SKM News(ਕਮਲਦੀਪ ਸਿੰਘ): ਖਨੌਰੀ ਅਤੇ ਸ਼ੰਭੂ ਬਾਰਡਰ ਉੱਪਰ ਚੱਲੇ 14 ਮਹੀਨੇ ਦੇ ਮੋਰਚੇ ਤੋਂ ਬਾਅਦ ਹੁਣ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵਿੱਚ ਬਗਾਵਤ ਵੱਧਦੀ ਹੋਈ ਨਜ਼ਰ ਆ ਰਹੀ ਹੈ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਸੁਖਜਿੰਦਰ ਸਿੰਘ ਖੋਸਾ ਅਤੇ ਇੰਦਰਜੀਤ ਸਿੰਘ ਕੋਟ ਬੁੱਢਾ ਵੱਲੋਂ ਮੋਰਚੇ ਦੌਰਾਨ ਕੁਝ ਲੀਡਰਾਂ ਦੇ ਕਾਰਜਕਾਰੀ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
ਸੁਖਜਿੰਦਰ ਸਿੰਘ ਖੋਸਾ ਵੱਲੋਂ ਜ਼ੀ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਜਗਜੀਤ ਸਿੰਘ ਡੱਲੇਵਾਲ, ਕਾਕਾ ਸਿੰਘ ਕੋਟੜਾ ,ਅਭਿਮਨਿਊ ਕੋਹਾੜ ਅਤੇ ਸੁਖਜੀਤ ਸਿੰਘ ਹਰਦੋ ਝੰਡੇ ਉੱਪਰ ਕਾਫੀ ਵੱਡੇ ਇਲਜ਼ਾਮ ਲਗਾਏ ਗਏ। ਸੁਖਜਿੰਦਰ ਸਿੰਘ ਖੋਸਾ ਨੇ ਕਿਹਾ ਕਿ ਜੇਕਰ ਸਾਡੇ ਆਗੂ ਪੁਲਿਸ ਨਾਲ ਨਾ ਮਿਲਦੇ ਤਾਂ ਇਹ ਮੋਰਚਾ ਨਹੀਂ ਚੁੱਕਿਆ ਜਾਣਾ ਸੀ। ਸਾਡੇ ਆਗੂਆਂ ਦੀ ਪ੍ਰਸ਼ਾਸਨ ਅਤੇ ਸਰਕਾਰ ਨਾਲ ਸੰਧੀ ਹੋਈ ਜਿਸ ਤੋਂ ਬਾਅਦ ਇਹ ਮੋਰਚਾ ਚੁੱਕਿਆ ਗਿਆ ਹੈ।
ਹਾਲਾਂਕਿ ਇਨ੍ਹਾਂ ਇਲਜ਼ਾਮਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਕਾਕਾ ਸਿੰਘ ਕੋਟੜਾ ਸੁਖਜੀਤ ਸਿੰਘ ਹਰਦੋ ਝੰਡੇ ਅਤੇ ਅਭਿਮਨਿਊ ਕੌਹਾੜ ਵੀ ਆਪਣਾ ਪੱਖ ਰੱਖਦੇ ਹੋਏ ਨਜ਼ਰ ਆਏ। ਉਨ੍ਹਾਂ ਆਗੂਆਂ ਵੱਲੋਂ ਕਿਹਾ ਗਿਆ ਕੀ ਜੇਕਰ ਅਜਿਹੀ ਕੋਈ ਗੱਲ ਹੈ ਤਾਂ ਸੁਖਜਿੰਦਰ ਸਿੰਘ ਖੋਸਾ ਫੋਰਮ ਦੀ ਮੀਟਿੰਗ ਦੌਰਾਨ ਇਹ ਮੁੱਦਾ ਰੱਖਣ।
ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਵੱਲੋਂ ਖਨੌਰੀ ਅਤੇ ਸ਼ੰਭੂ ਬਾਰਡਰ ਵਿਖੇ ਚੱਲ ਰਹੇ ਮੋਰਚੇ ਦੇ ਸੰਚਾਲਕ ਆਗੂਆਂ ਤੇ ਵੱਡੇ ਇਲਜ਼ਾਮ ਲਗਾਏ ਜਿਨਾਂ ਕਰਕੇ ਇਸ ਮੋਰਚੇ ਨੂੰ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਜਬਰੀ ਖਤਮ ਕਰਵਾਇਆ ਉਸ ਨੂੰ ਇਹ ਆਗੂਆਂ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਦੱਸਦੇ ਰਹੇ। ਉਧਰ ਇਹਨਾਂ ਸਾਰੇ ਸਵਾਲਾਂ ਤੇ ਜਵਾਬ ਲੈਣ ਲਈ ਜਦ ਬੀਕੇਯੂ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨਾਲ ਗੱਲ ਕੀਤੀ ਤਾਂ ਉਹਨਾਂ ਸਾਰੇ ਸਵਾਲਾਂ ਦਾ ਬੇਬਾਕੀ ਨਾਲ ਜਵਾਬ ਦਿੱਤਾ।
ਉਨ੍ਹਾਂ ਕਿਹਾ ਕਿ ਸੁਖਜਿੰਦਰ ਸਿੰਘ ਖੋਸਾ ਉਨ੍ਹਾਂ ਦੇ ਛੋਟੇ ਭਰਾਵਾਂ ਵਰਗੇ ਹਨ ਅਤੇ ਕਿਤੇ ਨਾ ਕਿਤੇ ਉਹਨਾਂ ਦੇ ਦਿਮਾਗ ਵਿੱਚ ਕਿਸੇ ਤਰ੍ਹਾਂ ਦੀ ਕੋਈ ਗਲਤਫਹਿਮੀ ਜਾਂ ਨਾਰਾਜ਼ਗੀ ਹੈ ਜਿਸ ਨੂੰ ਉਹ ਜਲਦ ਮੀਟਿੰਗ ਕਰਕੇ ਸਾਰੇ ਸਵਾਲਾਂ ਦਾ ਜਵਾਬ ਦੇ ਕੇ ਸੰਤੁਸ਼ਟ ਕਰ ਲੈਣਗੇ। ਦੂਜੇ ਪਾਸੇ ਉਹਨਾਂ ਕਿਹਾ ਕਿ ਜੋ ਇਲਜ਼ਾਮ ਉਹਨਾਂ ਤੇ ਲੱਗੇ ਹਨ ਕਿ ਮਰਨ ਵਰਤ ਮੋਰਚੇ ਨੂੰ ਲੈ ਕੇ ਬੈਠ ਗਿਆ ਤਾਂ ਉਹਨਾਂ ਦੱਸਿਆ ਕਿ ਇਹ ਸਾਰੀ ਫੋਰਮ ਦਾ ਸਮਰਥਨ ਮਿਲਣ ਤੋਂ ਬਾਅਦ ਹੀ ਮਰਨ ਵਰਤ ਸ਼ੁਰੂ ਕੀਤਾ ਗਿਆ ਸੀ ਅਤੇ ਮਰਨ ਵਰਤ ਦੌਰਾਨ ਹੀ ਉਹਨਾਂ ਦੀ ਹਾਲਤ ਕਾਫੀ ਚਿੰਤਾਜਨਕ ਹੋ ਗਈ ਸੀ ਜਿਸ ਤੋਂ ਬਾਅਦ ਮੋਰਚਾ ਦੇ ਆਗੂਆਂ ਵੱਲੋਂ ਹੀ ਦਿੱਤੀ ਸਲਾਹ ਤੋਂ ਬਾਅਦ ਜਾਂ ਉਹਨਾਂ ਵੱਲੋਂ ਭੁੱਖ ਹੜਤਾਲ ਕੀਤੇ ਜਾਣ ਦੇ ਬਿਆਨ ਤੋਂ ਬਾਅਦ ਮੈਡੀਕਲ ਸਹੂਲਤਾਂ ਲਈਆਂ ਅਤੇ ਜਿੱਥੇ ਰਹੀ ਗੱਲ ਕਿ ਇੰਨੇ ਦਿਨ ਉਹ ਕਿੱਦਾਂ ਭੁੱਖ ਨਾਲ ਰਹੇ ਤਾਂ ਉਨ੍ਹਾਂ ਦੀਆਂ ਹੁਣ ਦੀਆਂ ਮੈਡੀਕਲ ਰਿਪੋਰਟਾਂ ਵਿੱਚ ਸਾਫ ਜ਼ਾਹਿਰ ਹੋ ਰਿਹਾ ਕਿ ਉਹਨਾਂ ਦੇ ਪੇਟ ਵਿੱਚ ਇੱਕ ਦਾਣਾ ਵੀ ਅਨਾਜ ਦਾ ਨਹੀਂ ਗਿਆ।
ਦੂਜੇ ਪਾਸੇ ਪ੍ਰਸ਼ਾਸਨ ਨਾਲ ਸੰਧੀ ਬਾਰੇ ਉਹਨਾਂ ਕਿਹਾ ਕਿ ਸਾਰੇ ਹੀ ਆਗੂਆਂ ਨੂੰ ਬਰਾਬਰ ਦਾ ਮੌਕਾ ਦਿੱਤਾ ਜਾਂਦਾ ਸੀ ਗੱਲਬਾਤ ਕਰਨ ਦਾ ਅਤੇ ਨਾ ਹੀ ਉਹਨਾਂ ਦੀ ਅਜਿਹੀ ਕੋਈ ਮੰਸ਼ਾ ਸੀ ਅਤੇ ਨਾ ਹੀ ਕਦੀ ਲੁਕ ਛਿਪ ਕੇ ਉਨ੍ਹਾਂ ਵੱਲੋਂ ਗੱਲ ਕੀਤੀ ਗਈ ਸੀ ਜਦ ਕਿ ਸੁਖਜਿੰਦਰ ਸਿੰਘ ਖੋਸਾ ਆਪਣੇ ਰੁਝੇਵਿਆਂ ਦੇ ਚਲਦੇ ਮੋਰਚੇ ਵਿੱਚ ਬਹੁਤ ਘੱਟ ਹਾਜ਼ਰ ਰਹਿੰਦੇ ਸਨ ਅਤੇ ਬਹੁਤ ਵਾਰ ਉਨ੍ਹਾਂ ਨੂੰ ਮੀਟਿੰਗ ਵਿੱਚ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ ਜਾਂਦਾ ਰਿਹਾ ਪਰ ਉਹ ਇਸ ਦੇ ਬਾਵਜੂਦ ਵੀ ਬਹੁਤ ਘੱਟ ਮੀਟਿੰਗਾਂ ਅਟੈਂਡ ਕਰਦੇ ਸਨ। ਸ਼ਾਇਦ ਉਹਨਾਂ ਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਕਿ ਮੋਰਚੇ ਵਿੱਚ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਚੱਲ ਰਹੀਆਂ ਸਨ।
ਉਨ੍ਹਾਂ ਕਿਹਾ ਕਿ ਲੋਕਾਂ ਦਾ ਹਾਲੇ ਵੀ ਉਨ੍ਹਾਂ ਉਤੇ ਪੂਰਾ ਵਿਸ਼ਵਾਸ ਹੈ ਕਿਉਂਕਿ ਉਹਨਾਂ ਨੇ ਆਪਣਾ ਕੰਮ ਇਮਾਨਦਾਰੀ ਨਾਲ ਕੀਤਾ ਅਤੇ ਜੋ ਕਿਸਾਨੀ ਨਾਲ ਸਬੰਧਤ ਲੜਾਈ ਹੈ ਉਹ ਅੱਜ ਵੀ ਉਹਨਾਂ ਦੀ ਜਾਰੀ ਹੈ। ਮੋਰਚਾ ਖਤਮ ਹੋਣ ਤੋਂ ਬਾਅਦ ਕੀਤੀਆਂ ਗਈਆਂ ਮੀਟਿੰਗਾਂ ਦੇ ਵਿੱਚ ਵੱਡੇ ਇਕੱਠ ਇਸੇ ਗੱਲ ਦਾ ਸਬੂਤ ਦਿੰਦੇ ਹਨ ਕਿ ਲੋਕ ਹਾਲੇ ਵੀ ਉਨ੍ਹਾਂ ਉਤੇ ਵਿਸ਼ਵਾਸ ਕਰਦੇ ਹਨ ਤੇ ਉਹ ਲੋਕਾਂ ਦਾ ਵਿਸ਼ਵਾਸ ਕਦੀ ਨਹੀਂ ਤੋੜਨਗੇ।
ਦੂਜੇ ਪਾਸੇ ਉਹਨਾਂ ਕਿਹਾ ਕਿ ਜੋ ਗੱਲ ਸੁਖਜਿੰਦਰ ਸਿੰਘ ਖੋਸਾ ਨੇ ਕਈ ਕਿ SKM ਗੈਰ ਰਾਜਨੀਤਿਕ ਦੀ ਇੱਕ ਮੀਟਿੰਗ ਦੇ ਦੌਰਾਨ ਫੈਸਲਾ ਲਿਆ ਜਾਏਗਾ ਕਿ ਜਿਸ ਨੇ ਵੀ ਧੋਖਾ ਕੀਤਾ ਉਸ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਏਗਾ ਉਹ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਕਿ ਪੂਰੀ ਤਰਹਾਂ ਪੜਚੋਲ ਹੋਣੀ ਚਾਹੀਦੀ ਹੈ ਕਿ ਕਿਸ ਵਿਅਕਤੀ ਦੀ ਗਲਤੀ ਦੇ ਨਾਲ ਜਾਂ ਕਿਸ ਵਿਅਕਤੀ ਦੇ ਕਾਰਨ ਇਸ ਮੋਰਚੇ ਨੂੰ ਤਹਿਸ ਨਹਿਸ ਕੀਤਾ ਗਿਆ ਅਤੇ ਉਸ ਦੇ ਖਿਲਾਫ ਕਾਰਵਾਈ ਲਈ ਵੀ ਉਹ ਆਪਣੀ ਹਾਮੀ ਭਰਦੇ ਹਨ।