Samrala News(ਵਰੁਣ ਕੌਸ਼ਲ): ਸੁਨਹਿਰੀ ਭਵਿੱਖ ਅਤੇ ਰਿਜ਼ਕ ਦੀ ਤਲਾਸ਼ ਲਈ ਅਮਰੀਕਾ ਅਤੇ ਕੈਨੇਡਾ ਗਏ ਪੰਜਾਬ ਦੇ ਨੌਜਵਾਨਾਂ ਨੂੰ ਭਾਵੇਂ ਆਉਣ ਵਾਲਾ ਭਵਿੱਖ ਧੁੰਦਲਾ ਦਿਖਾਈ ਦੇਣ ਲੱਗਾ ਹੈ ਕਿਉਂਕਿ ਅਮਰੀਕਾ ਵੱਲੋਂ ਲਗਾਤਾਰ ਜਹਾਜ਼ ਭਰ-ਭਰ ਕੇ ਡਿਪੋਰਟ ਕੀਤੇ ਨੌਜਵਾਨ ਭਾਰਤ ਦੀ ਧਰਤੀ ਵੱਲ ਭੇਜੇ ਜਾ ਰਹੇ ਹਨ ਅਤੇ ਕੈਨੇਡਾ ਵਿਚ ਗ਼ੈਰ-ਕਾਨੂੰਨੀ ਐਲਾਨੇ ਅਜਿਹੇ ਲੱਖਾਂ ਹੀ ਨੌਜਵਾਨ ਦੁਵਿਧਾ ਭਰੀ ਜ਼ਿੰਦਗੀ ਜੀਅ ਰਹੇ ਹਨ।
ਅਜਿਹੇ ਨਿਰਾਸ਼ਾਜਨਕ ਮਾਹੌਲ ਵਿਚ ਸਮਰਾਲਾ ਦਾ ਅੰਮ੍ਰਿਤਧਾਰੀ ਨੌਜਵਾਨ ਸਿਕੰਦਰ ਸਿੰਘ ਨਿਰਾਸ਼ ਹੋਏ ਉਨ੍ਹਾਂ ਨੌਜਵਾਨਾਂ ਲਈ ਹਨੇਰੇ ਵਿਚ ਟਿਮਟਿਮਾਉਂਦੇ ਜੁਗਨੂੰ ਵਾਂਗ ਹੈ ਜਿਨ੍ਹਾਂ ਨੌਜਵਾਨਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਹਨੇਰੇ ਵਿੱਚ ਡੁੱਬਦੀ ਜਾ ਰਹੀ ਹੈ। ਸਿਕੰਦਰ ਸਿੰਘ ਆਪਣੀ ਇੱਛਾ ਮੁਤਾਬਿਕ ਕੈਨੇਡਾ ਛੱਡ ਕੇ ਪੰਜਾਬ ਪਰਤਿਆ ਸੀ ਅੱਜ ਉਹ ਪੰਜਾਬ ਪੁਲਿਸ ਵਿਚ ਬਤੌਰ ਇੰਸਪੈਕਟਰ ਵਜੋਂ ਠਾਠ ਭਰੀ ਜ਼ਿੰਦਗੀ ਗੁਜ਼ਾਰ ਰਿਹਾ ਹੈ। ਉਸਦਾ ਕਹਿਣਾ ਹੈ ਕਿ ਜੇਕਰ ਉਹ ਕੈਨੇਡਾ ਹੁੰਦਾ ਤਾਂ ਡਾਲਰ ਤਾਂ ਜ਼ਰੂਰ ਕਮਾਉਂਦਾ ਪਰ ਉਹ ਵੀ ਇਕ ਮਜ਼ਦੂਰ ਦੀ ਤਰ੍ਹਾਂ, ਹੁਣ ਮੈਨੂੰ ਆਪਣੀ ਧਰਤੀ ਨੇ ਮੁਕੱਦਰ ਦਾ ਸਿਕੰਦਰ ਬਣਾ ਦਿੱਤਾ ਹੈ।
ਸਿਕੰਦਰ ਸਿੰਘ ਦੱਸਦਾ ਹੈ ਕਿ ਉਸਦੇ ਪਰਿਵਾਰ ਵੱਲੋਂ ਜੁਲਾਈ 2023 ਵਿੱਚ 20 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਉਸਨੂੰ ਸਟੱਡੀ ਲਈ ਕੈਨੇਡਾ ਭੇਜਿਆ ਸੀ ਹਾਲਾਂਕਿ ਉਸਨੇ ਪੰਜਾਬ ਵਿਚ ਪਹਿਲਾਂ ਹੀ ਐੱਮਟੈੱਕ ਦੀ ਪੜ੍ਹਾਈ ਕੀਤੀ ਹੋਈ ਸੀ। ਜਦੋਂ ਉਹ ਕੈਨੇਡਾ ਪਹੁੰਚਿਆਂ ਤਾਂ ਅਕਤੂਬਰ ਮਹੀਨੇ ਘਰ ਤੋਂ ਬਾਪੂ ਕੁਲਦੀਪ ਸਿੰਘ ਨੇ ਫੋਨ ਕਰਕੇ ਉਸਨੂੰ ਦੱਸਿਆ ਕਿ ਜੋ ਤੂੰ ਕੈਨੇਡਾ ਜਾਣ ਤੋਂ ਪਹਿਲਾਂ ਪੰਜਾਬ ਪੁਲਿਸ ਵਿਚ ਸਬ-ਇੰਸਪੈਕਟਰ ਦੀ ਭਰਤੀ ਲਈ ਟੈਸਟ ਦਿੱਤਾ ਸੀ ਉਸ ਵਿਚੋਂ ਤੂੰ ਪਾਸ ਹੋ ਗਿਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੈਸੇਜ ਆਇਆ ਹੈ ਕਿ ਉਨ੍ਹਾਂ ਨੇ ਆਪਣੇ ਹੱਥੀ ਜੁਆਇੰਨਿੰਗ ਲੈਟਰ ਤੁਹਾਨੂੰ ਸੌਂਪਣੇ ਹਨ। ਇਸ ਫੋਨ ਕਾਲ ਨੇ ਮੈਨੂੰ ਵਾਪਸ ਆਪਣੇ ਵਤਨ ਸੱਦ ਲਿਆ।
ਸਿਕੰਦਰ ਸਿੰਘ ਦੱਸਦਾ ਹੈ ਕਿ ਜਦੋਂ ਮੈਨੂੰ ਭਾਰਤ ਤੋਂ ਮੇਰੇ ਬਾਪੂ ਦਾ ਫੋਨ ਆਇਆ ਸੀ ਕਿ ਤੈਨੂੰ ਸਬ-ਇੰਸਪੈਕਟਰ ਵਜੋਂ ਜੁਆਇੰਨਿੰਗ ਲੈਟਰ ਲੈਣ ਲਈ ਵਾਪਸ ਪੰਜਾਬ ਆਉਣਾ ਚਾਹੀਦਾ ਹੈ। ਇਹ ਮੇਰੇ ਲਈ ਇਮਤਿਹਾਨ ਦੀ ਘੜੀ ਸੀ ਕਿ ਮੈਂ ਹੁਣ ਕੈਨੇਡਾ ਵਿਚ ਹੀ ਸੈਟ ਹੋਵਾਂ ਜਾਂ ਫਿਰ ਵਾਪਸ ਪੰਜਾਬ ਜਾਵਾਂ? ਮੈਂ ਫੈਸਲਾ ਲਿਆ ਕਿ ਮੈਂ ਵਾਪਸ ਪੰਜਾਬ ਚਲਾ ਜਾਵਾਂਗਾ।
ਮੇਰੇ ਫੈਸਲੇ ਦਾ ਆਧਾਰ ਇਹ ਸੀ ਕਿ ਆਪਣੀ ਧਰਤੀ ਉਤੇ ਜੋ ਰੁਤਬਾ, ਇੱਜ਼ਤ ਅਤੇ ਸਕੂਨ ਮਿਲੇਗਾ ਉਹ ਮੈਂ ਡਾਲਰਾਂ ਨਾਲ ਵੀ ਖ਼ਰੀਦ ਨਹੀਂ ਪਾਵਾਂਗਾ। ਅੱਜ ਵੀ ਮੈਂ ਕੈਨੇਡਾ ਹੁੰਦਾ ਤਾਂ ਮਜ਼ਦੂਰੀ ਕਰਨ ਦੇ ਨਾਲ ਨਾਲ ਮੈਂ ਸਲੂਟ ਮਾਰਦਾ ਹੁੰਦਾ, ਅੱਜ ਆਪਣੇ ਵਤਨ ਅਤੇ ਆਪਣੀ ਧਰਤੀ ਉਤੇ ਮੈਨੂੰ ਸਲੂਟ ਵੱਜ ਰਹੇ ਹਨ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਪੰਜਾਬ ਦੀ ਮਾਨ ਸਰਕਾਰ ਵੱਲੋਂ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਦੀ ਨੌਕਰੀ ਦਿੱਤੀ ਜਾਵੇਗੀ। ਹੁਣ ਮੈਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਥਾਣਾ ਸੁਹਾਣਾ ਵਿਖੇ ਤਾਇਨਾਤ ਹਾਂ ਅਤੇ ਆਪਣੀ ਜ਼ਿੰਦਗੀ ਅਤੇ ਫੈਸਲਿਆਂ ਤੋਂ ਸੰਤੁਸ਼ਟ ਹਾਂ।
ਸਮਰਾਲਾ ਦੇ ਇਸ ਹੋਣਹਾਰ ਪੁੱਤਰ ਦਾ ਕਹਿਣਾ ਹੈ ਕਿ ਜੋ ਲੋਕ ਅਮਰੀਕਾ ਨੇ ਡਿਪੋਰਟ ਕੀਤੇ ਹਨ ਜਾਂ ਕੈਨੇਡਾ ਤੋਂ ਮਜਬੂਰੀਵਸ ਵਾਪਸ ਆ ਰਹੇ ਹਨ ਉਨ੍ਹਾਂ ਨੂੰ ਘਬਰਾਉਣ ਦੀ ਥਾਂ ਖੁਦ ਨੂੰ ਪਹਿਚਾਨਣ ਉਤੇ ਜ਼ੋਰ ਦੇਣਾ ਚਾਹੀਦਾ ਹੈ। ਉਸਦਾ ਕਹਿਣਾ ਹੈ ਕਿ ਤੁਸੀਂ ਮੁੜ ਆਪਣੀ ਹੀ ਮਿੱਟੀ ਨਾਲ ਜੁੜੇ ਹੋ ਇਸ ਲਈ ਆਪਣੀ ਮਿੱਟੀ ਉਤੇ ਮਿਹਨਤ ਅਤੇ ਲਗਨ ਨਾਲ ਕੰਮ ਕਰੋ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ ਜਾਣ ਲਈ 40 ਲੱਖ ਰੁਪਏ ਲਗਾਉਣ ਦੀ ਬਜਾਏ ਆਪਣੀ ਧਰਤੀ ਉਤੇ ਰਹਿ ਕੇ ਹੀ ਇੰਨੇ ਪੈਸੇ ਵਿੱਚ ਵਧੀਆ ਕੰਮ ਕਾਰ ਕੀਤਾ ਜਾ ਸਕਦਾ ਹੈ।