Home >>Punjab

Samyukta Kisan Morcha: ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਚੋਣਾਂ ਵਿੱਚ ਭਾਜਪਾ ਦੇ ਵਿਰੋਧ ਦਾ ਕੀਤਾ ਐਲਾਨ

Samyukta Kisan Morcha:  8 ਅਪ੍ਰੈਲ ਨੂੰ ਮੁਹਾਲੀ ਵਿਖੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਵਿਸ਼ਾਲ ਰੈਲੀ ਅਤੇ ਮੁਜ਼ਾਹਰਾ ਕੀਤਾ ਜਾਵੇਗਾ। 8 ਅਪ੍ਰੈਲ ਜਿਸ ਦਿਨ ਸ਼ਹੀਦ ਭਗਤ ਸਿੰਘ ਹੁਰਾਂ ਨੇ ਬੋਲਿਆਂ ਨੂੰ ਸੁਣਾਉਣ ਲਈ ਅਸੈਂਬਲੀ ਵਿੱਚ ਬੰਬ ਧਮਾਕਾ ਕੀਤਾ ਸੀ, ਉਸ ਦਿਨ ਮੰਡੀਆਂ ਦੇ ਨਿੱਜੀਕਰਨ ਦੀ ਇਸ ਚਾਲ ਦਾ ਵਿਰੋਧ ਕਰਨ ਲਈ ਅਗਲੇ ਪ੍ਰੋਗਰਾਮ ਦਾ ਐਲਾਨ ਵੀ ਕੀਤਾ ਜਾਵੇਗਾ।

Advertisement
Samyukta Kisan Morcha: ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਚੋਣਾਂ ਵਿੱਚ ਭਾਜਪਾ ਦੇ ਵਿਰੋਧ ਦਾ ਕੀਤਾ ਐਲਾਨ
Manpreet Singh|Updated: Mar 29, 2024, 04:16 PM IST
Share

Samyukta Kisan Morcha: ਸੰਯੁਕਤ ਕਿਸਾਨ ਮੋਰਚਾ ਪੰਜਾਬ ਵਿੱਚ ਸ਼ਾਮਿਲ ਜਥੇਬੰਦੀਆਂ ਨੇ ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਮੀਟਿੰਗ ਕੀਤੀ। ਇਸ ਮੀਟਿੰਗ ਦੀ ਪ੍ਰਧਾਨਗੀ ਬੂਟਾ ਸਿੰਘ ਬੁਰਜ ਗਿੱਲ, ਕੰਵਲਪ੍ਰੀਤ ਸਿੰਘ ਪੰਨੂ ਅਤੇ ਸੰਦੀਪ ਅਰੋੜਾ ਨੇ ਕੀਤੀ। ਇਸ ਮੀਟਿੰਗ ਵਿੱਚ ਮੋਰਚੇ ਵੱਲੋਂ ਕਈ ਅਹਿਮ ਫੈਸਲੇ ਲਏ ਗਏ ਹਨ।

ਮੀਟਿੰਗ ਵਿੱਚ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਸਰਕਾਰ ਕਿਸਾਨ ਮਜ਼ਦੂਰ ਅਤੇ ਲੋਕ ਵਿਰੋਧੀ ਹੈ। ਦਿੱਲੀ ਦੇ ਰਾਮ ਲੀਲਾ ਗਰਾਊਂਡ ਵਿਖੇ 19 ਦਸੰਬਰ ਨੂੰ ਹੋਈ ਕਿਸਾਨ ਮਜ਼ਦੂਰ ਮਹਾਂ ਪੰਚਾਇਤ ਨੂੰ ਪ੍ਰਵਾਨਗੀ ਦੇ ਕੇ ਵੀ ਜਿਸ ਤਰ੍ਹਾਂ ਕਿਸਾਨਾਂ ਅਤੇ ਬੀਬੀਆਂ ਨੂੰ ਸੜਕਾਂ 'ਤੇ ਰੋਲਿਆ ਗਿਆ, ਰੇਲਵੇ ਸਟੇਸ਼ਨਾਂ 'ਤੇ ਪਰੇਸ਼ਾਨ ਕੀਤਾ ਗਿਆ ਅਤੇ ਦਿੱਲੀ ਜਾਣ ਵਿੱਚ ਅੜਿੱਕੇ ਲਾਏ ਗਏ। ਉਸ ਨੂੰ ਦੇਖਦੇ ਹੋਏ 21 ਮਈ ਨੂੰ " ਮੋਦੀ ਹਰਾਉ, ਕਾਰਪੋਰੇਟ ਭਜਾਉ, ਦੇਸ਼ ਬਚਾਉ" ਨਾਅਰੇ ਅਧੀਨ ਜਗਰਾਉਂ ਵਿਖੇ ਮਹਾਂ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਕਿਸਾਨਾਂ ਦੀ ਕਰਜ਼ਾ ਮੁਕਤੀ, ਫੈਡਰਲ ਸਿਸਟਮ ਦੀ ਰਾਖੀ ਅਤੇ ਪੰਜਾਬ ਦੇ ਮੁੱਦਿਆਂ ਵਾਸਤੇ ਆਵਾਜ ਬੁਲੰਦ ਕੀਤੀ ਜਾਵੇਗੀ।

ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਕੇਂਦਰ ਦੇ ਦਬਾਅ ਅਧੀਨ ਪੰਜਾਬ ਵਿੱਚ 9 ਕਾਰਪੋਰੇਟ ਘਰਾਣਿਆਂ ਨੂੰ 26 ਮਾਰਕੀਟ ਕਮੇਟੀਆਂ ਦੇ ਅਧੀਨ ਆਉਂਦੇ ਖਰੀਦ ਕੇਂਦਰਾਂ ਵਿੱਚ 9 ਸਾਈਲੋ ਖੋਲਣ ਨੂੰ ਦਿੱਤੀ ਮਨਜ਼ੂਰੀ ਨੂੰ ਬੜੀ ਗੰਭੀਰਤਾ ਨਾਲ ਵਿਚਾਰਿਆ ਗਿਆ। ਆਗੂਆਂ ਨੇ ਕਿਹਾ ਕਿ ਜਿਹੜੇ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ 730 ਸ਼ਹੀਦੀਆਂ ਦਿੱਤੀਆਂ ਅਤੇ 13 ਮਹੀਨੇ ਦਿੱਲੀ ਦੇ ਬਾਰਡਰਾਂ ਤੇ ਐਸਕੇਐਮ ਦੀ ਅਗਵਾਈ ਵਿੱਚ ਸੰਘਰਸ਼ ਕੀਤਾ, ਉਨ੍ਹਾਂ ਕਾਲੇ ਕਾਨੂੰਨਾਂ ਨੂੰ ਪੰਜਾਬ ਵਿੱਚ ਪੁੱਠੇ ਪਾਸਿਓਂ ਲਾਗੂ ਕਰਨ ਦਾ ਰਾਹ ਫੜ ਲਿਆ ਹੈ।

ਜਦੋਂ ਕਿਸਾਨ ਆਪਣੀ ਫਸਲ ਸਿੱਧੀ ਸਾਈਲੋਜ ਵਿੱਚ ਲਿਜਾਣ ਲੱਗ ਜਾਣਗੇ ਤਾਂ ਸਰਕਾਰੀ ਮੰਡੀਆਂ ਵਿੱਚ ਅਨਾਜ ਦੀ ਆਮਦ ਘਟ ਜਾਵੇਗੀ। ਇਸ ਤਰ੍ਹਾਂ ਮੰਡੀਆਂ ਨੂੰ ਫੇਲ੍ਹ ਕਰ ਦਿੱਤਾ ਜਾਵੇਗਾ ਅਤੇ ਅਖੀਰ ਵਿੱਚ ਬੰਦ ਕਰ ਕੇ ਕਿਸਾਨਾਂ ਨੂੰ ਇਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਰਹਿਮ ਕਰਮ ਤੇ ਛੱਡ ਦਿੱਤਾ ਜਾਵੇਗਾ। ਪੰਜਾਬ ਦੇ ਬਹਾਦਰ ਲੋਕ ਇਹਨਾਂ ਧੱਕੇਸ਼ਾਹੀਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ।

ਇਸ ਦਾ ਵਿਰੋਧ ਕਰਨ ਲਈ 8 ਅਪ੍ਰੈਲ ਨੂੰ ਮੁਹਾਲੀ ਵਿਖੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਵਿਸ਼ਾਲ ਰੈਲੀ ਅਤੇ ਮੁਜ਼ਾਹਰਾ ਕੀਤਾ ਜਾਵੇਗਾ। ਇਸ ਦੀਆਂ ਤਿਆਰੀਆਂ ਅੱਜ ਤੋਂ ਹੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। 8 ਅਪ੍ਰੈਲ ਜਿਸ ਦਿਨ ਸ਼ਹੀਦ ਭਗਤ ਸਿੰਘ ਹੁਰਾਂ ਨੇ ਬੋਲਿਆਂ ਨੂੰ ਸੁਣਾਉਣ ਲਈ ਅਸੈਂਬਲੀ ਵਿੱਚ ਬੰਬ ਧਮਾਕਾ ਕੀਤਾ ਸੀ, ਉਸ ਦਿਨ ਮੰਡੀਆਂ ਦੇ ਨਿੱਜੀਕਰਨ ਦੀ ਇਸ ਚਾਲ ਦਾ ਵਿਰੋਧ ਕਰਨ ਲਈ ਅਗਲੇ ਪ੍ਰੋਗਰਾਮ ਦਾ ਐਲਾਨ ਵੀ ਕੀਤਾ ਜਾਵੇਗਾ।

ਮੀਟਿੰਗ ਵਿੱਚ ਪ੍ਰਧਾਨਗੀ ਮੰਡਲ ਤੋਂ ਇਲਾਵਾ ਹਰਿੰਦਰ ਸਿੰਘ ਲੱਖੋਵਾਲ, ਬਲਵੀਰ ਸਿੰਘ ਰਾਜੇਵਾਲ, ਸਤਨਾਮ ਸਿੰਘ ਅਜਨਾਲਾ,ਕੁਲਦੀਪ ਸਿੰਘ ਬਜੀਦਪੁਰ, ਬੋਘ ਸਿੰਘ ਮਾਨਸਾ, ਰਾਜਵਿੰਦਰ ਕੌਰ ਰਾਜੂ, ਬੂਟਾ ਸਿੰਘ ਸ਼ਾਦੀਪੁਰ, ਬਲਵਿੰਦਰ ਸਿੰਘ ਮੱਲੀ ਨੰਗਲ, ਗੁਰਨਾਮ ਸਿੰਘ ਭੀਖੀ, ਹਰਬੰਸ ਸਿੰਘ ਸੰਘਾ, ਅੰਗਰੇਜ ਸਿੰਘ ਮੋਹਾਲੀ, ਪ੍ਰੇਮ ਸਿੰਘ ਭੰਗੂ, ਬੇਅੰਤ ਸਿੰਘ ਮਹਿਮਾ ਸਰਜਾ, ਰੂਪ ਬਸੰਤ ਸਿੰਘ ਅਤੇ ਰਘਵੀਰ ਸਿੰਘ ਮਿਹਰਵਾਲਾ ਸ਼ਾਮਿਲ ਸਨ।

Read More
{}{}