Home >>Punjab

Farmers News: ਝੋਨਾ ਮੰਡੀਆਂ ਵਿੱਚ ਰੁਲਣ ਦਾ ਸੰਯੁਕਤ ਕਿਸਾਨ ਮੋਰਚਾ ਨੇ ਲਿਆ ਸਖਤ ਨੋਟਿਸ

  Farmers News: ਸੰਯੁਕਤ ਕਿਸਾਨ ਮੋਰਚਾ ਪੰਜਾਬ ਵਿੱਚ ਸ਼ਾਮਿਲ ਜਥੇਬੰਦੀਆਂ ਨੇ ਮੰਡੀਆਂ ਵਿੱਚ ਝੋਨੇ ਦੀ ਖਰੀਦ ਦਾ ਬੁਰਾ ਹਾਲ ਹੋਣ ਦਾ ਸਖਤ ਨੋਟਿਸ ਲਿਆ ਹੈ।

Advertisement
Farmers News: ਝੋਨਾ ਮੰਡੀਆਂ ਵਿੱਚ ਰੁਲਣ ਦਾ ਸੰਯੁਕਤ ਕਿਸਾਨ ਮੋਰਚਾ ਨੇ ਲਿਆ ਸਖਤ ਨੋਟਿਸ
Ravinder Singh|Updated: Oct 10, 2024, 07:14 PM IST
Share

Farmers News:  ਸੰਯੁਕਤ ਕਿਸਾਨ ਮੋਰਚਾ ਪੰਜਾਬ ਵਿੱਚ ਸ਼ਾਮਿਲ ਜਥੇਬੰਦੀਆਂ ਨੇ ਮੰਡੀਆਂ ਵਿੱਚ ਝੋਨੇ ਦੀ ਖਰੀਦ ਦਾ ਬੁਰਾ ਹਾਲ ਹੋਣ ਦਾ ਸਖਤ ਨੋਟਿਸ ਲਿਆ ਹੈ। ਅੱਜ ਇਸ ਮਸਲੇ ਦੇ ਹੱਲ ਲਈ ਐਮਰਜੈਂਸੀ ਵਿਸ਼ੇਸ਼ ਤੌਰ ਤੇ ਆਗੂਆਂ ਨੇ ਜ਼ੂਮ ਮੀਟਿੰਗ ਕੀਤੀ,ਮੀਟਿੰਗ ਵਿੱਚ ਆਗੂਆਂ ਨੇ ਨੋਟ ਕੀਤਾ ਕਿ ਪੰਜਾਬ ਸਰਕਾਰ ਕਿਸਾਨਾਂ,ਮਜ਼ਦੂਰਾਂ,ਆੜਤੀਆਂ ਅਤੇ ਸ਼ੈਲਰ ਮਾਲਕਾਂ ਨੂੰ ਲਾਰੇ ਲਾ ਕੇ ਅਤੇ ਗੁੰਮਰਾਹ ਕਰਕੇ ਡੰਗ ਟਪਾਉਣਾ ਚਾਹੁੰਦੀ ਹੈ,ਨਾ ਤਾਂ ਮੰਡੀਆਂ ਵਿੱਚ ਸੈਲਰਾਂ ਵਾਲਿਆਂ ਦੀ ਹੜਤਾਲ ਖਤਮ ਹੋਈ ਹੈ,ਨਾ ਹੀ ਆੜਤੀਆਂ ਦੀ ਅਤੇ ਨਾ ਹੀ ਮਜ਼ਦੂਰਾਂ ਦੀ, ਇਸ ਸਾਰੇ ਕੁਝ ਦੇ ਦਰਮਿਆਨ ਕਿਸਾਨ ਪੀਸਿਆ ਜਾ ਰਿਹਾ ਹੈ।

ਕਿਸਾਨਾਂ ਦਾ ਝੋਨਾ ਮੰਡੀਆਂ ਵਿੱਚ ਖਰਾਬ ਹੋ ਰਿਹਾ ਹੈ,ਮਾਝੇ ਅਤੇ ਦੁਆਬੇ ਦੀਆਂ ਮੰਡੀਆਂ ਝੋਨੇ ਨਾਲ ਨੱਕੋ-ਨੱਕ ਭਰੀਆਂ ਹੋਈਆਂ ਹਨ,ਮਾਲਵੇ ਵਿੱਚ ਵੀ ਝੋਨਾ ਆਉਣਾ ਸ਼ੁਰੂ ਹੋ ਗਿਆ ਹੈ,ਪੰਜਾਬ ਸਰਕਾਰ ਵੱਲੋਂ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ 07 ਅਕਤੂਬਰ ਨੂੰ ਸੰਯੁਕਤ ਕਿਸਾਨ ਮੋਰਚੇ ਨੂੰ ਕਿਹਾ ਸੀ ਕਿ ਆੜਤੀਆਂ,ਸੈਲਰ ਮਾਲਕਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਅਤੇ ਖਰੀਦ ਸ਼ੁਰੂ ਹੋ ਗਈ ਹੈ। ਪ੍ਰੰਤੂ ਇਹ ਖਰੀਦ ਸਿਰਫ ਦਿਖਾਵੇ ਮਾਤਰ ਹੈ,ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਜਦੋਂ ਤੱਕ ਚੌਲਾਂ ਦੀ ਲਿਫਟਿੰਗ ਨਹੀਂ ਹੁੰਦੀ ਅਤੇ ਝੋਨਾ ਰੱਖਣ ਵਾਸਤੇ ਥਾਂ ਖਾਲੀ ਨਹੀਂ ਹੁੰਦਾ ਤਾਂ ਮੰਡੀਆਂ ਵਿੱਚੋਂ ਝੋਨੇ ਦੀ ਚੁਕਾਈ ਨਹੀਂ ਹੋਵੇਗੀ ਅਤੇ ਝੋਨੇ ਦੀ ਖਰੀਦ ਵਿੱਚ ਅੜਿਕਾ ਬਣਿਆ ਰਹੇਗਾ।

ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਦੀ ਵੀ ਸਖਤ ਨੁਕਤਾਚੀਨੀ ਕੀਤੀ ਕਿ ਉਹ ਜਾਣ ਬੁੱਝ ਕੇ ਪੰਜਾਬ ਦੇ ਕਿਸਾਨਾਂ ਤੋਂ ਬਦਲਾ ਲੈ ਰਿਹਾ ਹੈ ਅਤੇ ਖੇਤੀ ਖੇਤਰ ਨੂੰ ਫੇਲ੍ਹ ਕਰਕੇ ਕਾਰਪੋਰੇਟਾਂ ਦਾ ਕਬਜ਼ਾ ਕਰਵਾਉਣਾ ਚਾਹੁੰਦਾ ਹੈ,ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਉਹ ਸਮਾਜ ਦੇ ਹੋਰ ਵਰਗਾਂ ਨੂੰ ਨਾਲ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਇਹਨਾਂ ਚਾਲਾਂ ਦਾ ਮੂੰਹ ਤੋੜਵਾਂ ਜਵਾਬ ਦੇਣਗੇ।

ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਸੰਕਟ ਦਾ ਸਾਹਮਣਾ ਅੱਜ ਪੰਜਾਬ ਦੇ ਕਿਸਾਨ,ਮਜ਼ਦੂਰ,ਆੜਤੀਏ ਅਤੇ ਸੈਲਰ ਮਾਲਕ ਕਰ ਰਹੇ ਹਨ,ਉਸ ਵਾਸਤੇ ਕੋਈ ਵੱਡਾ ਸਾਂਝਾ ਪ੍ਰੋਗਰਾਮ ਦਿੱਤਾ ਜਾਵੇਗਾ ਅਤੇ ਲੋਕਾਂ ਨੂੰ ਬੇਨਤੀ ਹੈ ਕਿ ਉਹ ਇਸ ਮੁਸ਼ਕਿਲ ਦੀ ਘੜੀ ਵਿੱਚ ਕਿਸਾਨਾਂ,ਮਜ਼ਦੂਰਾਂ, ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਦਾ ਸਾਥ ਦੇਣ,ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਝੋਨੇ ਦੀ ਖਰੀਦ ਲਈ ਤੁਰੰਤ ਬਿਨਾਂ ਕਿਸੇ ਦੇਰੀ ਤੋਂ ਸਾਰੇ ਪ੍ਰਬੰਧ ਠੀਕ ਕੀਤੇ ਜਾਣ, ਨਹੀਂ ਤਾਂ ਕਿਸਾਨ,ਮਜ਼ਦੂਰ,ਆੜਤੀਏ ਅਤੇ ਸੈਲਰ ਮਾਲਕ ਮਿਲ ਕੇ ਸੜਕਾਂ ਅਤੇ ਰੇਲਾਂ ਦਾ ਚੱਕਾ ਜਾਮ ਕਰਨ ਤੋਂ ਵੀ ਗੁਰੇਜ ਨਹੀਂ ਕਰਨਗੇ।

ਜਿਸਦੀ ਸਾਰੀ ਜ਼ਿੰਮੇਵਾਰੀ ਪੰਜਾਬ ਅਤੇ ਕੇਂਦਰ ਸਰਕਾਰ ਦੀ ਹੋਵੇਗੀ। ਇਸ ਮੌਕੇ ਜੂਮ ਮੀਟਿੰਗ ਵਿੱਚ ਬਲਵੀਰ ਸਿੰਘ ਰਾਜੇਵਾਲ, ਜੰਗਵੀਰ ਸਿੰਘ ਚੌਹਾਨ, ਹਰਿੰਦਰ ਸਿੰਘ ਲੱਖੋਵਾਲ, ਜਗਮੋਹਨ ਸਿੰਘ ਪਟਿਆਲਾ, ਸੁੱਖ ਗਿੱਲ ਮੋਗਾ, ਗੁਰਮੀਤ ਸਿੰਘ ਮਹਿਮਾ, ਅੰਗਰੇਜ਼ ਸਿੰਘ ਭਦੌੜ, ਗੁਰਨਾਮ ਸਿੰਘ ਭੀਖੀ, ਸੁਖਦੇਵ ਸਿੰਘ ਅਰਾਈਆਂਵਾਲਾ, ਬਿੰਦਰ ਸਿੰਘ ਗੋਲੇਵਾਲਾ, ਹਰਬੰਸ ਸਿੰਘ ਸੰਘਾ, ਮੇਜਰ ਸਿੰਘ ਪੁੰਨਾਂਵਾਲ, ਬਲਕਰਨ ਸਿੰਘ ਬਰਾੜ, ਬੋਘ ਸਿੰਘ ਮਾਨਸਾ, ਪਰਿਥਪਾਲ ਸਿੰਘ, ਮਲੂਕ ਸਿੰਘ ਹੀਰ ਕੇ, ਗੁਰਬਖਸ਼ ਸਿੰਘ ਢਿੱਲੋਂ, ਬਲਵਿੰਦਰ ਸਿੰਘ ਮੱਲ੍ਹੀਨੰਗਲ ਅਤੇ ਫੁਰਮਾਨ ਸਿੰਘ ਸੰਧੂ ਹਾਜ਼ਰ ਸਨ।

Read More
{}{}