Sangrur News (ਕੀਰਤੀਪਾਲ ਕੁਮਾਰ): ਜ਼ਿਲ੍ਹਾ ਸੰਗਰੂਰ ਦੇ ਪਿੰਡ ਉਪਲੀ ਵਿਖੇ ਇੱਕ ਮੰਦਭਾਗੀ ਘਟਨਾ ਵਾਪਰੀ। ਘਰ ਵਿੱਚ ਅਚਾਨਕ ਇੱਕ ਸਿਲੰਡਰ ਬਲਾਸਟ ਹੋਣ ਕਰਕੇ ਵੱਡਾ ਹਾਦਸਾ ਵਾਪਰਿਆ ਹੈ। ਘਰ ਦੀ ਛੱਤ ਡਿੱਗਣ ਕਾਰਨ ਵਿਹੜੇ ‘ਚ ਸੁੱਤੇ ਪਰਿਵਾਰ ‘ਤੇ ਕੰਧ ਡਿੱਗ ਗਈ। ਜਿਸ ਕਾਰਨ 55 ਸਾਲਾ ਕਰਮਜੀਤ ਸਿੰਘ ਦੀ ਮੌਤ ਹੋ ਗਈ ਹੈ। ਉਸ ਦੀ ਪਤਨੀ ਅਤੇ ਪੁੱਤਰ ਗੰਭੀਰ ਜ਼ਖਮੀ ਹੋ ਗਏ ਅਤੇ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਜਾਣਕਾਰੀ ਅਨੁਸਾਰ ਪਿੰਡ ਉਪਲੀ ਵਿਖੇ ਮਹਿਲਾ ਆਪਣੇ ਪਤੀ ਅਤੇ ਪੁੱਤਰ ਦੇ ਲਈ ਚਾਹ ਬਣਾਉਣ ਲਈ ਰਸੋਈ ਵਿੱਚ ਗਈ ਤਾਂ ਜਿਵੇ ਹੀ ਉਸ ਨੇ ਗੈਸ ਦਾ ਬਟਨ ਆਨ ਕੀਤਾ ਅਚਾਨਕ ਹੀ ਸਿਲੰਡਰ ਵਿੱਚ ਬਲਾਸਟ ਹੋ ਗਿਆ। ਜਿਸ ਦੇ ਨਾਲ ਉਹਨਾਂ ਦੀ ਰਸੋਈ ਦੀ ਛੱਤ ਉੱਡ ਗਈ ਅਤੇ ਕੰਧ ਵਿਹੜੇ ਵਿੱਚ ਸੁੱਤੇ ਉਸਦੇ ਪਤੀ ਉੱਤੇ ਜਾ ਡਿੱਗੀ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਵਿੱਚ ਮਹਿਲਾ ਤੇ ਉਸ ਦਾ ਪੁੱਤਰ ਗੰਭੀਰ ਜ਼ਖਮੀ ਹੋਏ ਹਨ। ਉਨ੍ਹਾਂ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ। ਉਹਨਾਂ ਕਿਹਾ ਕਿ ਇਹ ਇੱਕ ਗਰੀਬ ਪਰਿਵਾਰ ਹੈ। ਇਹਨਾਂ ਦੀ ਮਾਲੀ ਮਦਦ ਹੋਣੀ ਚਾਹੀਦੀ ਹੈ ਕਿਉਂਕਿ ਘਰ ਵਿੱਚ ਇਹੀ ਕਮਾਉਣ ਵਾਲਾ ਇਕਲੌਤਾ ਸਹਾਰਾ ਸੀ।
ਜਾਂਚ ਵਿੱਚ ਜੁੱਟਿਆ ਪ੍ਰਸ਼ਾਸਨ
ਇਸ ਹਾਦਸੇ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਹੈ, ਤਾਂ ਜੋ ਸਿਲੰਡਰ ਫਟਣ ਦੇ ਕਾਰਨਾਂ ਬਾਰੇ ਸਹੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ। ਮੁੱਢਲੀ ਜਾਂਚ ਵਿੱਚ ਗੈਸ ਲੀਕ ਹੋਣ ਦਾ ਸ਼ੱਕ ਹੈ।