Shri Anandpur Sahib (ਬਿਮਲ ਸ਼ਰਮਾ): ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਅਤੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਸੀ।
ਉਸੇ ਦਿਨ ਤੋਂ ਹੀ ਹਰ ਸਾਲ ਖਾਲਸੇ ਦੇ ਪ੍ਰਗਟ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਰੰਗ-ਬਿਰੰਗੇ ਫੁੱਲਾਂ ਦੇ ਨਾਲ ਸਜਾਇਆ ਜਾਂਦਾ ਹੈ ਤੇ ਵਿਸਾਖੀ ਦਾ ਤਿਉਹਾਰ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ। ਸੰਗਤ ਜਿੱਥੇ ਪਵਿੱਤਰ ਸਰੋਵਰ ਵਿਖੇ ਇਸ਼ਨਾਨ ਕਰਦੀ ਹੈ ਓਥੇ ਹੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੁੰਦੀ ਹੈ।
ਵਿਸਾਖੀ ਦੇ ਇਸ ਪਾਵਨ ਪਵਿੱਤਰ ਤਿਉਹਾਰ ਦੇ ਮੌਕੇ ਉਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ਦੀ ਗੱਲ ਕੀਤੀ ਜਾਵੇ ਤਾਂ 11 ਅਪ੍ਰੈਲ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਅਖੰਡ ਪਾਠ ਆਰੰਭ ਕਰਵਾਏ ਗਏ ਜਿਨ੍ਹਾਂ ਦੇ ਭੋਗ ਪਾਏ ਗਏ। ਇਸ ਤੋਂ ਬਾਅਦ ਸਾਰਾ ਦਿਨ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ ਜੋ ਰਾਤ ਤੱਕ ਚੱਲਣਗੇ ਤੇ ਪੂਰਾ ਦਿਨ ਅੰਮ੍ਰਿਤ ਸੰਚਾਰ ਕਰਵਾਇਆ ਗਿਆ।
ਪਿਛਲੇ ਦਿਨੀਂ ਅਕਾਲ ਤਖਤ ਤੇ ਜਥੇਦਾਰ ਤੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਸਿੱਖ ਹਰ ਘਰ ਦੇ ਉੱਤੇ ਕੇਸਰੀ ਨਿਸ਼ਾਨ ਝਲਾਉਣ ਲਈ ਕਿਹਾ ਗਿਆ ਹੈ ਜਿਹੜੇ ਵੀ ਸਿੱਖ ਪਰਿਵਾਰਾਂ ਦੇ ਨੌਜਵਾਨ ਸਿੱਖੀ ਰੂਪ ਵਿੱਚ ਹਨ ਪਰ ਅੰਮ੍ਰਿਤ ਨਹੀਂ ਛਕਿਆ ਉਨ੍ਹਾਂ ਪਰਿਵਾਰਾਂ ਤੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਵਿਸਾਖੀ ਵਾਲੇ ਦਿਨ ਅੰਮ੍ਰਿਤ ਸੰਚਾਰ ਕਰਕੇ ਗੁਰੂ ਦੇ ਬਾਣੇ ਦੇ ਵਿੱਚ ਸ਼ਾਮਿਲ ਹੋਣ ਤੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰਨ।
ਇਸ ਤੋਂ ਇਲਾਵਾ ਨੰਗਲ ਦੇ ਇਤਿਹਾਸਿਕ ਗੁਰਦੁਆਰਾ ਵਿਭੋਰ ਸਾਹਿਬ ਜਿੱਥੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੌਪਈ ਸਾਹਿਬ ਦਾ ਉਚਾਰਨ ਕੀਤਾ ਸੀ ਉਸ ਜਗ੍ਹਾ ਸਤਲੁਜ ਦਰਿਆ ਦੇ ਕਿਨਾਰੇ ਉਤੇ ਹਜ਼ਾਰਾਂ ਦੀ ਤਾਦਾਦ ਦੀ ਵਿੱਚ ਸ਼ਰਧਾਲੂਆਂ ਨੇ ਇਸ਼ਨਾਨ ਕੀਤਾ ਅਤੇ ਗੁਰਦੁਆਰਾ ਵਿਭੋਰ ਸਾਹਿਬ ਨਤਮਸਤਕ ਹੋਏ।
ਹਰ ਸਾਲ ਵਿਸਾਖੀ ਦੇ ਮੌਕੇ ਤੇ ਜਿੱਥੇ ਸੰਗਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਨਤਮਸਤਕ ਹੁੰਦੀ ਹੈ ਉੱਥੇ ਹੀ ਨੰਗਲ ਦੇ ਇਤਿਹਾਸਿਕ ਗੁਰਦੁਆਰਾ ਵਿਭੋਰ ਸਾਹਿਬ ਵਿਖੇ ਵੀ ਸੰਗਤ ਨਤਮਸਤਕ ਹੁੰਦੀ ਹੈ। ਸੰਗਤ ਗੁਰਦੁਆਰਾ ਸਾਹਿਬ ਦੇ ਨਾਲ ਵਗਦੇ ਸਤਲੁਜ ਦਰਿਆ ਵਿੱਚ ਇਸ਼ਨਾਨ ਕਰਦੀ ਹੈ।
ਇਹ ਵੀ ਪੜ੍ਹੋ : SAD Lok Sabha Candidates: ਅਕਾਲੀ ਦਲ ਨੇ ਲੋਕ ਸਭਾ ਚੋਣਾਂ ਲਈ ਬਿਗੁਲ ਵਜਾਇਆ; ਦੇਖੋ ਕਿਸ ਨੂੰ ਕਿਥੋਂ ਉਮੀਦਵਾਰ ਐਲਾਨਿਆ