਂ ਚਾਰ ਨੌਜਵਾਨ ਬਾਹਰ ਨਿਕਲ ਕੇ ਖੇਤਾਂ ਵਿਚ ਦੌੜ ਲਏ। ਇਸ ’ਤੇ ਪੁਲਿਸ ਪਾਰਟੀ ਵੱਲੋਂ ਇਨ੍ਹਾਂ ਨੂੰ ਕਾਬੂ ਕਰਨ ਲਈ ਪਾਏ ਗਏ ਘੇਰੇ ਵਿਚ ਦੋ ਨੌਜਵਾਨਾਂ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਗਿਆ, ਪ੍ਰੰਤੂ ਉਨ੍ਹਾਂ ਦੇ ਦੋ ਹੋਰ ਸਾਥੀ ਭੱਜਣ ਵਿਚ ਸਫ਼ਲ ਹੋ ਗਏ। ਬਾਅਦ ਵਿਚ ਪੁਲਸ ਨੇ ਇਨ੍ਹਾਂ ਦੀ ਅਲਟੋ ਕਾਰ ਵਿਚੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ 5 ਲੱਖ ਰੁਪਏ ਕੀਮਤ ਦੱਸੀ ਜਾਂਦੀ ਹੈ।
ਥਾਣਾ ਮੁਖੀ ਸਮਰਾਲਾ ਨਿਤੀਸ਼ ਚੌਧਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਪਾਰਟੀ ਨੇ ਨੀਲੋਂ ਪੁਲ ਹਾਈਵੇ ਤੋਂ ਕੱਚੇ ਰਸਤੇ ਰਾਹੀ ਨੀਲੋਂ ਖੁਰਦ ਪਿੰਡ ਵੱਲ ਜਾ ਰਹੇ ਸਨ। ਇਸ ਦੌਰਾਨ ਨੀਲੋਂ ਖੁਰਦ ਪਿੰਡ ਦੀ ਸਾਈਡ ਤੋਂ ਆ ਰਹੀ ਇਕ ਅਲਟੋ ਕਾਰ ਨੂੰ ਪੁਲਸ ਪਾਰਟੀ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ। ਜਿਸ ’ਤੇ ਇਸ ਕਾਰ ਵਿਚ ਸਵਾਰ ਚਾਰ ਨੌਜਵਾਨ ਇਕਦਮ ਆਪਣੀ ਗੱਡੀ ਨੂੰ ਰੋਕਦੇ ਹੋਏ ਬਾਹਰ ਨਿਕਲ ਕੇ ਖੇਤਾਂ ਵੱਲ ਭੱਜ ਲਏ।
ਪੁਲਿਸ ਪਾਰਟੀ ਵੱਲੋਂ ਗਿ੍ਰਫਤਾਰ ਕੀਤੇ ਗਏ ਇਨ੍ਹਾਂ ਦੋਵੇਂ ਨੌਜਵਾਨਾਂ ਦੀ ਪਹਿਚਾਣ ਜਸਪ੍ਰੀਤ ਸਿੰਘ ਉਰਫ ਜੱਸੀ ਵਾਸੀ ਪਿੰਡ ਹੀਰਾ (ਥਾਣਾ ਕੂੰਮਕਲਾਂ) ਅਤੇ ਰਾਕੇਸ ਰੋਇਲਾ ਉਰਫ ਰਿੰਕੂ ਵਾਸੀ ਨੇੜੇ ਕੇਨੇਡਾ ਵਾਲੇ ਦੀ ਕੋਠੀ ਕਟਾਣੀ ਕਲਾਂ ਵਜੋਂ ਹੋਈ ਹੈ। ਇਨ੍ਹਾਂ ਕਾਬੂ ਆਏ ਮੁਲਜ਼ਮਾਂ ਨੇ ਫਰਾਰ ਹੋਣ ਵਾਲੇ ਆਪਣੇ ਦੋਵੇਂ ਸਾਥੀਆਂ ਦੀ ਪਹਿਚਾਣ ਕਮਲ ਮਹਿਰਾ ਵਾਸੀ ਪਿੰਡ ਛੰਦੜਾ ਤੇ ਲਵਪ੍ਰੀਤ ਸਿੰਘ ਵਾਸੀ ਪਿੰਡ ਕਟਾਣੀ ਕਲਾਂ ਵਜੋਂ ਕਰਵਾਉਂਦੇ ਹੋਏ ਆਪਣੀ ਅਲਟੋ ਕਾਰ ਵਿਚੋਂ 50 ਗ੍ਰਾਮ ਹੈਰੋਇਨ ਦੀ ਬਰਾਮਦਗੀ ਵੀ ਪੁਲਸ ਨੂੰ ਕਰਵਾਈ ਹੈ।
ਸਥਾਨਕ ਪੁਲਿਸ ਵੱਲੋਂ ਇਨ੍ਹਾਂ ਚਾਰੇ ਨਸ਼ਾ ਤਸਕਰਾਂ ਖਿਲਾਫ਼ ਐੱਨ.ਡੀ.ਪੀ.ਸੀ. ਐਕਟ ਅਧੀਨ ਕੇਸ ਦਰਜ਼ ਕਰਦੇ ਹੋਏ ਫਰਾਰ ਹੋਣ ਵਾਲੇ ਦੋਵੇਂ ਨੌਜਵਾਨਾਂ ਦੀ ਗਿ੍ਰਫਤਾਰੀ ਲਈ ਟੀਮਾਂ ਬਣਾ ਕੇ ਵੱਡੇ ਪੱਧਰ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਦੂਸਰੇ ਕੇਸ ਵਿੱਚ 18 ਸਾਲਾਂ ਨੌਜਵਾਨ 32 ਬੋਰ ਦੇ ਪਿਸਟਲ ’ਤੇ 2 ਜਿੰਦਾ ਕਾਰਤੂਸਾਂ ਸਣੇ ਕਾਬੂ ਕੀਤਾ।
ਥਾਣਾ ਸਮਰਾਲਾ ਅਧੀਨ ਪੈਂਦੀ ਪੁਲਸ ਚੋਂਕੀ ਹੇਡੋਂ ਦੇ ਇੰਚਾਰਜ਼ ਮੁਖਤਿਆਰ ਸਿੰਘ ਨੇ ਨਾਕਾਬੰਦੀ ਦੌਰਾਨ ਬੱਸ ਦੀ ਚੈਕਿੰਗ ਕੀਤੀ ਗਈ ਇਸ ਵਿੱਚ 18 ਸਾਲਾਂ ਨੌਜਵਾਨ ਨੂੰ 32 ਬੋਰ ਦੇ ਨਜਾਇਜ਼ ਪਿਸਟਲ ਅਤੇ ਦੋ ਜਿੰਦਾ ਕਾਰਤੂਸਾਂ ਸਣੇ ਗਿ੍ਰਫਤਾਰ ਕੀਤਾ ਹੈ। ਗ੍ਰਿਫ਼ਤਾਰ ਹੋਏ ਨੌਜਵਾਨ ਦੀ ਪਹਿਚਾਣ ਮਾਨਵ ਕੁਮਾਰ ਕਿਲਾ ਮੁਹੱਲਾ ਲੁਧਿਆਣਾ ਵਜੋਂ ਹੋਈ ਹੈ। ਪੁਲਸ ਵੱਲੋਂ ਇਸ ਦੇ ਖਿਲਾਫ਼ ਆਰਮਜ਼ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।