Bathinda News: ਬੀਤੀ ਦੇਰ ਰਾਤ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਉਤੇ ਆਦੇਸ਼ ਮੈਡੀਕਲ ਯੂਨੀਵਰਸਿਟੀ ਦੇ ਪਾਰਕਿੰਗ ਵਿੱਚ ਖੜ੍ਹੀ ਕਾਰ ਵਿੱਚੋਂ ਬਰਾਮਦ ਹੋਈ ਲਾਸ਼ ਦੀ ਪਛਾਣ ਹੋ ਗਈ ਹੈ। ਮ੍ਰਿਤਕ ਔਰਤ ਦੀ ਪਛਾਣ ਸੋਸ਼ਲ ਮੀਡੀਆ ਉਤੇ ਐਕਟਿਵ ਕਮਲ ਕੌਰ ਭਾਬੀ ਵਜੋਂ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕਮਲ ਕੌਰ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮੁੱਢਲੇ ਹਾਲਾਤ ਤੋਂ ਲੱਗਦਾ ਹੈ ਕਿ ਕਮਲ ਕੌਰ ਦਾ ਕਤਲ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਕਾਬਿਲੇਗੌਰ ਹੈ ਕਿ ਬੀਤੀ ਰਾਤ ਸ਼ਹਿਰ ਦੇ ਆਦੇਸ਼ ਹਸਪਤਾਲ ਦੀ ਪਾਰਕਿੰਗ 'ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਲੋਕਾਂ ਨੇ ਪੁਲਿਸ ਨੂੰ ਇੱਕ ਖੜ੍ਹੀ ਕਾਰ 'ਚੋਂ ਤੇਜ਼ ਬਦਬੂ ਆਉਣ ਦੀ ਸੂਚਨਾ ਮਿਲੀ। ਜਦੋਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਲਗਭਗ 30-35 ਸਾਲ ਦੀ ਇੱਕ ਔਰਤ ਦੀ ਲਾਸ਼ ਮਿਲੀ, ਜਿਸ ਨਾਲ ਇਲਾਕੇ 'ਚ ਸਨਸਨੀ ਫੈਲ ਗਈ।
ਜਾਣਕਾਰੀ ਦਿੰਦੇ ਹੋਏ ਐੱਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਹਸਪਤਾਲ ਦੀ ਪਾਰਕਿੰਗ 'ਚ ਖੜ੍ਹੀ ਇੱਕ ਸ਼ੱਕੀ ਕਾਰ ਵਿੱਚੋਂ ਬਦਬੂ ਆ ਰਹੀ ਹੈ।
ਜਾਂਚ ਕਰਨ 'ਤੇ ਕਾਰ ਦੇ ਅੰਦਰ ਇੱਕ ਔਰਤ ਦੀ ਲਾਸ਼ ਮਿਲੀ, ਜਿਸਦੀ ਉਮਰ ਲਗਭਗ 35 ਸਾਲ ਦੱਸੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਵਿੱਚ ਕਤਲ ਦਾ ਸ਼ੱਕ ਲੱਗ ਰਿਹਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਕਾਰ ਨੂੰ ਮੌਕੇ 'ਤੇ ਘੇਰ ਲਿਆ ਗਿਆ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਕਾਰ ਛੱਡ ਕੇ ਮੌਕੇ ਤੋਂ ਭੱਜਣ ਵਾਲੇ ਸ਼ੱਕੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧ ਵਿੱਚ, ਲੁਧਿਆਣਾ ਆਰਟੀਓ ਤੋਂ ਗੱਡੀ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਤੇ ਇੱਕ ਪੁਲਿਸ ਟੀਮ ਲੁਧਿਆਣਾ ਭੇਜੀ ਗਈ ਹੈ। ਪੁਲਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ-ਕਤਲ ਦਾ ਕਾਰਨ, ਪਛਾਣ ਲੁਕਾਉਣ ਦੀ ਕੋਸ਼ਿਸ਼ ਅਤੇ ਲਾਸ਼ ਨੂੰ ਇੱਥੇ ਲਿਆਉਣ ਅਤੇ ਲੁਕਾਉਣ ਪਿੱਛੇ ਕੀ ਇਰਾਦਾ ਸੀ। ਫਿਲਹਾਲ, ਪੁਲਿਸ ਨੇ ਗੱਡੀ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਆਲੇ ਦੁਆਲੇ ਦੇ ਇਲਾਕੇ ਦੇ ਸੀਸੀਟੀਵੀ ਫੁਟੇਜ ਨੂੰ ਵੀ ਸਕੈਨ ਕੀਤਾ ਜਾ ਰਿਹਾ ਹੈ।