Sangrur News: ਸੰਗਰੂਰ ਦੇ DSP ਜੇਲ੍ਹ ਸਿਕਉਰਟੀ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਗ੍ਰਿਫ਼ਤਾਰੀ ਸੰਗਰੂਰ ਪੁਲਿਸ ਵੱਲੋਂ ਸੰਗਰੂਰ ਜੇਲ੍ਹ ਵਿੱਚ ਨਸ਼ੇ, ਮੋਬਾਇਲ ਅਤੇ ਹੋਰ ਚੀਜ਼ਾਂ ਦੀ ਸਪਲਾਈ ਦੇ ਮਾਮਲੇ ਦਾ ਪਰਦਾਫ਼ਾਸ਼ ਹੋਣ ਅਤੇ ਪੁਲਿਸ ਵੱਲੋਂ ਇਸ ਮਗਰ ਕੰਮ ਕਰਦੇ ਨੈਟਵਰਕ ਦਾ ਖੁਲਾਸਾ ਕਰਨ ਉਪਰੰਤ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ SSP ਸਰਤਾਜ ਸਿੰਘ ਚਹਿਲ ਨੇ ਦੱਸਿਆ ਕਿ ਮਾਮਲੇ ਵਿੱਚ ਡੀ.ਐੱਸ.ਪੀ. ਸਣੇ ਹੁਣ ਤਕ 19 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਐੱਸ.ਐੱਸ.ਪੀ. ਨੇ ਦੱਸਿਆ ਕਿ ਸੰਗਰੂਰ ਪੁਲਿਸ ਨੇ ਪੁਖ਼ਤਾ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਸੰਗਰੂਰ ਜੇਲ੍ਹ ਵਿੱਚ ਬੜੇ ਹੀ ਯੋਜਨਾਬੱਧ ਤਰੀਕੇ ਨਾਲ ਛਾਪੇਮਾਰੀ ਕੀਤੀ ਸੀ ਜਿਸ ਦੌਰਾਨ 9 ਮੋਬਾਇਲ ਫ਼ੋਨ, 4 ਸਮਾਰਟ ਵਾਚ, 50 ਗ੍ਰਾਮ ਅਫ਼ੀਮ ਸਣੇ ਹੋਰ ਨਸ਼ੇ ਬਰਾਮਦ ਹੋਏ ਸਨ। ਇਸ ਸੰਬੰਧ ਵਿੱਚ ਐਫ.ਆਈ.ਆਰ. ਨੰਬਰ 75 ਥਾਣਾ ਸੰਗਰੂਰ ਸਿਟੀ ਵਿੱਚ ਦਰਜ ਕੀਤੀ ਗਈ। ਇਸ ਮਾਮਲੇ ਦੀਆਂ ਤਾਰਾਂ ਜੋੜਨ ਲਈ 8 ਲੋਕਾਂ ਨੂੰ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਗਈ ਤਾਂ ਹੈਰਾਨੀਜਨਕ ਖੁਲਾਸੇ ਹੋਏ।
ਇਸ ਮਾਮਲੇ ਵਿੱਚ ਤਾਰਾਂ ਜੁੜਦੇ ਜੁੜਾਂਦੇ ਡੀ.ਐੱਸ.ਪੀ.ਜੇਲ੍ਹ ਸੁਰੱਖ਼ਿਆ ਗੁਰਪ੍ਰੀਤ ਸਿੰਘ ਤਕ ਵੀ ਪੁੱਜੀਆਂ ਜਿਸ ਬਾਅਦ ਐਕਸ਼ਨ ਕਰਦਿਆਂ ਡੀ.ਐੱਸ.ਪੀ. ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਇਲਾਵਾ ਜੇਲ੍ਹ ਦੇ ਦਰਜਾ ਚਾਰ ਕਰਮਚਾਰੀ ਪ੍ਰਸ਼ਾਂਤ ਮਜੂਮਦਾਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।
ਐੱਸ.ਐੱਸ.ਪੀ. ਨੇ ਦੱਸਿਆ ਕਿ ਜੇਲ੍ਹ ਵਿੱਚ ਬੰਦ ਗੁਰਵਿੰਦਰ ਸਿੰਘ ਨਾਂਅ ਦੇ ਇੱਕ ਅੰਮ੍ਰਿਤਸਰ ਰਹਿੰਦੇ ਸਾਥੀ ਮਨਪ੍ਰੀਤ ਸਿੰਘ ਤਕ ਵੀ ਗੱਲ ਪੁੱਜੀ ਜਿਸਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਨਪ੍ਰੀਤ ਤੋਂ 4 ਕਿੱਲੋ ਹੈਰੋਇਨ, 5.5 ਲੱਖ ਰੁਪਏ, ਇੱਕ ਗਲੌਕ ਪਿਸਟਲ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ।
ਉਹਨਾਂ ਦੱਸਿਆ ਕਿ 2 ਮੋਬਾਈਲ ਅਤੇ 25 ਗ੍ਰਾਮ ਹੈਰੋਇਨ ਜੇਲ੍ਹ ਦੇ ਅੰਦਰ ਪੁਚਾਉਣ ਦੇ ਸੰਬੰਧ ਵਿੱਚ ਡੀ.ਐੱਸ.ਪੀ. ਨੂੰ 40 ਹਜ਼ਾਰ ਰੁਪਏ ਨਕਦ ਅਤੇ 36 ਹਜ਼ਾਰ ਰੁਪਏ ਉਸਦੇ ਪਰਿਵਾਰਕ ਮੈਂਬਰਾਂ ਦੇ ਖ਼ਾਤਿਆਂ ਵਿੱਚ ਯੂ.ਪੀ.ਆਈ. ਰਾਹੀਂ ਤਬਦੀਲ ਕੀਤੇ ਗਏ।