Giani Harpreet Singh: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅੰਮ੍ਰਿਤਸਰ ਜ਼ਿਲ੍ਹੇ ਵਿੱਚ ਅੱਜ ਇੱਕ ਸੰਸਥਾ ਵੱਲੋਂ ਕਰਵਾਏ ਗਏ ਪ੍ਰੋਗਰਾਮ ਵਿੱਚ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਹੁੰਚੇ ਸਨ ਜਿੱਥੇ ਉਨ੍ਹਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਸਿੱਖ ਸੰਗਤ ਨੂੰ ਭੰਬਲਭੂਸੇ ਵਿੱਚ ਪਾਉਣ ਦੀ ਬਜਾਏ ਸਿੱਖ ਸਿਧਾਂਤਾਂ ਉਤੇ ਪਹਿਰਾ ਦੇਣ ਦੀ ਗੱਲ ਕੀਤੀ।
ਨਵੇਂ ਅਕਾਲੀ ਦਲ ਬਾਰੇ ਗੱਲ ਕਰਨ ਦੇ ਸਵਾਲ ਉਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਨੌਜਵਾਨ ਅਤੇ ਸੰਗਤ ਉਨ੍ਹਾਂ ਨੂੰ ਆਦੇਸ਼ ਕਰੇਗੀ ਉਹ ਉਸ ਤਰ੍ਹਾਂ ਹੀ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਮੰਤਵ ਨਵਾਂ ਅਕਾਲੀ ਦਲ ਸਿਰਜਣਾ ਹੀ ਨਹੀਂ ਬਲਕਿ ਸਿੱਖ ਸਿਧਾਂਤਾਂ ਤੋਂ ਸੰਗਤ ਨੂੰ ਜਾਣੂ ਕਰਵਾਉਣਾ ਅਤੇ ਉਸਦਾ ਪ੍ਰਚਾਰ ਕਰਨਾ ਹੈ। ਬੀਤੇ ਦਿਨੀਂ ਵਿਰਸਾ ਸਿੰਘ ਵਲਟੋਹਾ ਵੱਲੋਂ ਲਗਾਏ ਗਏ ਇਲਜ਼ਾਮਾਂ ਉਤੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਸੱਚ ਹੋਵੇਗਾ ਤਾਂ ਉਹ ਤੁਰੰਤ ਪ੍ਰਭਾਵ ਦੇ ਨਾਲ ਪਿੱਛੇ ਹੋ ਜਾਣਗੇ।
ਵਿਰਸਾ ਸਿੰਘ ਵਲਟੋਹਾ ਵੱਲੋਂ ਪੁਰਾਣੇ ਸਮੇਂ ਵਿੱਚ ਅਜਿਹੇ ਹਾਲਾਤ ਹੋਣ ਉਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਪਿੱਛੇ ਹਟ ਜਾਣ ਦੇ ਸਵਾਲ ਉਤੇ ਗੱਲ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਥੇਦਾਰ ਦੇ ਫ਼ੈਸਲੇ ਵੀ ਪਿੱਛੇ ਹੋ ਸਕਦੇ ਹਨ ਅਤੇ ਜਥੇਦਾਰ ਵੀ ਬਦਲੇ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਦੇ ਮਤੇ ਨੂੰ ਪਾਸ ਕਰਨ ਤੋਂ ਬਾਅਦ ਰੱਦ ਕਰ ਸਕਦੀ ਹੈ ਤਾਂ ਕੁਝ ਵੀ ਸੰਭਵ ਹੋ ਸਕਦਾ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਹੋ ਜਿਹੇ ਇਲਜ਼ਾਮ ਉਨ੍ਹਾਂ ਉਤੇ ਲਗਾਏ ਜਾ ਰਹੇ ਹਨ ਇੰਨੀ ਨੀਵੀਂ ਸੋਚ ਅਤੇ ਭਾਸ਼ਾ ਦਾ ਇਸਤੇਮਾਲ ਉਹ ਨਹੀਂ ਕਰ ਸਕਦੇ ਹਨ ਅਤੇ ਅੱਜ ਤੋਂ ਬਾਅਦ ਸ਼੍ਰੋਮਣੀ ਕਮੇਟੀ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਕੋਈ ਵੀ ਜਵਾਬ ਨਹੀਂ ਦੇਣਗੇ। ਆਪਣੇ ਆਉਣ ਵਾਲੇ ਅਗਲੇ ਪ੍ਰੋਗਰਾਮਾਂ ਬਾਰੇ ਗੱਲ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿੱਥੇ ਵੀ ਸਿੱਖ ਸੰਸਥਾਵਾਂ ਵੱਲੋਂ ਅਤੇ ਸੰਗਤਾਂ ਵੱਲੋਂ ਧਰਮ ਨਾਲ ਸੰਬੰਧਿਤ ਅਤੇ ਸਿੱਖ ਮਰਿਆਦਾ ਨਾਲ ਸੰਬੰਧਿਤ ਪ੍ਰੋਗਰਾਮ ਕਰਵਾਏ ਜਾਣਗੇ ਉਹ ਉੱਥੇ ਆਪਣੀ ਪਹੁੰਚ ਜ਼ਰੂਰ ਕਰਨਗੇ।
ਉਨ੍ਹਾਂ ਨੇ ਨੌਜਵਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਹੋਰਾਂ ਵੱਲੋਂ ਉਨ੍ਹਾਂ ਵਿਰੁੱਧ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਕਾਊਂਟਰ ਕਰਨ ਵਾਸਤੇ ਕਿਹਾ ਅਤੇ ਹਦਾਇਤ ਦਿੱਤੀ ਕਿ ਘੱਟੋ ਘੱਟ ਅੱਧਾ ਘੰਟਾ ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਉਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਅਤੇ ਉਨ੍ਹਾਂ ਦੇ ਜਥੇਦਾਰਾਂ ਬਾਰੇ ਪੋਸਟਾਂ ਪਾਉਣ ਜਿਸ ਨਾਲ ਇਹ ਕੂੜ ਪ੍ਰਚਾਰ ਹਵਾ ਵਿੱਚ ਉੱਡ ਜਾਵੇਗਾ।