Khanna News: ਖੰਨਾ ਤੋਂ ਆ ਰਹੀ ਇੱਕ ਵੱਡੀ ਖ਼ਬਰ ਵਿੱਚ ਭਾਰਤੀ ਫੌਜ ਖ਼ਿਲਾਫ਼ ਇਤਰਾਜ਼ਯੋਗ ਵੀਡੀਓ ਸ਼ੇਅਰ ਕਰਨ ਦੇ ਮਾਮਲੇ ਵਿੱਚ ਇੱਕ ਸਕੂਲ ਕਲਰਕ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਵੀਡੀਓ ਰਾਹੀਂ ਨਾ ਸਿਰਫ਼ ਫੌਜ ਦੀ ਛਵੀ ਖ਼ਰਾਬ ਕਰਨ ਦੀ ਕੋਸ਼ਿਸ਼ ਹੋਈ, ਸਗੋਂ ਲੋਕਾਂ ਵਿੱਚ ਗੁੱਸਾ ਤੇ ਭੜਕਾਊ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ।
ਪਾਕਿਸਤਾਨ ਵੱਲੋਂ ਚਲਾਈ ਜਾ ਰਹੀ ਝੂਠੀ ਪ੍ਰਚਾਰ ਮੁਹਿੰਮ ਦੌਰਾਨ ਖੰਨਾ ਇਲਾਕੇ ਵਿੱਚ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਏਐਸ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਲਰਕ ਵਜੋਂ ਤਾਇਨਾਤ ਸਤਵੰਤ ਸਿੰਘ, ਜੋ ਪਿੰਡ ਹਰੀਓਂ ਕਲਾਂ ਦਾ ਵਸਨੀਕ ਹੈ, ਉਸਨੂੰ ਇੱਕ ਇਤਰਾਜ਼ਯੋਗ ਅਤੇ ਭੜਕਾਊ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀਡੀਓ ਕਥਿਤ ਤੌਰ 'ਤੇ ਇੱਕ ਪਾਕਿਸਤਾਨੀ ਚੈਨਲ ਦੀ ਗੱਲਬਾਤ ਦਾ ਹਿੱਸਾ ਦੱਸੀ ਜਾ ਰਹੀ ਹੈ, ਜਿਸ ਵਿੱਚ ਇੱਕ ਵਿਅਕਤੀ ਇਹ ਦਾਅਵਾ ਕਰਦਾ ਹੈ ਕਿ ਭਾਰਤੀ ਫੌਜ ਪਿੰਡਾਂ ਵਿੱਚ ਵੜ ਆਈ ਹੈ ਅਤੇ ਆਪਣੇ ਹੀ ਨਾਗਰਿਕਾਂ 'ਤੇ ਹਮਲਾ ਕਰ ਰਹੀ ਹੈ। ਜਿਵੇਂ ਹੀ ਇਹ ਵੀਡੀਓ ਖੰਨਾ ਇਲਾਕੇ ਵਿੱਚ ਵਾਇਰਲ ਹੋਇਆ, ਲੋਕਾਂ ਵਿੱਚ ਭਾਰੀ ਗੁੱਸਾ ਫੈਲ ਗਿਆ।
ਮਾਮਲਾ ਸਿੱਧਾ ਪੁਲਿਸ ਅਤੇ ਫੌਜ ਅਧਿਕਾਰੀਆਂ ਤੱਕ ਪਹੁੰਚ ਗਿਆ। ਡੀਐਸਪੀ ਭਾਟੀ ਨੇ ਕਿਹਾ ਕਿ "ਸਾਨੂੰ ਸ਼ਿਕਾਇਤ ਮਿਲਣ ਉਤੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸਦਾ ਮੋਬਾਈਲ ਵੀ ਜ਼ਬਤ ਕਰ ਲਿਆ ਗਿਆ ਹੈ। ਸਾਈਬਰ ਕ੍ਰਾਈਮ ਸੈੱਲ ਵੱਲੋਂ ਜਾਂਚ ਜਾਰੀ ਹੈ ਕਿ ਇਹ ਵੀਡੀਓ ਕਿੱਥੇ-ਕਿੱਥੇ ਫੈਲਾਇਆ ਗਿਆ।"
ਇਹ ਵੀ ਪੜ੍ਹੋ : ਬੀਬੀਐਮਬੀ ਦੇ ਦਫ਼ਤਰ ਦਾ ਕਿਸਾਨ ਅੱਜ ਕਰਨਗੇ ਘਿਰਾਓ; ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਦਾ ਰੁਖ਼
ਇਹ ਮਾਮਲਾ ਸਿੱਧਾ ਰਾਸ਼ਟਰ ਦੀ ਸੁਰੱਖਿਆ ਅਤੇ ਸੋਸ਼ਲ ਮੀਡੀਆ ਉਤੇ ਜ਼ਿੰਮੇਵਾਰੀ ਨਾਲ ਸਾਂਝੇ ਕੀਤੇ ਜਾਣ ਵਾਲੇ ਸਮੱਗਰੀ ਨਾਲ ਜੁੜਿਆ ਹੋਇਆ ਹੈ। ਅਜੇ ਤੱਕ ਦੀ ਜਾਂਚ ਜਾਰੀ ਹੈ। ਅਸੀਂ ਇਸ ਮਾਮਲੇ 'ਤੇ ਨਜ਼ਰ ਬਣਾਈ ਰੱਖਾਂਗੇ।
ਇਹ ਵੀ ਪੜ੍ਹੋ : India-Pakistan News: ਭਾਰਤ ਤੇ ਪਾਕਿਸਤਾਨ ਦੇ ਡੀਜੀਐਮਓ ਵਿਚਾਲੇ ਗੱਲਬਾਤ ਅੱਜ; ਸਰਹੱਦ ਉਤੇ ਹਾਲਾਤ ਆਮ ਵਾਂਗ