SGPC Elections News: ਅੱਜ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਹੋਈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਚੌਥੀ ਵਾਰ ਪ੍ਰਧਾਨ ਚੁਣੇ ਗਏ। ਧਾਮੀ ਨੂੰ 107 ਜਦਕਿ ਬੀਬੀ ਜਗੀਰ ਕੌਰ ਨੂੰ 33 ਵੋਟਾਂ ਪਈਆਂ ਹਨ। ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਇਸ ਚੋਣ ਉਤੇ ਸਮੁੱਚੇ ਸਿੱਖ ਜਗਤ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਜਰਨਲ ਇਜਲਾਸ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹੱਥ ਖੜ੍ਹੇ ਕਰਵਾ ਕੇ ਸਰਬਸੰਮਤੀ ਦੀ ਅਪੀਲ ਕੀਤੀ ਸੀ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਪੀਲ ਮਗਰੋਂ ਵਿਰੋਧੀ ਧਿਰ ਨੇ ਵੋਟਿੰਗ ਦੀ ਮੰਗ ਕੀਤੀ ਗਈ ਸੀ।
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ, ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਬਲਦੇਵ ਸਿੰਘ ਕਲਿਆਣ ਜੂਨੀਅਰ ਸੀਨੀਅਰ ਮੀਤ ਪ੍ਰਧਾਨ, ਸ਼ੇਰ ਸਿੰਘ ਮੰਡਵਾਲਾ ਜਨਰਲ ਸਕੱਤਰ ਚੁਣੇ ਗਏ ਹਨ। ਇਸ ਤੋਂ ਇਲਾਵਾ ਅੰਤ੍ਰਿੰਗ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ, ਅਮਰੀਕ ਸਿੰਘ ਵਿਛੋਆ, ਸੁਰਜੀਤ ਸਿੰਘ ਤੁਗਲਵਾਲਾ, ਪਰਮਜੀਤ ਸਿੰਘ ਖ਼ਾਲਸਾ, ਸੁਰਜੀਤ ਸਿੰਘ ਗੜ੍ਹੀ, ਬਲਦੇਵ ਸਿੰਘ ਕਾਇਮਪੁਰ, ਦਲਜੀਤ ਸਿੰਘ ਭਿੰਡਰ, ਸੁਖਹਰਪ੍ਰੀਤ ਸਿੰਘ ਰੋਡੇ, ਰਵਿੰਦਰ ਸਿੰਘ ਖ਼ਾਲਸਾ, ਜਸਵੰਤ ਸਿੰਘ ਪੁੜੈਣ, ਪਰਮਜੀਤ ਸਿੰਘ ਰਾਏਪੁਰ ਅਤੇ ਕੁਲਵੰਤ ਸਿੰਘ ਮੰਨਣ ਆਨਰੇਰੀ ਮੁੱਖ ਸਕੱਤਰ ਚੁਣੇ ਗਏ ਹਨ।
ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦਾ ਸਾਲਾਨਾ ਜਨਰਲ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਇਆ। ਸਾਲਾਨਾ ਜਰਨਲ ਇਜਲਾਸ 'ਚ ਪ੍ਰਧਾਨ, ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ ਤੇ 11 ਅੰਤ੍ਰਿੰਗ ਕਮੇਟੀ ਮੈਂਬਰਾਂ ਦੀ ਚੋਣ ਹੋਈ। ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਉਮੀਦਵਾਰ ਬੀਬੀ ਜਗੀਰ ਕੌਰ ਵਿਚਾਲਾ ਨਜ਼ਰ ਆਇਆ। ਜਾਣਕਾਰੀ ਅਨੁਸਾਰ ਅੱਜ ਪੂਰੇ ਪੰਜਾਬ ਦੇ ਮੈਂਬਰਾਂ ਤੋਂ ਇਲਾਵਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਐੱਸਜੀਪੀਸੀ ਮੈਂਬਰ ਗੁਰਿੰਦਰ ਸਿੰਘ ਬਾਵਾ ਵੀ ਉਚੇਚੇ ਤੌਰ ਉਤੇ ਪਹੁੰਚੇ ਸਨ।
ਕਾਬਿਲੇਗੌਰ ਹੈ ਕਿ ਸ਼੍ਰੋਮਣੀ ਕਮੇਟੀ ਦੇ ਕੁੱਲ 185 ਮੈਂਬਰ ਹਨ। ਜਿਨ੍ਹਾਂ ਵਿਚੋਂ 31 ਮੈਂਬਰ ਅਕਾਲ ਚਲਾਣਾ ਕਰ ਚੁੱਕੇ ਹਨ। ਜਦਕਿ 4 ਮੈਂਬਰ ਅਸਤੀਫਾ ਦੇ ਚੁੱਕੇ ਹਨ। ਇਸ ਤੋਂ ਇਲਾਵਾ 2 ਮੈਂਬਰ ਅਯੋਗ ਪਾਏ ਗਏ ਹਨ। ਵੋਟ ਪਾਉਣ ਵਾਲੇ ਕੁੱਲ ਮੈਂਬਰਾਂ ਦੀ ਗਿਣਤੀ 148 ਹੈ।
ਐੱਸਜੀਪੀਸੀ ਦੇ ਮੈਂਬਰਾਂ ਵਿੱਚ ਕੌਣ-ਕੌਣ ਸ਼ਾਮਿਲ ਹੁੰਦਾ ਹੈ?
ਪੰਜ ਤਖ਼ਤਾਂ ਦੇ ਜਥੇਦਾਰ, ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ, 15 ਨਾਮਜ਼ਦ ਮੈਂਬਰ ਅਤੇ 170 ਚੁਣੇ ਹੋਏ ਮੈਂਬਰਾਂ ਸਮੇਤ ਐੱਸਜੀਪੀਸੀ ਦੇ 191 ਮੈਂਬਰ ਹੁੰਦੇ ਹਨ। ਇਨ੍ਹਾਂ ਵਿੱਚ ਤਕਰੀਬਨ 30 ਸੀਟਾਂ ਔਰਤਾਂ ਲਈ ਰਾਖਵੀਆਂ ਹੁੰਦੀਆਂ ਹਨ।
ਇਹ ਡਬਲ ਸੀਟਾਂ ਹੁੰਦੀਆਂ ਹਨ ਯਾਨੀ ਇਥੋਂ ਇੱਕ ਮਹਿਲਾ ਮੈਂਬਰ ਅਤੇ ਦੂਸਰਾ ਕੋਈ ਵੀ ਸਾਬਤ ਸੂਰਤ ਸਿੱਖ ਮੈਂਬਰ ਹੋ ਸਕਦਾ ਹੈ।
ਕਾਬਿਲੇਗੌਰ ਹੈ ਕਿ ਸਾਲ 2022 ਦੇ ਇਜਲਾਸ ਵਿਚ ਐਡਵੋਕੇਟ ਧਾਮੀ ਨੂੰ 104 ਵੋਟਾਂ ਪ੍ਰਾਪਤ ਹੋਈਆਂ ਸਨ ਜਦਕਿ ਵਿਰੋਧ ਵਿਚ ਖੜੀ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ 45 ਵੋਟਾਂ ਮਿਲੀਆਂ ਸਨ। ਇਸੇ ਤਰ੍ਹਾਂ ਸਾਲ 2023 ਵਿਚ ਐਡਵੋਕੇਟ ਧਾਮੀ ਨੂੰ ਜਿਥੇ 102 ਵੋਟਾਂ ਮਿਲੀਆਂ ਸਨ, ਉਥੇ ਵਿਰੋਧੀ ਧਿਰ ਦੇ ਉਮੀਦਵਾਰ ਸੰਤ ਬਲਬੀਰ ਸਿੰਘ ਘੁੰਨਸ ਨੂੰ ਮਹਿਜ 15 ਵੋਟਾਂ ਹੀ ਪ੍ਰਾਪਤ ਹੋਈਆਂ।