Nalas Khurd Scam: ਬਲਾਕ ਰਾਜਪੁਰਾ ਦੇ ਪਿੰਡ ਨਲਾਸ ਖੁਰਦ ਵਿੱਚ ਕਰੋੜਾਂ ਰੁਪਏ ਦਾ ਘਪਲੇ ਦਾ ਮਾਮਲਾ ਸਾਹਮਣੇ ਆਇਆ ਹੈ। ਵਿਜੀਲੈਂਸ ਨੇ 10 ਲੋਕਾਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਬਿਲੇਗੌਰ ਹੈ ਕਿ 2019 ਤੋਂ ਲੈ ਕੇ 2022 ਤੱਕ ਕਾਰਜਸ਼ੀਲ ਰਹੀ ਗ੍ਰਾਮ ਪੰਚਾਇਤ ਵੱਲੋਂ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਘਪਲੇ ਨੂੰ ਅੰਜਾਮ ਦਿੱਤਾ ਗਿਆ ਹੈ। ਪਿੰਡ ਦੀ ਪੰਚਾਇਤ ਮੁਤਾਬਕ ਪਿੰਡ ਵਿੱਚ 16 ਕਰੋੜ 17 ਲੱਖ ਰੁਪਏ ਲੱਗੇ ਹਨ।
ਜਦਕਿ ਵਿਜੀਲੈਂਸ ਦੀ ਟੈਕਨੀਕਲ ਟੀਮ ਨੇ ਜਿਸ ਸਮੇਂ ਪੜਤਾਲ ਕੀਤੀ ਤਾਂ ਪਿੰਡ ਵਿੱਚ 6 ਕਰੋੜ 62 ਲੱਖ ਹੀ ਲੱਗੇ ਪਾਏ ਗਏ। ਜਿਸ ਮੁਤਾਬਕ 9 ਕਰੋੜ 54 ਲੱਖ ਦਾ ਘਪਲਾ ਪਿੰਡ ਦੀ ਪੰਚਾਇਤ ਵੱਲੋਂ ਕੀਤਾ ਗਿਆ ਹੈ। ਪਿੰਡ ਦੀ ਪੰਚਾਇਤ ਵੱਲੋਂ ਸਟੇਡੀਅਮ ਉੱਪਰ ਕਾਗਜ਼ਾਂ ਵਿੱਚ 6 ਕਰੋੜ ਤੋਂ ਵੱਧ ਰੁਪਏ ਲਗਾਏ ਗਏ ਸਨ ਜਦ ਕਿ ਵਿਜੀਲੈਂਸ ਦੀ ਟੀਮ ਮੁਤਾਬਕ 2 ਕਰੋੜ 43 ਲੱਖ ਰੁਪਏ ਹੀ ਲੱਗੇ ਪਾਏ ਗਏ ਹਨ। ਪਿੰਡ ਵਿੱਚ ਸ਼ਮਸ਼ਾਨਘਾਟ ਵਿੱਚ ਭੱਠੀ ਬਣਾਉਣ ਲਈ ਪਿੰਡ ਦੀ ਪੰਚਾਇਤ ਵੱਲੋਂ 43 ਲੱਖ 32000 ਦੇ ਬਿੱਲ ਪਾਏ ਗਏ ਸਨ। ਜਦਕਿ ਸ਼ਮਸ਼ਾਨ ਘਾਟ ਵਿੱਚ ਕੋਈ ਵੀ ਅਜਿਹੀ ਭੱਠੀ ਲੱਗੀ ਨਹੀਂ ਪਾਈ ਗਈ।
ਪਿੰਡ ਵਿੱਚ ਕੈਮਰੇ ਲਗਵਾਉਣ ਲਈ 20 ਲੱਖ 27,580 ਦੇ ਬਿੱਲ ਪਾਏ ਗਏ ਸਨ। ਜਦਕਿ ਪਿੰਡ ਵਿੱਚ ਬਹੁਤ ਘੱਟ ਕੈਮਰੇ ਲੱਗੇ ਹਨ। ਪਿੰਡ ਵਿੱਚ ਕੰਕਰੀਟ ਸੜਕਾਂ ਬਣਾਉਣ ਲਈ 1 ਕਰੋੜ 22 ਲੱਖ ਰੁਪਏ ਦਾ ਬਿੱਲ ਪਾਇਆ ਗਿਆ ਸੀ ਜਦਕਿ ਟੈਕਨੀਕਲ ਟੀਮ ਮੁਤਾਬਕ 1 ਕਰੋੜ 2 ਲੱਖ ਰੁਪਏ ਹੀ ਕੰਕਰੀਟ ਦੀਆਂ ਸੜਕਾਂ ਉੱਪਰ ਲੱਗੇ ਹਨ। ਡਰੇਨ ਨਾਲਿਆਂ ਲਈ ਪਿੰਡ ਦੀ ਪੰਚਾਇਤ ਵੱਲੋਂ 3 ਕਰੋੜ 20 ਲੱਖ ਰੁਪਏ ਕਾਗਜ਼ਾਂ ਵਿੱਚ ਬਿੱਲ ਪਾਏ ਗਏ ਸਨ ਜਦਕਿ ਟੈਕਨੀਕਲ ਟੀਮ ਮੁਤਾਬਕ ਸਿਰਫ਼ 66 ਲੱਖ 50 ਹੀ ਲੱਗਿਆ ਹੈ। ਐਸੀ ਧਰਮਸ਼ਾਲਾ ਬਣਾਉਣ ਲਈ 3 ਕਰੋੜ 16 ਲੱਖ ਰੁਪਏ ਲਗਾਏ ਗਏ ਸਨ ਜਦਕਿ ਟੈਕਨੀਕਲ ਟੀਮ ਮੁਤਾਬਕ 1 ਕਰੋੜ 70 ਲੱਖ ਰੁਪਏ ਹੀ ਲੱਗੇ ਹਨ। ਨਾਲੀਆਂ ਅਤੇ ਉਨ੍ਹਾਂ ਉੱਪਰ ਗਰਿਲ ਲਗਾਉਣ ਲਈ ਪਿੰਡ ਦੀ ਪੰਚਾਇਤ ਵੱਲੋਂ 93 ਲੱਖ 90 ਹਜ਼ਾਰ ਰੁਪਏ ਦੇ ਬਿੱਲ ਪਾਏ ਗਏ ਸਨ। ਜਦਕਿ ਟੈਕਨੀਕਲ ਟੀਮ ਮੁਤਾਬਿਕ 65 ਲੱਖ ਹੀ ਲੱਗਿਆ ਹੈ।
ਵਿਜੀਲੈਂਸ ਵੱਲੋਂ ਦਰਜ ਪਰਚੇ ਮੁਤਾਬਕ ਸਰਪੰਚ ਮੁਨਸ਼ੀ ਰਾਮ, ਸੁਰਿੰਦਰ ਸਿੰਘ ਪੰਚ, ਸੋਮ ਚੰਦ ਪੰਚ, ਜੰਗੀਰ ਸਿੰਘ ਪੰਚ, ਵੇਦ ਪ੍ਰਕਾਸ਼ ਪੰਚ ਪਿੰਡ ਨਲਾਸ ਵਿਚ ਸਾਲ 2019 ਤੋਂ ਲੈ ਕੇ 2022 ਤੱਕ ਤਾਇਨਾਤ ਰਹੇ ਹਨ। ਜਨਵਰੀ 2019 ਵਿਚ ਪਿੰਡ ਨਲਾਸ ਖੁਰਦ ਨੂੰ 58.43 ਕਰੋੜ ਰੁਪਏ ਪੁਰਾਣੀ ਪੰਚਾਇਤ ਤੋਂ ਪ੍ਰਾਪਤ ਹੋਏ ਸਨ। ਜਨਵਰੀ 2019 ਤੋਂ ਅਗਸਤ 202 ਤੱਕ ਨਲਾਸ ਖੁਰਦ ਨੂੰ ਵੱਖ-ਵੱਖ ਵਸੀਲਿਆਂ ਬੈਂਕਾਂ ਤੋਂ ਵਿਆਜ, 14ਵਾਂ ਤੇ 15ਵਾਂ ਵਿੱਤ ਕਮਿਸ਼ਨ ਪੰਜਾਬ ਵਿੱਤ ਕਮਿਸ਼ਨ ਪੰਜਾਬ, ਨਿਰਮਾਣ ਸਮੱਗਰੀ ਤੇ ਜ਼ਮੀਨ ਦੀ ਨਿਲਾਮੀ ਮਿਆਦ ਤੋਂ 7.50 ਕਰੋੜ ਰੁਪਏ ਪ੍ਰਾਪਤ ਹੋਏ ਸਨ।