Deepika Luthra: ਅੰਮ੍ਰਿਤਪਾਲ ਸਿੰਘ ਮਹਿਰੋਂ ਵੱਲੋਂ ਦਿੱਤੀਆਂ ਗਈਆਂ ਧਮਕੀਆਂ ਤੋਂ ਬਾਅਦ ਸੋਸ਼ਲ ਮੀਡੀਆ ਇਫਲੂਐਂਸਰ ਦੀਪਿਕਾ ਲੂਥਰਾ ਨੇ ਆਪਣਾ ਇੰਸਟਾਗ੍ਰਾਮ ਅਕਾਊਂਟ ਬੰਦ ਕਰ ਦਿੱਤਾ ਹੈ। ਲਗਾਤਾਰ ਆ ਰਹੀਆਂ ਧਮਕੀਆਂ ਪਿੱਛੋਂ ਲੂਥਰਾ ਨੇ ਫ਼ੈਸਲਾ ਲਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਧਮਕੀਆਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਉਸ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਸੀ। ਪੁਲਿਸ ਨੇ ਘਰ ਦੇ ਬਾਹਰ ਸੁਰੱਖਿਆ ਕਰਮਚਾਰੀ ਤਾਇਨਾਤ ਕਰ ਦਿੱਤੇ ਹਨ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ, ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਕਮਲ ਕੌਰ ਭਾਬੀ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹੋਏ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕੀਤਾ ਸੀ। ਉਸੇ ਵੀਡੀਓ ਵਿੱਚ, ਉਸਨੇ ਦੀਪਿਕਾ ਲੂਥਰਾ ਨੂੰ ਧਮਕੀ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਉਸਨੇ ਵੀਡੀਓ ਬਣਾਉਣਾ ਬੰਦ ਨਾ ਕੀਤਾ, ਤਾਂ ਉਸਦੀ ਹਾਲਤ ਵੀ ਕਮਲ ਕੌਰ ਵਰਗੀ ਹੋਵੇਗੀ, ਅਤੇ ਇਸ ਵਾਰ “ਲਾਸ਼ ਵੀ ਨਹੀਂ ਮਿਲੇਗੀ।”
ਦੀਪਿਕਾ ਨੇ ਧਮਕੀਆਂ ਨੂੰ ਗੰਭੀਰਤਾ ਨਾਲ ਲਿਆ। ਜਿਸ ਤੋਂ ਬਾਅਦ ਉਸਨੇ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਅਤੇ ਅੰਮ੍ਰਿਤਸਰ ਪੁਲਿਸ ਨੇ ਉਸਦੀ ਸੁਰੱਖਿਆ ਲਈ ਦੋ ਪੁਲਿਸ ਕਰਮਚਾਰੀ ਤਾਇਨਾਤ ਕਰ ਦਿੱਤੇ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਵਿਰੁੱਧ ਪਹਿਲਾਂ ਹੀ ਕਈ ਗੰਭੀਰ ਧਾਰਾਵਾਂ ਤਹਿਤ ਮਾਮਲੇ ਦਰਜ ਹਨ ਅਤੇ ਹੁਣ ਨਵੀਂ ਧਮਕੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਦੀਪਿਕਾ ਲੂਥਰਾ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਉਸਨੂੰ ਚੇਤਾਵਨੀ ਦਿੱਤੀ ਤਾਂ ਉਸਨੇ ਉਸ ਤੋਂ ਮੁਆਫੀ ਵੀ ਮੰਗੀ। ਪਰ ਹੁਣ ਉਹ ਉਸਨੂੰ ਦੁਬਾਰਾ ਨਿਸ਼ਾਨਾ ਬਣਾ ਰਿਹਾ ਹੈ।