Bathinda News: ਪੰਜਾਬ ਵਿੱਚ ਲਗਾਤਾਰ ਹੋ ਰਹੀ ਭਾਰੀ ਬਰਸਾਤ ਨੇ ਬਠਿੰਡਾ ਸ਼ਹਿਰ ਨੂੰ ਝੀਲਾਂ ਵਿੱਚ ਬਦਲ ਕੇ ਰੱਖ ਦਿੱਤਾ ਹੈ। ਪਰਤਾਪ ਨਗਰ ਇਲਾਕੇ ‘ਚ ਇੱਕ ਸਕੂਲ ਬੈਨ ਤਕਰੀਬਨ 2.5 ਤੋਂ 3 ਫੁੱਟ ਪਾਣੀ ਵਿੱਚ ਫਸ ਗਈ, ਜਿਸ ਵਿੱਚ 25-30 ਬੱਚੇ ਅਤੇ ਕੁਝ ਅਧਿਆਪਕ ਸਵਾਰ ਸਨ।
ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਡਰਾਈਵਰ ਨੂੰ ਕਈ ਵਾਰੀ ਰੋਕਿਆ ਗਿਆ ਕਿ ਉਹ ਗੱਡੀ ਪਾਣੀ ਵਿੱਚ ਨਾ ਲੈ ਕੇ ਜਾਵੇ, ਪਰ ਉਸਨੇ ਇਹ ਸੋਚਕੇ ਗੱਡੀ ਅੱਗੇ ਵਧਾ ਦਿੱਤੀ ਕਿ ਹੋਰ ਵੀ ਵਾਹਨ ਲੰਘ ਰਹੇ ਹਨ। ਬੱਸ ਪਾਣੀ ਵਿੱਚ ਬੰਦ ਹੋ ਗਈ, ਜਿਸ ਕਾਰਨ ਬੱਚਿਆਂ ਅਤੇ ਅਧਿਆਪਕਾਂ ਦੀ ਜ਼ਿੰਦਗੀ ਖਤਰੇ ਵਿੱਚ ਪੈ ਗਈ।
ਡਰਾਈਵਰ ਨੇ ਸਫਾਈ ਦਿੰਦੇ ਹੋਏ ਕਿਹਾ “ਮੈਨੂੰ ਲੱਗਿਆ ਪਾਣੀ ਘੱਟ ਹੈ, ਪਰ ਜਦੋਂ ਬੱਸ ਪਾਣੀ ਦੇ ਅੰਦਰ ਗਈ ਤਾਂ ਪਤਾ ਲੱਗਾ ਕਿ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਸੀ।"
ਮਾਪੇ ਸਕੂਲ ਦੇ ਬਾਹਰ ਆਪਣੇ ਬੱਚਿਆਂ ਨੂੰ ਲੈਣ ਵਾਸਤੇ ਪਾਣੀ 'ਚੋਂ ਲੰਘ ਕੇ ਪਹੁੰਚੇ। ਉਨ੍ਹਾਂ ਨੇ ਨਗਰ ਨਿਗਮ ਅਤੇ ਸਰਕਾਰ ਨੂੰ ਸਖਤ ਹੱਲੇ ਵਿਚ ਲਿਆ, ਕਹਿੰਦੇ ਕਿ ਹਰ ਵਾਰ ਵਾਅਦੇ ਤਾਂ ਕੀਤੇ ਜਾਂਦੇ ਹਨ, ਪਰ ਜਦ ਵੀ ਮੀਂਹ ਪੈਂਦਾ ਹੈ, ਤਾਂ ਸਰੀ ਹਕੀਕਤ ਸਾਹਮਣੇ ਆ ਜਾਂਦੀ ਹੈ।
ਇਸ ਤਰ੍ਹਾਂ ਦੇ ਹਾਦਸਿਆਂ ਨੇ ਨਗਰ ਨਿਗਮ ਦੇ ਵਾਅਦਿਆਂ ਦੀ ਪੋਲ ਵਾਰ-ਵਾਰ ਖੋਲ੍ਹੀ ਹੈ ਕਿ "ਅਸੀਂ ਪੂਰੀ ਤਿਆਰੀ ਕੀਤੀ ਹੈ।" ਪਰ ਸਥਿਤੀ ਇਹ ਹੈ ਕਿ ਪਾਣੀ ਨਿਕਾਸੀ ਦੀ ਕੋਈ ਠੋਸ ਵਿਵਸਥਾ ਨਹੀਂ ਹੈ। ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਚੁੱਕਾ ਹੈ, ਜਿਸ ਕਾਰਨ ਆਵਾਜਾਈ ਠੱਪ ਹੋ ਚੁੱਕੀ ਹੈ।