Faridkot Encounter: ਕਰੀਬ ਇੱਕ ਹਫਤਾ ਪਹਿਲਾਂ ਫਰੀਦਕੋਟ ਦੇ ਪਿੰਡ ਬਾਹਮਣ ਵਾਲਾ ਵਿਖੇ ਤਿੰਨ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਇੱਕ ਇੰਡੈਵਰ ਗੱਡੀ ਦੇ ਡਰਾਈਵਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਸ਼ੂਟਰ ਮੌਕੇ ਤੋਂ ਫਰਾਰ ਹੋ ਗਏ ਸਨ। ਦੱਸ ਦਈਏ ਕਿ ਇਸ ਕਤਲ ਦੀ ਜ਼ਿੰਮੇਵਾਰੀ ਇੱਕ ਪੋਸਟ ਜ਼ਰੀਏ ਗੈਂਗਸਟਰ ਲੱਕੀ ਪਟਿਆਲ ਵੱਲੋਂ ਲਈ ਗਈ ਸੀ ਜੋ ਬੰਬੀਹਾ ਗੈਂਗ ਨਾਲ ਜੁੜਿਆ ਹੋਇਆ ਹੈ।
ਹਾਲਾਂਕਿ ਇਹ ਕਤਲ ਜੁਗਨੂ ਨਾਮਕ ਇੱਕ ਵਿਅਕਤੀ ਦਾ ਕੀਤਾ ਜਾਣਾ ਸੀ ਪਰ ਉਸਦੇ ਭੁਲੇਖੇ ਉਸ ਦਾ ਡਰਾਈਵਰ ਯਾਦਵਿੰਦਰ ਸਿੰਘ ਜੋ ਕਿ ਫਰੀਦਕੋਟ ਦੇ ਪਿੰਡ ਬਾਹਮਣ ਵਾਲਾ ਵਿਖੇ ਇੱਕ ਭੋਗ ਸਮਾਗਮ ਵਿੱਚ ਸ਼ਿਰਕਤ ਕਰਨ ਆਇਆ ਸੀ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਲਗਾਤਾਰ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਸੀ ਅਤੇ ਕੱਲ੍ਹ ਪੁਲਿਸ ਵੱਲੋਂ ਚਿੰਕੀ ਨਾਮਕ ਇੱਕ ਸ਼ੂਟਰ ਨੂੰ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਸੀ ਜਿਸ ਨੂੰ ਫਰੀਦਕੋਟ ਲਿਆਂਦਾ ਗਿਆ ਸੀ।
ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਵਾਰਦਾਤ ਸਮੇਂ ਇਸਤੇਮਾਲ ਕੀਤਾ ਗਿਆ ਮੋਟਰਸਾਈਕਲ ਉਹਨਾਂ ਵੱਲੋਂ ਫਰੀਦਕੋਟ ਦੇ ਬੀੜ ਸਿੱਖਾਂ ਵਾਲਾ ਦੇ ਜੰਗਲ ਵਿੱਚ ਛੁਪਾ ਦਿੱਤਾ ਗਿਆ ਸੀ ਅਤੇ ਅੱਜ ਸਵੇਰੇ ਜਦ ਨਿਸ਼ਾਨਦੇਹੀ ਲਈ ਪੁਲਿਸ ਪਾਰਟੀ ਵੱਲੋਂ ਸ਼ੂਟਰ ਚਿੰਕੀ ਨੂੰ ਬੀੜ ਸਿੱਖਾਂ ਵਾਲਾ ਵਿਖੇ ਲਿਜਾਇਆ ਗਿਆ ਤਾਂ ਉਸ ਵੱਲੋਂ ਉਸ ਜਗ੍ਹਾ ਉਤੇ ਪਹਿਲਾਂ ਤੋਂ ਹੀ ਰੱਖੇ ਹੋਏ ਪਿਸਤੌਲ ਨਾਲ ਪੁਲਿਸ ਪਾਰਟੀ ਉਤੇ ਫਾਇਰ ਕਰ ਦਿੱਤਾ ਗਿਆ ਜੋ ਇੱਕ ਫਾਇਰ ਪੁਲਿਸ ਦੀ ਗੱਡੀ ਵਿੱਚ ਲੱਗਾ ਅਤੇ ਦੂਸਰਾ ਡੀਐਸਪੀ ਜਤਿੰਦਰ ਸਿੰਘ ਦੇ ਬਹੁਤ ਹੀ ਕਰੀਬ ਦੀ ਲੰਘ ਗਿਆ।
ਇਸ ਦੌਰਾਨ ਜਵਾਬੀ ਕਾਰਵਾਈ ਕਰਦਿਆਂ ਹੋਇਆਂ ਪੁਲਿਸ ਵੱਲੋਂ ਸ਼ੂਟਰ ਤੇ ਫਾਇਰ ਕੀਤਾ ਜੋ ਉਸ ਦੀ ਲੱਤ ਵਿੱਚ ਲੱਗਾ ਅਤੇ ਸ਼ੂਟਰ ਡਿੱਗ ਗਿਆ ਜਿਸ ਤੋਂ ਬਾਅਦ ਉਸ ਨੂੰ ਮੁੜ ਹਿਰਾਸਤ ਵਿੱਚ ਲੈ ਲਿਆ ਅਤੇ ਜ਼ਖਮੀ ਹਾਲਤ ਵਿੱਚ ਉਸ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਭੇਜਿਆ ਗਿਆ।
ਇਸ ਮੌਕੇ ਐਸਐਸਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਇਸ ਕਤਲ ਦੀ ਵਾਰਦਾਤ ਤੋਂ ਬਾਅਦ ਲਗਾਤਾਰ ਪੁਲਿਸ ਵੱਲੋਂ ਇਸ ਦੀ ਜਾਂਚ ਦੌਰਾਨ ਇਨ੍ਹਾਂ ਨੂੰ ਠਹਿਰ ਅਤੇ ਹੋਰ ਤਰੀਕੇ ਦੀ ਮਦਦ ਪਹੁੰਚਾਉਣ ਵਾਲੇ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਜਿਨ੍ਹਾਂ ਤੋਂ ਪੁੱਛਗਿੱਛ ਦੌਰਾਨ ਇਹਨਾਂ ਸ਼ੂਟਰਾਂ ਦੀ ਪਛਾਣ ਹੋ ਸਕੀ ਸੀ ਅਤੇ ਇਸੇ ਦੌਰਾਨ ਚਿੰਕੀ ਨਾਮਕ ਇੱਕ ਸ਼ੂਟਰ ਦੀ ਗ੍ਰਿਫਤਾਰੀ ਕਰ ਲਈ ਗਈ ਸੀ। ਜਿਸ ਨੂੰ ਕਿ ਹਰਿਆਣਾ ਤੋਂ ਗ੍ਰਿਫਤਾਰ ਕਰਕੇ ਫਰੀਦਕੋਟ ਲਿਆਂਦਾ ਗਿਆ ਸੀ ਉਹਨਾਂ ਦੱਸਿਆ ਕਿ ਇਸ ਦੇ ਨਾਲ ਦੋ ਹੋਰ ਸ਼ੂਟਰਾਂ ਦੀ ਵੀ ਪਹਿਚਾਣ ਹੋ ਚੁੱਕੀ ਹੈ ਜਿਨਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ।