Sidhu Moosewala news: ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਘਰ ਰੌਣਕ ਪਰਤ ਆਈ ਹੈ। ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੂੰ ਪ੍ਰਮਾਤਮਾ ਨੇ ਬੇਟੇ ਦੀ ਦਾਤ ਬਖਸ਼ੀ ਹੈ। ਸਿੱਧੂ ਮੂਸੇਵਾਲਾ ਦੇ ਹਰ ਪ੍ਰਸ਼ੰਸਕ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਪਾਏ ਜਾ ਰਹੇ ਹਨ। ਹਰ ਕੋਈ ਉਸ ਬੱਚੇ ਵਿੱਚ ਸਿੱਧੂ ਮੂਸੇਵਾਲਾ ਦਾ ਝਲਕ ਦੇਖ ਰਿਹਾ ਹੈ। ਜਿਥੇ ਸੋਸ਼ਲ ਮੀਡੀਆ ਉਪਰ ਮੁਬਾਰਕਾਂ ਦਾ ਤਾਂਤਾ ਲੱਗਾ ਹੋਇਆ ਹੈ ਉਥੇ ਹੀ ਮਨੋਰੰਜਨ ਜਗਤ ਵਿੱਚੋਂ ਸਿੱਧੂ ਮੂਸੇਵਾਲਾ ਦੇ ਨਜ਼ਦੀਕੀ ਹਸਪਤਾਲ ਪੁੱਜ ਕੇ ਵਧਾਈਆਂ ਦੇ ਰਹੇ ਹਨ।
ਇਸ ਦੇ ਨਾਲ ਹੀ ਬੁਲੰਦ ਆਵਾਜ਼ ਦੀ ਮਾਲਕਣ ਪੰਜਾਬੀ ਗਾਇਕਾ ਜਸਵਿੰਦਰ ਬਰਾੜ ਦਾ ਗੀਤ ਨਿੱਕੇ ਪੈਰੀਂ ਟਰੈਂਡ ਵਿੱਚ ਆਇਆ ਹੈ। ਬੱਬੂ ਬਰਾੜ ਦਾ ਲਿਖਿਆ ਅਤੇ ਜਸਵਿੰਦਰ ਬਰਾੜ ਗੀਤ ਸੋਸ਼ਲ ਮੀਡੀਆ ਉਪਰ ਟਰੈਂਡ ਕਰ ਰਿਹਾ ਹੈ। ਇਸ ਗੀਤ ਦੇ ਬੋਲ ਹਰ ਕਿਸੇ ਨੂੰ ਭਾਵੁਕ ਕਰ ਰਹੇ ਹਨ। ''ਵੱਡੇ ਪੈਰੀਂ ਗਿਆ ਹਾੜਾ ਤੇ ਨਿੱਕੇ ਪੈਰੀਂ ਆ ਆਜਾ'' ਸੁਣ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ।
ਇਸ ਦੇ ਨਾਲ ਜਸਵਿੰਦਰ ਬਰਾੜ ਨੇ ਹਸਪਤਾਲ ਵਿੱਚ ਪੁੱਜ ਕੇ ਸਿੱਧੂ ਦੇ ਮਾਪਿਆਂ ਨੂੰ ਇਸ ਖੁਸ਼ੀ ਦੀ ਮੁਬਾਰਕਬਾਦ ਦਿੱਤੀ ਅਤੇ ਨਵਜੰਮੇ ਬੱਚੇ ਨੂੰ ਪਿਆਰ ਦਿੱਤਾ। ਇਸ ਤੋਂ ਇਲਾਵਾ ਇਸ ਗੀਤ ਦੇ ਗੀਤਕਾਰ ਅਤੇ ਸਿੱਧੂ ਮੂਸੇਵਾਲਾ ਦੇ ਦੋਸਤ ਬੱਬੂ ਬਰਾੜ ਨੇ ਇਕ ਭਾਵੁਕ ਪੋਸਟ ਸਾਂਝੀ ਕਰਕੇ ਸਾਰੇ ਪ੍ਰਸ਼ੰਸਕਾਂ ਨੂੰ ਵਧਾਈ ਦਿੱਤੀ ਹੈ। ਇਸ 'ਚ ਬੱਬੂ ਬਰਾੜ ਨੇ ਲਿਖਿਆ-'ਮੇਰਾ ਲਿਖਿਆ ਤੇ ਭੈਣ ਜਸਵਿੰਦਰ ਬਰਾੜ ਦਾ ਗਾਇਆ ਗਾਣਾ - ਨਿੱਕੇ ਪੈਰੀਂ - ਸੱਚ ਕਰਨ ਸਾਰੇ ਸੰਸਾਰ ਦੀਆ ਅਰਦਾਸਾ ਕਬੂਲ ਕਰਨ ਲਈ ਵਾਹਿਗੁਰੂ ਜੀ ਤੁਹਾਡੇ ਲੱਖ ਲੱਖ ਸ਼ੁਕਰਾਨੇ ਅੱਜ ਸਾਰਾ ਸੰਸਾਰ ਬਹੁਤ ਖੁਸ਼ ਹੈ।
ਛੋਟਾ ਸਿੱਧੂ ਆਉਣ ਦੀਆ ਸਾਰੇ ਸੰਸਾਰ ਨੂੰ ਬਹੁਤ ਬਹੁਤ ਮੁਬਾਰਕਾਂ '।
ਕਾਬਿਲੇਗੌਰ ਹੈ ਕਿ ਬੱਬੂ ਬਰਾੜ ਨੇ ਮੂਸੇਵਾਲਾ ਦੀ ਮੌਤ ਤੋਂ ਬਾਅਦ ਮੂਸੇਵਾਲਾ ਦੇ ਵਾਪਸ ਆਉਣ ਬਾਰੇ 'ਨਿੱਕੇ ਪੈਰੀਂ' ਗਾਣਾ ਲਿਖਿਆ ਸੀ ਤੇ ਇਹ ਗਾਣਾ ਭੈਣ ਜਸਵਿੰਦਰ ਬਰਾੜ ਨੇ ਗਾਇਆ ਸੀ। ਉਨ੍ਹਾਂ ਨੇ ਗਾਣੇ ਵਿੱਚ ਮੂਸੇਵਾਲਾ ਦੇ ਵਾਪਸ ਆਉਣ ਦੀ ਅਰਦਾਸ ਕੀਤੀ ਸੀ। ਇਸ ਗਾਣੇ ਦੇ ਆਉਣ ਤੋਂ ਬਾਅਦ ਮੂਸੇਵਾਲਾ ਦੇ ਪ੍ਰਸ਼ੰਸਕਾਂ ਵੱਲੋਂ ਉਸ ਦੇ ਨਿੱਕੇ ਭਰਾ ਦੇ ਆਉਣ ਦੀਆਂ ਉਡੀਕਾਂ ਸ਼ੁਰੂ ਕਰ ਦਿੱਤੀਆਂ ਸਨ।
ਇਹ ਵੀ ਪੜ੍ਹੋ : Sidhu Moose Wala: ਦੁਨੀਆ 'ਤੇ ਆਇਆ ਮੂਸੇਵਾਲਾ ਦਾ ਨਿੱਕਾ ਵੀਰਾ, ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ