Sidhu Moosewala Death Anniversary: ਪੰਜਾਬ ਦੇ ਮਕਬੂਲ ਗਾਇਕ ਸ਼ੁਭਦੀਪ ਸਿੰਘ ਮੂਸੇਵਾਲਾ ਵਾਲਾ ਭਾਵੇਂ ਇਸ ਦੁਨੀਆ ਵਿੱਚ ਨਹੀਂ ਹੈ ਪਰ ਉਹ ਆਪਣੀਆਂ ਲਿਖਤਾਂ ਤੇ ਬੋਲਾਂ ਰਾਹੀਂ ਅੱਜ ਵੀ ਆਪਣੇ ਚਾਹੁਣ ਵਾਲਿਆਂ ਦੇ ਅੰਦਰ ਜਿਉਂਦਾ ਹੈ। ਟੱਬਿਆਂ ਦੇ ਪੁੱਤ ਸਿੱਧੂ ਮੂਸੇਵਾਲਾ ਨੂੰ ਸਰੀਰਕ ਉਤੇ ਗਏ ਨੂੰ ਭਾਵੇਂ ਅੱਜ ਤਿੰਨ ਸਾਲ ਹੋ ਗਏ ਹਨ ਪਰ ਸਮਾਜ ਨੂੰ ਸ਼ੀਸ਼ਾ ਦਿਖਾਉਣ ਵਾਲੇ ਗੀਤਾਂ ਰਾਹੀਂ ਅੱਜ ਵੀ ਪ੍ਰਸ਼ੰਸਕਾਂ ਦੇ ਮਨਾਂ ਵਿੱਚ ਵਸ ਰਿਹਾ ਹੈ।
ਅੱਜ ਵੀ ਹਰ ਛੋਟੇ-ਵੱਡੇ ਮੌਕੇ 'ਤੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਉਨ੍ਹਾਂ ਦੇ ਗੀਤ ਗਾ ਕੇ ਉਨ੍ਹਾਂ ਨੂੰ ਯਾਦ ਕਰਦੇ ਨਜ਼ਰ ਆਉਂਦੇ ਹਨ। ਛੋਟੀ ਉਮਰ ਵਿੱਚ ਹੀ ਸਿੱਧੂ ਮੂਸੇਵਾਲਾ ਨੇ ਦੁਨੀਆ ਭਰ ਵਿੱਚ ਨਾਮਣਾ ਖੱਟ ਲਿਆ ਸੀ। ਕਾਬਿਲੇਗੌਰ ਹੈ ਕਿ ਮਸ਼ਹੂਰ ਗਾਇਕ ਦਾ 29 ਮਈ 2022 ਦੀ ਕਾਲੀ ਸ਼ਾਮ ਨੂੰ ਕਤਲ ਕਰ ਦਿੱਤਾ ਗਿਆ ਸੀ। 29 ਮਈ ਦੀ ਸ਼ਾਮ ਨੂੰ ਸਿੱਧੂ ਮੂਸੇਵਾਲਾ ਨੂੰ ਘੇਰ ਕੇ ਅਣਪਛਾਤੇ ਹਮਲਾਵਰਾਂ ਨੇ ਫਾਇਰਿੰਗ ਕੀਤੀ।
ਇਸ ਘਟਨਾ ਵਿੱਚ ਮੂਸੇਵਾਲਾ ਨੂੰ ਕਈ ਗੋਲੀਆਂ ਲੱਗੀਆਂ ਅਤੇ ਹਸਪਤਾਲ ਲਿਜਾਇਆ ਗਿਆ ਪਰ ਹਸਤਪਾਲ ਪਹੁੰਚਣ ਤੋਂ ਪਹਿਲਾਂ ਹੀ ਮੂਸੇਵਾਲਾ ਦੀ ਮੌਤ ਹੋ ਚੁੱਕੀ ਸੀ। ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਣ ਲਈ ਹਜ਼ਾਰਾਂ ਲੋਕ ਪਹੁੰਚੇ ਹੋਏ ਸਨ। ਇਨ੍ਹਾਂ ਵਿੱਚ ਕਲਾ, ਸੰਗੀਤ ਅਤੇ ਫਿਲਮ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਵੀ ਸ਼ਾਮਲ ਸਨ। ਸਿੱਧੂ ਨੂੰ ਚਾਹੁਣ ਵਾਲਿਆਂ ਵਿੱਚ ਪੰਜਾਬ ਸਣੇ ਹੋਰਨਾਂ ਸੂਬਿਆਂ ਤੋਂ ਇਲਾਵਾ ਦੇਸ਼ਾਂ-ਵਿਦੇਸ਼ਾਂ ਤੋਂ ਵੀ ਲੋਕ ਪਹੁੰਚੇ ਸਨ। ਸਿੱਧੂ ਦਾ ਸਸਕਾਰ ਉਨ੍ਹਾਂ ਦੇ ਖੇਤਾਂ ਵਿੱਚ ਹੀ ਕੀਤਾ ਗਿਆ, ਜਿੱਥੇ ਬਾਅਦ ਵਿੱਚ ਉਨ੍ਹਾਂ ਦੀ ਯਾਦਗਾਰ ਬਣਾਈ ਜਾ ਸਕੇ।
ਜਦੋਂ 5911 ਟਰੈਕਟਰ ਉੱਤੇ ਉਨ੍ਹਾਂ ਦੀ ਅੰਤਿਮ ਯਾਤਰਾ ਸਸਕਾਰ ਵਾਲੀ ਥਾਂ ਉੱਤੇ ਪਹੁੰਚੀ ਤਾਂ ਲੋਕਾਂ ਦਾ ਵੱਡਾ ਇਕੱਠ ਅਤੇ ਪੁੱਤ ਲਈ ਲੋਕਾਂ ਦਾ ਅਥਾਹ ਪਿਆਰ ਦੇਖ ਕਿ ਉਨ੍ਹਾਂ ਦੇ ਪਿਤਾ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਉਨ੍ਹਾਂ ਰੋਂਦੇ ਹੋਏ ਪੱਗ ਸਿਰ ਤੋਂ ਉਤਾਰ ਕਿ ਲੋਕਾਂ ਅੱਗੇ ਝੁਕਾਈ ਅਤੇ ਇਸ ਸੰਤਾਪ ਦੀ ਘੜੀ ਵਿੱਚ ਸਾਥ ਦੇਣ ਵਾਲਿਆਂ ਦਾ ਧੰਨਵਾਦ ਕੀਤਾ।
ਇਹੀ ਨਹੀਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪੁੱਤ ਦੇ ਸਟਾਈਲ ਵਿੱਚ ਟਰੈਕਟਰ ਤੋਂ ਥਾਪੀ ਮਾਰੀ। ਇਹ ਪਲ ਬਹੁਤ ਹੀ ਭਾਵੁਕ ਕਰਨ ਵਾਲਾ ਸੀ। ਅੱਜ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਮਨਾਈ ਜਾ ਰਹੀ ਹੈ। ਮਰਹੂਮ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ’ਤੇ ਬਰਸੀ ਦੇ ਇਕ ਦਿਨ ਪਹਿਲਾਂ ਭਾਵੁਕ ਪੋਸਟ ਪਾਈ ਹੈ।
ਉਸ ’ਚ ਲਿਖਿਆ ਹੈ ਕਿ ਕਦੇ-ਕਦੇ ਅਸਲੀਅਤ ਬਨਾਵਟੀ ਲੱਗਦੀ ਏ, ਕਦੇ-ਕਦੇ ਸਭ ਝੂਠਾ ਪੈ ਜਾਂਦਾ ਏ ..... ਮੈਂ ਇਹ ਵੀ ਸੋਚਦਾ ਹਾਂ ਕਿ ਕਿਤੇ ਕੋਈ ਬੁਰਾ ਸੁਪਨਾ ਜਾਂ ਕੋਈ ਬੁਰਾ ਖਿਆਲ ਤਾਂ ਨਹੀਂ ਚੱਲ ਰਿਹਾ, ਫ਼ਿਰ ਆਪਣੇ ਆਪ ਨੂੰ ਕਹਿੰਦਾ ਆ ਕਿ ਨਹੀਂ , ਤਿੰਨ ਸਾਲ ਤੋਂ ਇਕ ਹੀ ਸੁਪਨਾ ਭਲਾਂ ਕਿਵੇਂ ਚੱਲ ਸਕਦੇ ਏ, ਇਕ ਡੂੰਘਾ ਸਾਹ ਲੈਂਦਾ ਹਾਂ ਤੇ ਆਪਣੇ ਆਪ ਨੂੰ ਇਹ ਮਹਿਸੂਸ ਕਰਦੇ ਹੋਏ ਕਹਿੰਦਾ ਹਾਂ ਕਿ ਉਹ ਜਾਂ ਚੁੱਕਾ ਏ, ਤੇ ਫੇਰ ਉਦਾਸ ਹੋ ਜਾਂਦਾ ਆ।