SGPC Budget Session: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲ 2025-26 ਦਾ ਬਜਟ ਅੱਜ ਦੁਪਹਿਰ 12 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਬੁਲਾਏ ਗਏ ਇਜਲਾਸ 'ਚ ਤਕਰੀਬਨ 1360 ਕਰੋੜ 47 ਲੱਖ ਰੁਪਏ ਦਾ ਬਜਟ ਪੇਸ਼ ਕੀਤਾ ਗਿਆ। ਇਹ ਬਜਟ ਪਿਛਲੇ ਸਾਲ ਨਾਲੋਂ 10 ਫ਼ੀਸਦੀ ਵਾਧੇ ਵਾਲਾ ਹੈ।
ਇਸ ਦੌਰਾਨ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪੜ੍ਹੇ ਗਏ ਮਤੇ ਵਿੱਚ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੇ ਸਰਵਉੱਚ ਅਸਥਾਨ ਹਨ। ਪ੍ਰਭੂਸੱਤਾ ਸੰਪੰਨ, ਸਿੱਖਾਂ ਦੀ ਅਜ਼ਾਦ ਹਸਤੀ ਵਜੋਂ ਇਸ ਅਸਥਾਨ ਦਾ ਮਹੱਤਵ ਦੁਨੀਆ ਭਰ ਦੇ ਧਾਰਮਿਕ ਇਤਿਹਾਸ 'ਚ ਬਿਲਕੁਲ ਨਿਵੇਕਲਾ ਹੈ।
ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਨਤਮਸਤਕ ਹੁੰਦਿਆਂ ਇਥੋਂ ਦੇ ਆਦੇਸ਼ਾਂ, ਸੰਦੇਸ਼ਾਂ ਤੇ ਹੁਕਮਨਾਮਿਆਂ ਨੂੰ ਮੰਨਦੇ ਹਨ। ਇਸ ਪ੍ਰਸੰਗ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਅਹੁਦਾ ਬੇਹੱਦ ਸਤਿਕਾਰਤ ਹੈ। ਮੌਜੂਦਾ ਸਮੇਂ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਨੂੰ ਲੈ ਕੇ ਪੰਥ ਅੰਦਰ ਇਕ ਵੱਡੀ ਚਰਚਾ ਚੱਲ ਰਹੀ ਹੈ। ਅੱਜ ਦਾ ਜਨਰਲ ਇਜਲਾਸ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ ਤੇ ਸੇਵਾ ਮੁਕਤੀ ਸਬੰਧੀ ਨਿਯਮ ਨਿਰਧਾਰਤ ਕਰਨ ਦੀ ਪ੍ਰਵਾਨਗੀ ਦਿੰਦਾ ਹੈ।
ਜਨਰਲ ਇਜਲਾਸ ਇਸ ਕਾਰਜ ਲਈ ਪੰਥਕ ਨੁਮਾਇੰਦਿਆਂ ਦੀ ਇਕ ਉੱਚ ਪੱਧਰੀ ਕਮੇਟੀ ਗਠਿਤ ਕਰਨ ਨੂੰ ਵੀ ਪ੍ਰਵਾਨਗੀ ਦਿੰਦਾ ਹੈ। ਸ਼੍ਰੋਮਣੀ ਕਮੇਟੀ ਦੇ ਵਿਰੋਧੀ ਮੈਂਬਰਾਂ ਵੱਲੋਂ ਇਸ ਮਤੇ ਨੂੰ ਰੱਦ ਕਰਨ ਲਈ ਲਿਖਤੀ ਰੂਪ ਵਿੱਚ ਦਿੱਤਾ ਗਿਆ ਹੈ ਉੱਥੇ ਹੀ ਦਮਦਮੀ ਟਕਸਾਲ ਵੱਲੋਂ ਧਰਨਾ ਲਗਾਇਆ ਜਾ ਰਿਹਾ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਵਿਰੋਧੀ ਧਿਰ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਇਜਲਾਸ ਵਿੱਚ ਆਪਣੀ ਕੋਈ ਸੁਣਵਾਈ ਨਾ ਹੋਣ ’ਤੇ ਇਜਲਾਸ ਵਿਚੋਂ ਵਾਕਆਊਟ ਕਰ ਦਿੱਤਾ। ਉਨ੍ਹਾਂ ਨੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਆ ਕੇ ਧਰਨਾ ਦਿੱਤਾ ਹੈ।
ਧਰਨਾਕਾਰੀਆਂ ਵਿੱਚ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸੁਖਦੇਵ ਸਿੰਘ ਭੌਰ, ਭਾਈ ਮਨਜੀਤ ਸਿੰਘ, ਬੀਬੀ ਕਿਰਨਜੋਤ ਕੌਰ ਤੇ ਹੋਰ ਸ਼ਾਮਿਲ ਹਨ। ਉਨ੍ਹਾਂ ਨੇ ਆਖਿਆ ਕਿ ਉਹ ਬਜਟ ਇਜਲਾਸ ਦੌਰਾਨ ਜਥੇਦਾਰਾਂ ਦੀ ਬਹਾਲੀ ਦੇ ਸਬੰਧ ਵਿੱਚ ਮਤਾ ਪੇਸ਼ ਕਰਨਾ ਚਾਹੁੰਦੇ ਸਨ, ਪਰ ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਇਸ ਦੇ ਮੱਦੇਨਜ਼ਰ ਅੰਮ੍ਰਿਤਸਰ ਵਿੱਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਰੋਸ ਪ੍ਰਦਰਸ਼ਨ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਸੁਰੱਖਿਆ ਦੇ ਪ੍ਰਬੰਧ ਪੁਖਤਾ ਕੀਤੇ ਗਏ ਹਨ।
ਐਸਜੀਪੀਸੀ ਦੇ ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਨੇ 1386 ਕਰੋੜ 47 ਲੱਖ ਦਾ ਬਜਟ ਪੇਸ਼ ਕੀਤਾ। ਪ੍ਰਧਾਨ ਸਾਹਿਬ ਅਤੇ ਮੈਂਬਰ ਸਾਹਿਬਾਨਾਂ ਦੇ ਸਫ਼ਰ ਖਰਚ ਲਈ ਇਸ ਸਾਲ ਵੀ 90 ਲੱਖ ਰੁਪਏ ਹੀ ਰੱਖੇ ਗਏ ਹਨ। ਬਜਟ 'ਚ ਲੋੜਵੰਦਾਂ, ਗਰੀਬਾਂ, ਗਰੀਬ ਸਿੱਖ ਵਿਦਿਆਰਥੀਆਂ, ਮੀਰੀ ਪੀਰੀ ਮੈਡੀਕਲ ਕਾਲਜ, ਸ਼ਾਹਬਾਦ ਮਾਰਕੰਡਾ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਸ੍ਰੀ ਫਤਹਿਗੜ ਸਾਹਿਬ ਲਈ ਅਤੇ ਵਿਦਿਅਕ ਅਦਾਰਿਆਂ ਦੀਆਂ ਇਮਾਰਤਾਂ ਦੀ ਸਾਂਭ-ਸੰਭਾਲ, ਮੁਰੰਮਤਾਂ, ਰੰਗ ਰੋਗਨ ਆਦਿ ਨੂੰ ਸਹਾਇਤਾ ਦੇਣ ਲਈ 21 ਕਰੋੜ 50 ਲੱਖ ਰੁਪਏ ਰੱਖੇ ਗਏ ਹਨ। ਇਸ ਤੋਂ ਇਲਾਵਾ ਬਜਟ ਵਿੱਚ ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ ਚੰਡੀਗੜ੍ਹ ਦੇ ਖਰਚ ਲਈ ਸਮੇਤ ਸਟਾਫ ਦੀਆਂ ਤਨਖਾਹਾਂ 87 ਲੱਖ 50 ਹਜ਼ਾਰ ਰੁਪਏ ਰੱਖੇ ਗਏ ਹਨ। ਮੁਲਾਜ਼ਮਾਂ ਦੇ ਸਫ਼ਰ ਖਰਚ ਲਈ 65 ਲੱਖ ਰੁਪਏ ਰੱਖੇ ਗਏ ਹਨ।
ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਸਾਹਿਬਾਨ ਨਾਲ ਸਬੰਧਤ ਅਦਾਰਿਆਂ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਲਈ 30 ਕਰੋੜ ਸੱਤਰ ਲੱਖ ਰੁਪਏ ਰੱਖੇ ਗਏ ਹਨ। ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਮੁਲਾਜ਼ਮਾਂ ਦੀਆਂ ਤਨਖਾਹਾਂ, ਸਫਰ ਖਰਚ, ਮੁਕੱਦਮਿਆਂ ਦੇ ਖ਼ਰਚ, ਆਡਿਟ ਫੀਸ, ਡਾਕ ਖ਼ਰਚ, ਗੱਡੀਆਂ ਦੇ ਖ਼ਰਚ, ਇਮਾਰਤਾਂ ਦੇ ਖਰਚ, ਅਤੇ ਸਹਾਇਤਾ ਆਦਿ ਇਸ ਫੰਡ ਦੇ ਮੁੱਖ ਖਰਚੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਵਿੱਚ ਗੁਰਦੁਆਰਾ ਸਾਹਿਬਾਨ ਨਾਲ ਸਬੰਧਤ ਅਤੇ ਪੰਥਕ ਮੁਕੱਦਮਿਆਂ ਦੀ ਪੈਰਵੀ ਲਈ 1 ਕਰੋੜ 80 ਲੱਖ ਰੁਪਏ ਅਤੇ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਪੈਰਵੀ ਲਈ 30 ਲੱਖ ਰੁਪਏ ਵੱਖਰੇ ਸ਼ਹੀਦੀ ਫੰਡ ਵਿੱਚ ਵੀ ਰੱਖੇ ਗਏ ਹਨ। ਇਨ੍ਹਾਂ ਕਾਰਜਾਂ ਲਈ ਵਿਸ਼ੇਸ਼ ਫੰਡ ਰਾਖਵੇਂ ਕੀਤੇ ਗਏ ਹਨ। ਸਾਲ 2025-26 ਲਈ ਜਨਰਲ ਬੋਰਡ ਫੰਡ ਦਾ ਕੁੱਲ ਬਜਟ 86 ਕਰੋੜ ਰੁਪਏ ਦਾ ਹੈ।