Sri Anandpur Sahib/ਬਿਮਲ ਸ਼ਰਮਾ: ਬੀਤੇ ਦਿਨੀਂ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਢੇਰ ਵਿਖੇ ਪੰਜਾਬ ਰੋਡਵੇਜ਼ ਦੇ ਨੰਗਲ ਡੀਪੂ ਦੇ ਇੱਕ ਕੰਡਕਟਰ ਨਾਲ ਹੋਈ ਮਾਰ ਕੁਟਾਈ ਨੂੰ ਲੈ ਕੇ ਰੋਡਵੇਜ਼ ਯੂਨੀਅਨ ਵੱਲੋਂ ਨੰਗਲ ਦੇ ਡੀਪੂ ਦੇ ਵਿੱਚ ਹੜਤਾਲ ਕੀਤੀ ਗਈ ਸੀ। ਪੁਲਿਸ ਪ੍ਰਸ਼ਾਸ਼ਨ ਇਸ ਮਾਮਲੇ ਨੂੰ ਜਲਦ ਤੋਂ ਜਲਦ ਸੁਲਝਾਉਣ ਲਈ ਪਿਛਲੇ ਤਿੰਨ ਦਿਨਾਂ ਤੋਂ ਲੱਗੇ ਹੋਏ ਸਨ। ਸਵੇਰ ਤੋਂ ਹੀ ਮਾਮਲਾ ਸੁਲਝਾਉਣ ਲਈ ਥਾਣਾ ਮੁਖੀ ਅਨੰਦਪੁਰ ਸਾਹਿਬ ਤੇ ਨੰਗਲ ਥਾਣਾ ਮੁਖੀ ਦੀਆਂ ਅੱਜ ਪੂਰਾ ਦਿਨ ਕਈ ਮੀਟਿੰਗਾਂ ਰੋਡਵੇਜ਼ ਜੀ ਐੱਮ ਨਾਲ ਹੋਈਆਂ ਤੇ ਦੇਰ ਸ਼ਾਮ ਹੋਏ ਫੈਸਲੇ ਦੌਰਾਨ ਜਿੱਥੇ ਕੰਡਕਟਰ ਨਾਲ ਮਾਰ ਕੁਟਾਈ ਕਰਨ ਵਾਲੇ ਸ਼ਰਾਰਤੀ ਅੰਸਰਾਂ ਵੱਲੋਂ ਡੀਪੂ ਵਿੱਚ ਜਾ ਕੇ ਮਾਫੀ ਮੰਗੀ ਗਈ। ਉਥੇ ਹੀ ਤਿੰਨ ਦਿਨਾਂ ਵਿੱਚ ਬੱਸਾਂ ਨਾ ਚੱਲਣ ਕਰਕੇ ਰੋਡਵੇਜ਼ ਦਾ ਜੋ ਮਾਲੀ ਨੁਕਸਾਨ ਹੋਇਆ ਉਸ ਦੀ ਭਰਪਾਈ ਵੀ ਇਹਨਾਂ ਸ਼ਰਾਰਤੀ ਅੰਸਰਾਂ ਅਤੇ ਪਿੰਡ ਵਾਸੀਆਂ ਵੱਲੋਂ ਕੀਤੀ ਜਾਵੇਗੀ ।
ਜ਼ਿਕਰਯੋਗ ਹੈ ਕਿ 29 ਨਵੰਬਰ ਨੂੰ ਜਦੋਂ ਪੰਜਾਬ ਰੋਡਵੇਜ਼ ਦੀ ਬੱਸ ਰੋਪੜ ਤੋਂ ਨੰਗਲ ਜਾ ਰਹੀ ਸੀ ਤਾਂ ਕਰੀਬ ਸਾਢੇ ਅੱਠ ਸਵੇਰ ਸਮੇਂ ਨੰਗਲ ਸ੍ਰੀ ਅਨੰਦਪੁਰ ਸਾਹਿਬ ਨੈਸ਼ਨਲ ਹਾਈਵੇ ਤੇ ਪਿੰਡ ਢੇਰ ਕੋਲ ਕੁਝ ਸ਼ਰਾਰਤੀ ਅਨਸਰ ਬੱਸ ਵਿੱਚ ਚੜ੍ਹੇ ਅਤੇ ਉਨ੍ਹਾਂ ਵੱਲੋਂ ਬੱਸ ਦੇ ਕੰਡਕਟਰ ਮਨਪ੍ਰੀਤ ਸਿੰਘ ਨੂੰ ਬੱਸ ‘ਚੋਂ ਉਤਾਰ ਕੇ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ ਗਿਆ। ਇਹਨਾਂ ਸ਼ਰਾਰਤੀ ਅੰਸਰਾਂ ਨੇ ਕਿਹਾ ਕਿ ਉਕਤ ਬੱਸ ਦੇ ਕੰਡਕਟਰ ਨੇ ਇੱਕ ਲੜਕੀ ਨਾਲ ਬਦਤਮੀਜ਼ੀ ਕੀਤੀ ਜਿਸਨੂੰ ਲੈ ਕੇ ਇਸਦੀ ਮਾਰ ਕੁਟਾਈ ਹੋਈ ਹੈ ਪਰ ਮਾਮਲਾ ਕੁਝ ਹੋਰ ਹੀ ਸੀ। ਹਸਪਤਾਲ ‘ਚ ਦਾਖ਼ਲ ਕੰਡਕਟਰ ਮਨਪ੍ਰੀਤ ਸਿੰਘ ਨੇ ਆਪਣੇ ਉੱਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਕੁਝ ਸਵਾਰੀਆਂ ਪਿੰਡ ਭਨੂਪਲੀ ਅਤੇ ਢੇਰ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਚੜਦੀਆਂ ਹਨ, ਕੁਝ ਕੁ ਕਿਲੋਮੀਟਰ ਦਾ ਰਸਤਾ ਹੋਣ ਤੇ ਚਲਦਿਆਂ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਜੋ ਬੱਸ ਉਨ੍ਹਾਂ ਦੀ ਬੱਸ ਪਿੱਛੇ ਆਉਂਦੀ ਹੈ, ਤੁਸੀਂ ਉਸ ਵਿੱਚ ਬੈਠ ਜਾਇਆ ਕਰੋਂ ਕਿਉਂਕਿ ਅਸੀਂ ਲੰਬੇਂ ਰੂਟ ਨੂੰ ਜਾਣਾ ਹੁੰਦਾ ਹੈ, ਬਸ ਇੰਨੀ ਕੂ ਗੱਲ ਤੇ ਉਨ੍ਹਾਂ ਮੇਰੇ ਨਾਲ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ।
ਉੱਥੇ ਹੀ ਦੂਜੇ ਪਾਸੇ ਨੰਗਲ ਡੀਪੂ ਯੂਨੀਅਨ ਕੰਡਕਟਰ ਨਾਲ ਹੋਈ ਮਾਰ ਕੁਟਾਈ ਨੂੰ ਲੈ ਕੇ ਭੜਕ ਗਏ ਤੇ ਉਨ੍ਹਾਂ 29 ਨਵੰਬਰ ਨੂੰ ਪੁਲਿਸ ਨੂੰ ਅਲਟੀਮੇਟਮ ਦਿੱਤਾ ਕਿ ਬਣਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸੰਘਰਸ਼ ਉਲੀਕਿਆ ਜਾਵੇ ਤੇ ਉਨ੍ਹਾਂ 30 ਨਵੰਬਰ ਤੋਂ ਹੀ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨਾ ਚਲਾਉਣ ਦੀ ਕਾਲ ਦਿੱਤੀ ਤੇ ਮਾਮਲਾ ਨਾ ਸੁਲਝਦਾ ਦੇਖ ਅੱਜ 4 ਅਲੱਗ ਅਲੱਗ ਰੋਡਵੇਜ਼ ਡੀਪੂਆਂ ਤੋਂ ਦਰਜਨਾਂ ਮੈਂਬਰ ਨੰਗਲ ਪਹੁੰਚੇ ਤੇ ਕਿਹਾ ਕਿ ਜੇਕਰ ਮਾਮਲਾ ਨਾ ਸੁਲਝਿਆ ਤਾਂ ਪੰਜਾਬ ਦੇ 29 ਡਿਪੂਆਂ ਵਿੱਚ ਕਾਲ ਕੀਤੀ ਜਾਵੇਗੀ ਕਿ ਪੂਰੇ ਪੰਜਾਬ ਵਿੱਚ ਬੱਸਾਂ ਚਲਾਉਣੀਆਂ ਬੰਦ ਕੀਤੀਆਂ ਜਾਣ ।
ਇਹ ਵੀ ਪੜ੍ਹੋ: PM Modi Chandigarh Visit: ਅੱਜ ਚੰਡੀਗੜ੍ਹ ਆਉਣਗੇ PM ਨਰਿੰਦਰ ਮੋਦੀ, 3 ਨਵੇਂ ਅਪਰਾਧਿਕ ਕਾਨੂੰਨਾਂ ਦੀ ਕਰਨਗੇ ਸਮੀਖਿਆ
ਮਾਮਲਾ ਲਗਾਤਾਰ ਭਖਦਾ ਦੇਖ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਨੂੰ ਜਲਦ ਸੁਲਝਾਉਣਾ ਚਾਹੁੰਦਾ ਸੀ। ਇੱਥੇ ਇਹ ਵੀ ਦੱਸਣਾ ਜਰੂਰੀ ਹੋਵੇਗਾ ਕਿ ਨੰਗਲ ਡੀਪੂ ਵਿੱਚ ਕਰੀਬ 60 ਬੱਸਾਂ ਹਨ, ਜੋ ਕਰੀਬ ਰੋਜ 18000 ਕਿਲੋਮੀਟਰ ਦਾ ਸਫਰ ਤੈਅ ਕਰਦੀਆਂ ਹਨ। ਜਿਨ੍ਹਾਂ ਦੀ ਰੋਜਾਨਾ ਨਕਦ ਕਮਾਈ ਕਰੀਬ ਸਾਢੇ ਸੱਤ ਲੱਖ ਰੁਪਏ ਹੁੰਦੀ ਸੀ, ਅਧਾਰ ਕਾਰਡ ਦੇ ਪੈਸੇ ਬਾਅਦ ਵਿੱਚ ਜੋ ਸਰਕਾਰ ਭੇਜਦੀ ਹੈ, ਉਸਦਾ ਵੱਖ ਤੋਂ ਨੁਕਸਾਨ ਹੋਇਆ ਹੈ। ਤਿੰਨ ਦਿਨ ਵਿੱਚ ਡੀਪੂ ਨੂੰ ਕਰੀਬ ਸਾਢੇ 22 ਲੱਖ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਦੇਹਰਾਦੂਨ, ਹਰਿਦੁਆਰ ਲੰਬੇਂ ਰੂਟ ਦੀਆਂ ਬੱਸਾਂ ਦਾ ਰੋਜ਼ਾਨਾ ਕਰੀਬ 2800 ਰੁਪਏ ਟੈਕਸ ਦਾ ਨੁਕਸਾਨ ਹੋ ਰਿਹਾ ਹੈ। ਮਾਮਲਾ ਕਾਫੀ ਹੱਦ ਤੱਕ ਸੁਲਝਦਾ ਨਜ਼ਰ ਆਇਆ ਪਰ ਵਿਭਾਗ ਨੂੰ ਜੋ ਘਾਟਾ ਪਿਆ ਉਸ ਦੀ ਭਰਪਾਈ ਨੂੰ ਲੈ ਕੇ ਮਾਮਲਾ ਦੇਰ ਸ਼ਾਮ ਤੱਕ ਲਟਕਿਆ ਰਿਹਾ ਪਰ ਪਿੰਡ ਵਾਸੀਆਂ ਵੱਲੋਂ ਉਸਦੀ ਭਰਪਾਈ ਦੇ ਲਈ ਸਹਿਮਤੀ ਜਤਾਈ ਤੇ ਕੰਡਕਟਰ ਨਾਲ ਹੋਈ ਕੁੱਟਮਾਰ ਨੂੰ ਲੈ ਕੇ ਦੂਸਰੇ ਧਿਰ ਵੱਲੋਂ ਲਿਖਤੀ ਰੂਪ ਵਿੱਚ ਸਾਰੀ ਯੂਨੀਅਨ ਸਾਹਮਣੇ ਮਾਫੀ ਮੰਗੀ ਗਈ। ਸਾਰਾ ਮਾਮਲਾ ਸੁਲਝਣ ਤੋਂ ਬਾਅਦ ਨੰਗਲ ਡੀਪੂ ਦੇ ਵਿੱਚ ਕੀਤੀ ਗਈ ਹੜਤਾਲ ਨੂੰ ਖਤਮ ਕੀਤਾ ਗਿਆ ਤੇ ਬੱਸਾਂ ਫਿਰ ਦੁਬਾਰਾ ਤੋਂ ਆਪਣੇ ਆਪਣੇ ਰੂਟ ਤੇ ਚੱਲਣੀਆਂ ਸ਼ੁਰੂ ਹੋ ਗਈਆਂ।