Samrala News (ਵਰੁਣ ਕੌਸ਼ਲ): ਸਮਰਾਲਾ ਨੇੜਲੇ ਪਿੰਡ ਭਗਵਾਨਪੁਰਾ ਦੀ ਪੰਚਾਇਤ ਦੀ ਸ਼ਿਕਾਇਤ ਉਤੇ ਪ੍ਰਸ਼ਾਸਨ, ਸਿਹਤ ਵਿਭਾਗ ਵੱਲੋਂ ਪਿੰਡ ਵਾਸੀ ਕਰਮਜੀਤ ਸਿੰਘ ਦੇ ਘਰ ਭਾਰੀ ਮਾਤਰਾ ਵਿੱਚ ਇਕੱਠਾ ਹੋਇਆ ਕੂੜਾ, ਗਲੀਆਂ ਸੜੀਆਂ ਸਬਜ਼ੀਆਂ, ਗਲਿਆ ਫਰੂਟ,ਖਾਲੀ ਬੋਤਲਾਂ ਚੁਕਵਾਈਆਂ ਗਈਆਂ ਕਿਉਂਕਿ ਪਿੰਡ 'ਚ ਕੂੜੇ ਨਾਲ ਵੱਡੀਆਂ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਸੀ। ਇਸ ਮੌਕੇ ਮਾਨੂਪੁਰ ਸਰਕਾਰੀ ਹਸਪਤਾਲ ਦੇ ਹੈਲਥ ਇੰਸਪੈਕਟਰ ਗੁਰਮਿੰਦਰ ਸਿੰਘ, ਪੰਚਾਇਤ ਸੈਕਟਰੀ ਅਤੇ ਪੁਲਿਸ ਪ੍ਰਸ਼ਾਸਨ ਮੌਜੂਦ ਰਿਹਾ।
ਜ਼ਿਕਰਯੋਗ ਹੈ ਕਿ ਜਦੋਂ ਉਕਤ ਵਿਅਕਤੀ ਦੇ ਘਰ ਪ੍ਰਸ਼ਾਸਨ ਪੁੱਜਾ ਤਾਂ ਘਰ ਦੇ ਹਾਲਾਤ ਦੇਖ ਪ੍ਰਸ਼ਾਸਨ ਸਮੇਤ ਮੌਕੇ ਉਤੇ ਮੌਜੂਦ ਲੋਕ ਵੀ ਹੈਰਾਨ ਹੋ ਗਏ। ਉਕਤ ਵਿਅਕਤੀ ਨੇ ਜਿੱਥੇ ਘਰ ਵਿੱਚ ਕੂੜਾ ਇਕੱਠਾ ਕਰ ਰੱਖਿਆ ਹੋਇਆ ਸੀ ਜਿਸ ਵਿੱਚ ਗਲੀਆਂ ਸੜੀਆਂ ਸਬਜ਼ੀਆਂ, ਫਰੂਟ, ਖਾਲੀ ਬੋਤਲਾਂ, ਲਿਫਾਫੇ,ਗੰਦੇ ਕਪੜੇ ਬਾਜ਼ਾਰ ਵਿੱਚ ਪਿਆ ਕੂੜਾ ਇਹ ਸਭ ਘਰ ਵਿੱਚ ਹੀ ਇਕੱਠਾ ਕਰ ਰੱਖਿਆ ਹੋਇਆ ਸੀ।
ਇਸ ਸਬੰਧ ਵਿੱਚ ਉਕਤ ਵਿਅਕਤੀ ਦੇ ਭਰਾ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਨੇ ਦੱਸਿਆ ਕਿ ਬਹੁਤ ਲੰਬੇ ਸਮੇਂ ਤੋਂ ਕਰਮਜੀਤ ਸਿੰਘ ਉਰਫ ਕਰਮਾ ਆਪਣੇ ਘਰ ਵਿੱਚ ਸ਼ਹਿਰ ਤੋਂ ਗਲੀਆਂ ਸੜੀਆਂ ਸਬਜ਼ੀਆਂ ,ਫਰੂਟ, ਅਤੇ ਕੂੜਾ ਇਕੱਠਾ ਕਰ ਭਰੀ ਜਾ ਰਿਹਾ ਸੀ ਜਿਸ ਕਾਰਨ ਇਹ ਇੱਕ 'ਕੂੜਾ ਘਰ' ਬਣ ਗਿਆ ਸੀ। ਇਸ ਸੰਬੰਧ ਵਿੱਚ ਪੰਚਾਇਤ ਨੂੰ ਸ਼ਿਕਾਇਤ ਦਿੱਤੀ ਗਈ ਅਤੇ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਤੇ ਅੱਜ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਇਸ ਘਰ ਚੋਂ ਕੂੜਾ ਚੁਕਵਾਇਆ ਗਿਆ।
ਉਨ੍ਹਾਂ ਨੇ ਦੱਸਿਆ ਕਿ ਕਰਮਜੀਤ ਸਿੰਘ ਦੇ ਨਾਲ ਘਰ ਵਿੱਚ ਉਸਦੀ ਮਾਤਾ ਵੀ ਰਹਿੰਦੀ ਹੈ ਅਤੇ ਉਹ ਵੀ ਇਸ ਗੰਦਗੀ ਭਰੇ ਜੀਵਨ ਤੋਂ ਪਰੇਸ਼ਾਨ ਸੀ ਪਰ ਉਕਤ ਕਰਮਜੀਤ ਸਿੰਘ ਆਪਣੇ ਘਰ ਵਿੱਚੋਂ ਕੂੜਾ ਚੁਕਵਾਉਣ ਨੂੰ ਮੰਨਦਾ ਨਹੀਂ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਕਤ ਵਿਅਕਤੀ ਨੂੰ ਰੋਕਣ ਉਤੇ ਆਪਣੇ ਆਪ ਨੂੰ ਸਰਕਾਰੀ ਮੁਲਾਜ਼ਮ ਦੱਸਦਾ ਸੀ ਅਤੇ ਕਹਿੰਦਾ ਸੀ ਕੋਈ ਕਿਵੇਂ ਉਸਨੂੰ ਰੋਕ ਸਕਦਾ ਹੈ।
ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਨੇ ਦੱਸਿਆ ਕਿ ਜਿਹੜਾ ਕੂੜਾ ਉਕਤ ਵਿਅਕਤੀ ਸ਼ਹਿਰ ਵਿਚੋਂ ਇਕੱਠਾ ਕਰ ਲਿਆਉਂਦਾ ਸੀ ਜਿਸ ਵਿੱਚ ਗਲੀਆਂ ਸੜੀਆਂ ਸਬਜ਼ੀਆਂ ਤੇ ਫਰੂਟ ਹੁੰਦੇ ਸਨ ਇਹ ਗਲੀਆਂ ਸੜਿਆ ਸਮਾਨ ਘਰ ਵਿੱਚ ਰੱਖੇ ਦੁਧਾਰੂ ਪਸ਼ੂਆਂ ਨੂੰ ਪਾਉਂਦਾ ਸੀ ਜੋ ਇੱਕ ਮਨੁੱਖੀ ਤਸ਼ੱਦਦ ਦੇ ਬਰਾਬਰ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਉਕਤ ਵਿਅਕਤੀ ਨੂੰ ਇਹ ਕਰਨ ਬਾਰੇ ਰੋਕਿਆ ਜਾਂਦਾ ਸੀ ਤਾਂ ਸਾਨੂੰ ਉਹ ਉਲਟਾ ਬੋਲਦਾ ਸੀ। ਉਨ੍ਹਾਂ ਨੇ ਅਪੀਲ ਕੀਤੀ ਕਿ ਸਿਹਤ ਵਿਭਾਗ ਨੂੰ ਵੀ ਲੋਕਾਂ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ।
ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਕਰਮਜੀਤ ਸਿੰਘ ਦੇ ਘਰ ਵਿੱਚ ਪਏ ਕੂੜੇ ਤੋਂ ਲੰਬੇ ਸਮੇਂ ਤੋਂ ਲੋਕ ਪਰੇਸ਼ਾਨ ਸਨ। ਜਦੋਂ ਇਹ ਮਾਮਲਾ ਪੰਚਾਇਤ ਵਿੱਚ ਆਇਆ ਤਾਂ ਅਸੀਂ ਮਤਾ ਪਾ ਵੱਖ-ਵੱਖ ਵਿਭਾਗਾਂ ਨੂੰ ਸੂਚਿਤ ਕੀਤਾ ਅਤੇ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਕਤ ਵਿਅਕਤੀ ਨੂੰ ਘਰ ਵਿੱਚ ਪਏ ਕੂੜੇ ਨੂੰ ਹਟਾਉਣ ਨੂੰ ਕਹਿੰਦੇ ਸੀ ਤਾਂ ਕਹਿੰਦਾ ਸੀ ਕਿ ਨਗਰ ਕੌਂਸਲ ਦਾ ਮੁਲਾਜ਼ਮ ਹਾਂ ਅਤੇ ਇਸ ਕਰਕੇ ਇਹ ਕੂੜਾ ਸ਼ਹਿਰ ਵਿਚੋਂ ਇਕੱਠਾ ਕਰ ਆਪਣੇ ਘਰ ਲਿਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਭ ਕੁਝ ਝੂਠ ਬੋਲ ਰਿਹਾ ਸੀ ਕਿਉਂਕਿ ਪਿੰਡ ਵਿੱਚ ਕੂੜੇ ਦਾ ਡੰਪ ਨਹੀਂ ਬਣ ਸਕਦਾ। ਇਸ ਕਾਰਨ ਅੱਜ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਉਤੇ ਉਕਤ ਵਿਅਕਤੀ ਦੇ ਘਰ ਵਿੱਚੋਂ ਕੂੜਾ ਚੁਕਵਾਇਆ ਗਿਆ। ਜੇਕਰ ਅੱਗੇ ਤੋਂ ਕੂੜਾ ਉਕਤ ਵਿਅਕਤੀ ਲੈ ਕੇ ਆਵੇਗਾ ਤਾਂ ਉਸ ਉਪਰ ਹੋਰ ਵੱਡੀ ਕਾਰਵਾਈ ਹੋਵੇਗੀ।
ਇਸ ਸਬੰਧ ਵਿੱਚ ਸਿਹਤ ਵਿਭਾਗ ਦੇ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਨਗਰ ਪੰਚਾਇਤ ਦੀ ਸ਼ਿਕਾਇਤ ਮਿਲਣ ਉਤੇ ਪਿੰਡ ਭਗਵਾਨਪੁਰਾ ਦੇ ਪਿੰਡ ਵਾਸੀ ਤੇ ਘਰ ਵਿੱਚ ਜਮ੍ਹਾਂ ਕੂੜਾ ਚੁਕਵਾਇਆ ਜਾ ਰਿਹਾ ਹੈ ਕਿਉਂਕਿ ਇਸ ਨਾਲ ਵੱਡੀਆਂ ਬਿਮਾਰੀਆਂ ਹੋਣ ਦਾ ਖਦਸ਼ਾ ਹੈ। ਆਲੇ ਦੁਆਲੇ ਖੜ੍ਹੇ ਪਿੰਡ ਵਾਸੀ ਅਤੇ ਹੋਰ ਲੋਕਾਂ ਦਾ ਇੱਕ-ਇੱਕ ਮਿੰਟ ਖੜਨਾ ਮੁਸ਼ਕਿਲ ਹੋ ਗਿਆ ਸੀ। ਇਹ ਸਭ ਦੇਖ ਲੋਕ ਹੈਰਾਨ ਸਨ ਕਿ ਉਕਤ ਵਿਅਕਤੀ ਇਸ ਕੂੜੇ ਵਿੱਚ ਕਿਵੇਂ ਰਹਿ ਰਿਹਾ ਸੀ ਜਿੱਥੇ ਕਿ ਇੱਕ ਮਿੰਟ ਖੜਨਾ ਵੀ ਮੁਸ਼ਕਿਲ ਸੀ।