Kotakpur News: ਕੋਟਕਪੂਰਾ ਦੇ ਪਿੰਡ ਕੋਟ ਸੁਖੀਆ 'ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਨੇ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ 55 ਸਾਲਾ ਪਰਮਜੀਤ ਸਿੰਘ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਥਾਣਾ ਸਦਰ ਕੋਟਕਪੂਰਾ ਪੁਲਿਸ ਨੇ ਮ੍ਰਿਤਕ ਦੀ ਘਰਵਾਲੀ ਦੇ ਬਿਆਨ ਤੇ ਮੁਲਜਮ ਪਰਗਟ ਸਿੰਘ ਦੇ ਖਿਲਾਫ ਮੁਕਦਮਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਮੁਤਾਬਿਕ, ਪਰਮਜੀਤ ਸਿੰਘ ਦਾ ਪੁੱਤ ਪਰਗਟ ਸਿੰਘ ਕਾਫੀ ਸਮੇਂ ਤੋਂ ਮਾਨਸਿਕ ਤਣਾਅ 'ਚ ਸੀ ਅਤੇ ਉਸਦੀ ਦਵਾਈ ਵੀ ਚੱਲ ਰਹੀ ਸੀ। ਘਰ ਵਿੱਚ ਪਰਿਵਾਰਕ ਝਗੜੇ ਆਮ ਹੋ ਚੁੱਕੇ ਸਨ। ਲੰਘੀ ਰਾਤ ਉਸ ਨੇ ਗੁੱਸੇ ਵਿੱਚ ਆ ਕੇ ਆਪਣੇ ਪਿਤਾ ਨਾਲ ਗਾਲੀ-ਗਲੋਚ ਕੀਤੀ ਅਤੇ ਵਧਦੇ ਝਗੜੇ ਦੌਰਾਨ ਲੱਕੜੀ ਦੇ ਡੰਡੇ ਨਾਲ ਪਿਤਾ ਦੇ ਸਿਰ 'ਤੇ ਵਾਰ ਕਰ ਦਿੱਤਾ। ਸਿਰ 'ਤੇ ਗੰਭੀਰ ਚੋਟਾਂ ਲੱਗਣ ਕਾਰਨ ਪਰਮਜੀਤ ਸਿੰਘ ਦੀ ਮੌਤ ਹੋ ਗਈ।
ਮ੍ਰਿਤਕ ਦੇ ਦੂਜੇ ਪੁੱਤ ਪਰਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਮੇਰੇ ਭਰਾ ਨੂੰ ਪਿਤਾ ਵੱਲੋਂ ਗਾਲੀ ਗਲੋਚ ਕਰਨ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਸ ਨੇ ਪਿਤਾ ਦਾ ਕਤਲ ਕਰ ਦਿੱਤਾ।
ਡੀਐਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਕੋਟਕਪੂਰਾ ਵਿਖੇ ਪਰਗਟ ਸਿੰਘ ਖ਼ਿਲਾਫ ਕਤਲ ਦੇ ਦੋਸ਼ਾਂ ਹੇਠਾਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਲਜ਼ਮ ਦੀ ਭਾਲ ਜਾਰੀ ਹੈ। ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਫਰੀਦਕੋਟ ਮੈਡੀਕਲ ਕਾਲਜ 'ਚ ਕਰਵਾਇਆ ਜਾਵੇਗਾ।