Moga News: ਮੋਗਾ ਦੇ ਸੀਆਈਏ ਸਟਾਫ ਵੱਲੋਂ ਵੱਡੀ ਕਾਰਵਾਈ ਕਰਦਿਆਂ 200 ਕਿਲੋ ਡੋਡੇ ਪੋਸਤ ਅਤੇ ਇੱਕ ਕਾਰ ਸਮੇਤ ਇਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਸੁਖਜੀਤ ਸਿੰਘ ਉਰਫ ਸੀਤਾ ਵਾਸੀ ਪਿੰਡ ਛੀਨੀਵਾਲਾ, ਜ਼ਿਲ੍ਹਾ ਬਰਨਾਲਾ ਵਜੋਂ ਹੋਈ ਹੈ।
ਐਸਪੀਡੀ ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਪਤਾ ਲੱਗਾ ਕਿ ਗੁਰਚਰਨ ਸਿੰਘ ਉਰਫ ਤੋਤਾ, ਜੋ ਪਿੰਡ ਰਾਉਕੇ ਕਲਾਂ ਮੋਗਾ ਦਾ ਰਹਿਣ ਵਾਲਾ ਹੈ, ਆਪਣੇ ਸਾਥੀ ਸੁਖਜੀਤ ਸਿੰਘ ਨਾਲ ਮਿਲ ਕੇ ਡੋਡੇ ਪੋਸਤ ਦੀ ਤਸਕਰੀ ਕਰ ਰਿਹਾ ਹੈ। ਗੁਰਚਰਨ ਨੇ ਅੱਜ ਆਪਣੇ ਸਾਥੀ ਸੁਖਜੀਤ ਨੂੰ ਗਾਹਕਾਂ ਤੱਕ ਸਮਾਨ ਪਹੁੰਚਾਉਣਾ ਲਈ ਭੇਜਿਆ ਸੀ।
ਸੁਖਜੀਤ ਸਿੰਘ ਨੂੰ ਦਾਣਾ ਮੰਡੀ ਬਾਘਾ ਪੁਰਾਣਾ 'ਚ ਉਸ ਦੀ ਸਵਿਫਟ ਕਾਰ ਸਮੇਤ ਕਾਬੂ ਕੀਤਾ ਗਿਆ, ਜਿਸ ਵਿੱਚ 20-20 ਕਿਲੋ ਦੇ 10 ਗੱਟਿਆਂ ਵਿੱਚ ਕੁੱਲ 200 ਕਿਲੋ ਡੋਡੇ ਪੋਸਤ ਮਿਲੀ। ਪੁਲਿਸ ਨੇ ਕਾਰ ਨੂੰ ਵੀ ਕਬਜ਼ੇ 'ਚ ਲੈ ਲਿਆ ਹੈ।
ਗੁਰਚਰਨ ਸਿੰਘ ਉਰਫ ਤੋਤਾ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਲਈ ਛਾਪੇਮਾਰੀ ਜਾਰੀ ਹੈ। ਜਾਣਕਾਰੀ ਅਨੁਸਾਰ, ਗੁਰਚਰਨ ਸਿੰਘ ਦੇ ਖਿਲਾਫ ਵੱਖ-ਵੱਖ ਥਾਣਿਆਂ 'ਚ ਪਹਿਲਾਂ ਹੀ 8 ਮਾਮਲੇ ਦਰਜ ਹਨ।
ਪੁਲਿਸ ਦੀ ਕਾਰਵਾਈ ਨੇ ਨਸ਼ਾ ਵਿਰੋਧੀ ਮੁਹਿੰਮ ਨੂੰ ਹੋਰ ਮਜ਼ਬੂਤੀ ਦਿੱਤੀ ਹੈ ਤੇ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਇਲਾਕੇ 'ਚ ਨਸ਼ਾ ਤਸਕਰੀ ਵਿਰੁੱਧ ਹੋਰ ਵੀ ਕਾਰਵਾਈਆਂ ਕੀਤੀਆਂ ਜਾਣਗੀਆਂ।