Fazilka News: ਪਿੰਡ ਜੋਧਪੁਰ ਦੇ ਕਿਸਾਨ ਕੁਲਵੰਤ ਸਿੰਘ ਨੇ ਕਰੀਬ 6 ਦਿਨ ਪਹਿਲਾਂ ਜ਼ਹਿਰੀਲੀ ਚੀਜ਼ ਨਿਗਲ ਲਈ ਸੀ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਦੋਸ਼ ਲਗਾਏ ਜਾ ਰਹੇ ਹਨ ਕਿ ਕਿਸਾਨ ਦੀ ਜ਼ਮੀਨ ਉਤੇ ਕੁਝ ਲੋਕਾਂ ਨੇ ਧੱਕੇ ਨਾਲ ਕਬਜ਼ਾ ਕਰ ਲਿਆ ਸੀ ਅਤੇ ਧਮਕੀਆਂ ਵੀ ਦਿੱਤੀਆਂ।
ਇਸ ਤੋਂ ਪਰੇਸ਼ਾਨ ਹੋ ਕੇ ਕਿਸਾਨ ਨੇ ਘਰ ਵਿੱਚ ਰੱਖਿਆ ਜ਼ਹਿਰੀਲਾ ਪਦਾਰਥ ਨਿਗਲ ਲਿਆ। ਹਾਲਾਂਕਿ ਇਸ ਮਾਮਲੇ 'ਚ ਪੁਲਿਸ ਨੇ ਪਰਚਾ ਤਾਂ ਦਰਜ ਕਰ ਲਿਆ ਹੈ ਪਰ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਕਿਸਾਨ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾ ਰਿਾ ਹੈ ਅਤੇ ਰੋਸ ਵਿੱਚ ਆਏ ਲੋਕਾਂ ਨੇ ਫਾਜ਼ਿਲਕਾ ਦੇ ਐਸਐਸਐਪੀ ਦਫ਼ਤਰ ਦਾ ਮੁੱਖ ਗੇਟ ਦਾ ਰਸਤਾ ਬੰਦ ਕਰਕੇ ਧਰਨਾ ਲਗਾ ਦਿੱਤਾ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਕਿਸਾਨ ਕੁਲਵੰਤ ਸਿੰਘ ਦੇ ਜਵਾਈ ਬਲਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਸਹੁਰੇ ਕੁਲਵੰਤ ਸਿੰਘ ਕਿਸਾਨ ਜੋ ਪਿੰਡ ਜੋਧਪੁਰ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਨਾਲ ਨਾਜਾਇਜ਼ ਤੌਰ ਉਤੇ ਧੱਕੇਸ਼ਾਹੀ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਕੁਲਵੰਤ ਸਿੰਘ ਦੀ 6 ਕਨਾਲ ਜ਼ਮੀਨ ਉਤੇ ਪਿੰਡ ਦੇ ਹੀ ਕੁਝ ਲੋਕਾਂ ਨੇ ਧੱਕੇ ਨਾਲ ਟਰੈਕਟਰ ਨਾਲ ਜ਼ਮੀਨ ਵਾਹ ਕੇ ਕਬਜ਼ਾ ਕਰ ਲਿਆ ਅਤੇ ਵਿਰੋਧ ਕਰਨ ਉਤੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ।
ਇਸ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਜ਼ਹਿਰੀਲੀ ਚੀਜ਼ ਨਿਗਲ ਲਈ ਤੇ ਹਾਲਾਤ ਵਿਗੜਨ ਉਤੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਬਠਿੰਡਾ ਦੇ ਆਦੇਸ਼ ਹਸਪਤਾਲ ਲੈ ਗਏ। ਜਿਥੇ ਪਹੁੰਚਦੇ ਹੀ ਉਸ ਨੇ ਦਮ ਤੋੜ ਦਿੱਤਾ ਹੈ। ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਨੇ ਪਰਚਾ ਤਾਂ ਦਰਜ ਕੀਤਾ ਪਰ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਜਾ ਰਹੀ ਹੈ। ਇਹੀ ਵਜ੍ਹਾ ਹੈ ਕਿ ਮ੍ਰਿਤਕ ਕਿਸਾਨ ਦੀ ਲਾਸ਼ ਅਬੋਹਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਪਈ ਹੈ।
ਸੁਣਵਾਈ ਨਾ ਹੋਣ ਦੀ ਸੂਰਤ ਵਿੱਚ ਉਨ੍ਹਾਂ ਵੱਲੋਂ ਅੱਜ ਐਸਐਸਪੀ ਦਫ਼ਤਰ ਦੇ ਮੁੱਖ ਗੇਟ ਨੂੰ ਬੰਦ ਕਰਕੇ ਰਸਤਾ ਬੰਦ ਕਰਕੇ ਧਰਨਾ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦ ਤੱਕ ਉਨ੍ਹਾਂ ਦੀ ਸੁਣਵਾਈ ਨਹੀਂ ਹੋਵੇਗੀ ਉਹ ਮ੍ਰਿਤਕ ਕਿਸਾਨ ਦਾ ਅੰਤਿਮ ਸਸਕਾਰ ਨਹੀਂ ਕਰਨਗੇ।
ਉਧਰ ਐਸਪੀ ਰਛਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਕਿਸਾਨ ਕੁਲਵੰਤ ਸਿੰਘ ਦੀ ਮੌਤ ਮਾਮਲੇ ਵਿੱਚ ਚਾਰ ਲੋਕਾਂ ਬੂਟਾ ਸਿੰਘ, ਹਰਸੰਗੀਤ ਸਿੰਘ, ਸੁਖਰਾਮ, ਕੁਲਵੰਤ ਸਿੰਘ ਉਰਫ ਕਾਂਤਾ ਖਿਲਾਫ ਪਰਚਾ ਦਰਜ ਕੀਤਾ ਜਾ ਚੁੱਕਾ ਹੈ, ਜਿਸ ਵਿੱਚ ਤਫਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ-ਜਿਸ ਤਰ੍ਹਾਂ ਸਬੂਤ ਹੱਥ ਵਿੱਚ ਲੱਗਦੇ ਜਾਣਗੇ ਉਸ ਤਰ੍ਹਾਂ ਕਾਰਵਾਈ ਕੀਤੀ ਜਾਵੇਗੀ।