SKM on Land Pooling Scheme: ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਸਰਕਾਰ ਦੇ ਮਕਾਨ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਵਲੋਂ ਲੈਂਡ ਪੂਲਿੰਗ ਸਕੀਮ ਨੂੰ ਵਾਪਸ ਲੈਣ ਸਬੰਧੀ ਜਾਰੀ ਕੀਤੇ ਬਿਆਨ ਨੂੰ ਇਸ ਸਕੀਮ ਵਿਰੁੱਧ ਸੰਘਰਸ਼ਸ਼ੀਲ ਲੋਕਾਂ ਦੀ ਜਿੱਤ ਵੱਲ ਵੱਡਾ ਕਦਮ ਕਰਾਰ ਦਿੱਤਾ ਹੈ। ਮੋਰਚੇ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਸਕੀਮ ਸਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਵੀ ਪੰਜਾਬ ਕੈਬਨਿਟ ਦੀ ਮੀਟਿੰਗ ਕਰਕੇ ਤੁਰੰਤ ਰੱਦ ਕਰੇ।
ਪੰਜਾਬ ਸਰਕਾਰ ਵੱਲੋਂ ਆਏ ਬਿਆਨ ਮਗਰੋਂ ਪੈਦਾ ਹੋਏ ਹਾਲਾਤਾਂ ਤੇ ਵਿਚਾਰ ਕਰਨ ਲਈ ਸੰਯੁਕਤ ਕਿਸਾਨ ਮੋਰਚਾ ਨੇ ਭਲਕੇ ਐਮਰਜੈਂਸੀ ਮੀਟਿੰਗ ਚੰਡੀਗੜ੍ਹ ਵਿਖੇ ਸੱਦ ਲਈ ਹੈ।
ਬਿਆਨ ਜਾਰੀ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਹੈ ਕਿ ਲੈਂਡ ਪੂਲਿੰਗ ਸਕੀਮ ਵਿਰੁੱਧ ਲੋਕਾਂ ਦਾ ਰੋਹ ਦਿਨੋਂ ਦਿਨ ਵੱਧਦਾ ਜਾ ਰਿਹਾ ਸੀ। ਸ਼ਹਿਰੀਕਰਨ ਦੇ ਨਾਂ ਹੇਠ ਪਿੰਡਾਂ ਨੂੰ ਉਜਾੜਨ ਲਈ ਲਿਆਂਦੀ ਗਈ ਇਸ ਸਕੀਮ ਵਿਰੁੱਧ ਸੰਯੁਕਤ ਕਿਸਾਨ ਮੋਰਚਾ ਲਗਾਤਾਰ ਸੰਘਰਸ਼ ਕਰ ਰਿਹਾ ਸੀ।30 ਜੁਲਾਈ ਨੂੰ ਸੂਬੇ ਵਿਚ ਵੱਡੀ ਪੱਧਰ ਤੇ ਟਰੈਕਟਰਾਂ ਅਤੇ ਵਹੀਕਲਾਂ ਨਾਲ ਉਮੜੇ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਦੇ ਰੋਹ ਨੇ ਭਵਿੱਖੀ ਅੰਦੋਲਨ ਦੇ ਅੰਗੜਾਈ ਲੈਣ ਦਾ ਸਪੱਸ਼ਟ ਸੁਨੇਹਾ ਪੰਜਾਬ ਸਰਕਾਰ ਨੂੰ ਦੇ ਦਿੱਤਾ ਸੀ।24 ਅਗਸਤ ਦੀ ਸਮਰਾਲਾ ਰੈਲੀ ਲਈ ਸੂਬੇ ਭਰ ਵਿਚ ਹੋ ਰਹੀਆਂ ਜ਼ੋਰਦਾਰ ਤਿਆਰੀਆਂ ਦੀਆਂ ਰਿਪੋਰਟਾਂ ਦਾ ਵੀ ਪੰਜਾਬ ਸਰਕਾਰ ਨੂੰ ਇਲਮ ਸੀ। ਸਿੱਟੇ ਵਜੋਂ ਪੰਜਾਬ ਸਰਕਾਰ ਦੇ ਮਕਾਨ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ਸਕੀਮ ਨੂੰ ਵਾਪਸ ਲੈਣ ਸਬੰਧੀ ਪ੍ਰੈਸ ਬਿਆਨ ਜਾਰੀ ਕੀਤਾ ਹੈ।
ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਸਕੀਮ ਸਬੰਧੀ ਨੋਟੀਫਿਕੇਸ਼ਨ ਰੱਦ ਕਰਨ ਸਬੰਧੀ ਹਾਲੇ ਸਥਿਤੀ ਸਪੱਸ਼ਟ ਨਹੀ ਹੈ।ਇਸ ਲਈ ਪੰਜਾਬ ਦੇ ਲੋਕਾਂ ਨੂੰ ਨੋਟੀਫਿਕੇਸ਼ਨ ਰੱਦ ਕਰਵਾਉਣ ਤੱਕ ਸਾਵਧਾਨੀ ਰੱਖਦਿਆਂ ਸੰਘਰਸ਼ ਨੂੰ ਜਾਰੀ ਰੱਖਣ ਦੀ ਲੋੜ ਹੈ।
ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਬਲਵੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਹਰਿੰਦਰ ਲੱਖੋਵਾਲ, ਰਾਮਿੰਦਰ ਸਿੰਘ ਪਟਿਆਲਾ, ਹਰਮੀਤ ਸਿੰਘ ਕਾਦੀਆਂ, ਬਲਦੇਵ ਸਿੰਘ ਨਿਹਾਲਗੜ੍ਹ, ਬੂਟਾ ਸਿੰਘ ਬੁਰਜ ਗਿੱਲ, ਮਨਜੀਤ ਸਿੰਘ ਧਨੇਰ,ਡਾ ਸਤਨਾਮ ਸਿੰਘ ਅਜਨਾਲਾ, ਜੰਗਵੀਰ ਸਿੰਘ ਚੌਹਾਨ,ਡਾ ਦਰਸ਼ਨਪਾਲ,ਫਰਮਾਨ ਸਿੰਘ ਸੰਧੂ, ਹਰਜਿੰਦਰ ਸਿੰਘ ਟਾਂਡਾ, ਮੁਕੇਸ ਚੰਦਰ, ਕਵਲਪ੍ਰੀਤ ਸਿੰਘ ਪੰਨੂ, ਪ੍ਰੇਮ ਸਿੰਘ ਭੰਗੂ,ਰੁਲਦੂ ਸਿੰਘ ਮਾਨਸਾ, ਮਲੂਕ ਸਿੰਘ ਹੀਰਕੇ,ਬਲਜੀਤ ਸਿੰਘ ਗਰੇਵਾਲ, ਬਲਵਿੰਦਰ ਸਿੰਘ ਮੱਲ੍ਹੀ ਨੰਗਲ,ਨਛੱਤਰ ਸਿੰਘ ਜੈਤੋ ,ਹਰਦੇਵ ਸਿੰਘ ਸੰਧੂ,ਵੀਰ ਸਿੰਘ ਬੜਵਾ,ਗੁਰਮੀਤ ਸਿੰਘ ਫਰੀਦਕੋਟ,ਬਲਵਿੰਦਰ ਸਿੰਘ ਰਾਜੂ ਔਲਖ,ਹਰਬੰਸ ਸਿੰਘ ਸੰਘਾ,ਬੋਘ ਸਿੰਘ ਮਾਨਸਾ ਅਤੇ ਕਿਰਨਜੀਤ ਸਿੰਘ ਸੇਖੋਂ ਆਦਿ ਆਗੂਆਂ ਨੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਸਾਵਧਾਨੀ ਰੱਖਦਿਆਂ ਨੋਟੀਫਿਕੇਸ਼ਨ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦੀ ਅਪੀਲ ਕੀਤੀ ਹੈ ।