Sri Muktsar Sahib News (ਅਨਮੋਲ ਸਿੰਘ ਵੜਿੰਗ): ਸ਼੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੇ ਪਿੰਡ ਚੱਕ ਮਦਰੱਸੇ ਦੇ ਪਿੰਡ ਵਾਸੀਆਂ ਨੇ ਅੱਜ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਦਫਤਰ ਧਰਨਾ ਲਗਾ ਕੇ ਜ਼ੋਰਦਾਰ ਨਾਅਰੇਬਾਜ਼ੀ। ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਚੱਕ ਮਦਰੱਸੇ ਵਿੱਚ ਕਰੀਬ 70 ਘਰ ਵਾਟਰ ਵਰਕਸ ਪਾਣੀ ਤੋਂ ਵਾਂਝੇ ਹੋਣ ਕਾਰਨ ਕਾਫੀ ਔਖਾ ਸਮਾਂ ਲੰਘਾ ਰਹੇ ਹਨ।
ਲਗਭਗ 1 ਸਾਲ ਹੋ ਚੁੱਕਾ ਹੈ ਉਨ੍ਹਾਂ ਨੂੰ ਪਾਣੀ ਨਸੀਬ ਨਹੀਂ ਹੋਇਆ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ 40 ਸਾਲਾਂ ਤੋਂ ਪਿੰਡ ਮਦਰੱਸੇ ਤੋਂ ਪਾਣੀ ਲੈ ਰਹੇ ਸਨ ਪਰ ਅਚਾਨਕ ਵਿਭਾਗ ਨੇ ਪਾਣੀ ਬੰਦ ਕਰ ਦਿੱਤਾ। ਉਨ੍ਹਾਂ ਨੇ ਕਹਿ ਦਿੱਤਾ ਕਿ ਨਾਲ ਲੱਗਦੇ ਪਿੰਡ ਮਦਰੱਸਾ ਦੇ ਪਿੰਡ ਵਾਸੀਆਂ ਨੇ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਉਹ ਪਾਣੀ ਦਾ ਬਿੱਲ ਵੀ ਭਰ ਰਹੇ ਸਨ ਤੇ ਐਸਡੀਓ ਉਨ੍ਹਾਂ ਤੋਂ ਸਿਕਿਓਰਿਟੀ ਵੀ ਲੈ ਕੇ ਗਏ ਸਨ ਪਰ ਅਚਾਨਕ ਪਾਣੀ ਇੱਕ ਸਾਲ ਤੋਂ ਬੰਦ ਕੀਤਾ ਹੋਇਆ ਹੈ।
ਉਨ੍ਹਾਂ ਦੇ ਪਿੰਡ ਇੱਕ ਵਾਟਰ ਵਰਕਸ ਵੀ ਹੈ ਪਰ ਉਸ ਦੀ ਸਪਲਾਈ ਵਾਲੀਆਂ ਪਾਈਪਾਂ 70 ਤੋਂ 75 ਘਰਾਂ ਨੂੰ ਨਹੀਂ ਪਾਈਆਂ ਗਈਆਂ ਹਨ। ਇਸ ਲਈ ਉਹ ਪਾਣੀ ਲੈਣ ਲਈ 500 ਰੁਪਏ ਟੈਂਕਰ ਦੇ ਰਹੇ ਹਨ। ਪਾਣੀ ਦੀ ਦਿੱਕਤ ਕਾਰਨ ਗੁਜ਼ਾਰਾ ਕਰਨਾ ਕਾਫੀ ਮੁਸ਼ਕਲ ਹੋ ਰਿਹਾ ਹੈ ਜਦ ਉਹ ਇਸ ਸਬੰਧੀ ਐਸਡੀਓ ਦੇ ਨਾਲ ਗੱਲਬਾਤ ਕਰਦੇ ਹਨ ਤਾਂ ਉਨ੍ਹਾਂ ਨੂੰ ਕੋਈ ਵੀ ਜਵਾਬ ਨਹੀਂ ਮਿਲਦਾ।
ਉੱਥੇ ਹੀ ਜਦ ਦੂਜੇ ਪਾਸੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਸਡੀਓ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਇਹ 40 ਸਾਲ ਤੋਂ ਨਾਲ ਲੱਗਦੇ ਪਿੰਡ ਮਦਰੱਸੇ ਤੋਂ ਪਾਣੀ ਲੈ ਰਹੇ ਸਨ ਪਰ ਉਥੋਂ ਦੇ ਪਿੰਡ ਵਾਸੀਆਂ ਨੇ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਦੇ ਕਾਰਨ ਇਹ ਪਾਣੀ ਬੰਦ ਕੀਤਾ ਗਿਆ ਹੈ। ਐਸਡੀਓ ਨੇ ਦੱਸਿਆ ਕਿ ਇਨ੍ਹਾਂ ਦੇ ਪਿੰਡ ਵੀ ਵਾਟਰ ਵਰਕਸ ਬਣੀ ਹੋਈ ਹੈ ਪਰ ਉਸ ਦੇ ਪਾਣੀ ਸਪਲਾਈ ਲਈ ਘਰਾਂ ਤੱਕ ਪਾਈਪਾਂ ਨਹੀਂ ਪਾਈਆਂ ਹੋਈਆਂ ਜਿਸ ਦਾ ਐਸਟੀਮੇਟ ਬਣਾ ਕੇ ਉਨ੍ਹਾਂ ਨੇ ਬੀਡੀਪੀਓ ਨੂੰ ਭੇਜ ਦਿੱਤਾ ਹੈ ਇਹ ਐਸਟੀਮੇਟ ਭੇਜੇ ਨੂੰ ਦੋ ਮਹੀਨੇ ਹੋ ਗਏ ਹਨ।